ਜੇਕਰ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੇ ਸਿਧਾਂਤ ’ਤੇ ਪਹਿਰਾ ਦਿੱਤਾ ਹੁੰਦਾ, ਤਾਂ ਪੰਜਾਬ ਦੇ ਹਾਲਾਤ ਕੁਝ ਹੋਰ ਹੁੰਦੇ: ਕਟਾਰੀਆ
ਮਹਾਰਾਜ ਅਮਨ ਮੁਨੀ ਦੀ ਦੇਖ-ਰੇਖ ਹੇਠ ਹੋਏ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਆਪਣੀ ਪਤਨੀ ਅਨੀਤਾ ਕਟਾਰੀਆ ਸਮੇਤ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸਰਬ ਧਰਮ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।
Publish Date: Tue, 18 Aug 2026 10:38 AM (IST)
Updated Date: Tue, 18 Aug 2026 10:41 AM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ। ਜੈਨ ਸਮਾਜ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸੁਤੰਤਰਤਾ ਦਿਵਸ ਮੌਕੇ ਨਸ਼ਾ ਮੁਕਤ ਯੁਵਾ ਜਾਗਰਣ ਸੰਕਲਪ ਸਮਾਰੋਹ ਅਤੇ ਪੂਜਨੀਕ ਗੁਰਦੇਵ ਸ੍ਰੀ ਪ੍ਰੇਮ ਮੁੱਖ ਜੀ ਮਹਾਰਾਜ ਦੀ 29ਵੀਂ ਸਾਲਾਨਾ ਬਰਸੀ ਮੌਕੇ ਮੰਡੀ ਮੁੱਲਾਂਪੁਰ ਵਿਖੇ ਸਮਾਗਮ ਕਰਵਾਇਆ ਗਿਆ।
ਮਹਾਰਾਜ ਅਮਨ ਮੁਨੀ ਦੀ ਦੇਖ-ਰੇਖ ਹੇਠ ਹੋਏ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਆਪਣੀ ਪਤਨੀ ਅਨੀਤਾ ਕਟਾਰੀਆ ਸਮੇਤ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸਰਬ ਧਰਮ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਰਾਜਪਾਲ ਕਟਾਰੀਆ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਪੰਜਾਬ ਦੀ ਧਰਤੀ ’ਤੇ ਚਿੱਟੇ ਸਮੇਤ ਹੋਰਨਾਂ ਨਸ਼ਿਆਂ ਦਾ ਵਗ ਰਿਹਾ ਦਰਿਆ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੰਜਾਬ ਨੇ ਹਰ ਖੇਤਰ ਵਿੱਚ ਦੇਸ਼ ਦੀ ਤਰੱਕੀ ਅਤੇ ਉੱਨਤੀ ਲਈ ਇਤਿਹਾਸਕ ਯੋਗਦਾਨ ਪਾਇਆ ਹੈ।
ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਸ਼ਹੀਦ ਊਧਮ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਦਾ ਵਿਸ਼ੇਸ਼ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਝੁੱਕਣਾ ਨਹੀਂ, ਸਗੋਂ ਅਣਖ, ਗੈਰਤ ਅਤੇ ਮਜਲੂਮਾਂ ਦੀ ਰੱਖਿਆ ਲਈ ਲੜਨਾ ਜਾਣਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸਿਧਾਂਤ ’ਤੇ ਪਹਿਰਾ ਨਹੀਂ ਦੇ ਸਕੇ। ਜੇਕਰ ਇਸ ਸਿਧਾਂਤ ਨੂੰ ਜੀਵਨ ਵਿੱਚ ਅਪਣਾਇਆ ਹੁੰਦਾ ਤਾਂ ਅੱਜ ਪੰਜਾਬ ਦੇ ਹਾਲਾਤ ਹੋਰ ਹੁੰਦੇ।
ਨਸ਼ਿਆਂ ਦੇ ਅੰਕੜਿਆਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦੀ ਤਿੰਨ ਕਰੋੜ ਦੀ ਆਬਾਦੀ ਵਿੱਚੋਂ 60 ਲੱਖ ਨਸ਼ੇੜੀਆਂ ਦੀ ਗਿਣਤੀ ਸੂਬੇ ਦਾ ਦਰਦ ਬਿਆਨ ਕਰਦੀ ਹੈ। ਉਨ੍ਹਾਂ ਬੇਰੁਜ਼ਗਾਰੀ ਨੂੰ ਵੀ ਵੱਡੀ ਸਮੱਸਿਆ ਦੱਸਿਆ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਨਸ਼ਾ ਮੁਕਤ ਪੰਜਾਬ ਦੀ ਵਕਾਲਤ ਕੀਤੀ। ਉਨ੍ਹਾਂ ਦੱਸਿਆ ਕਿ 72 ਹਜ਼ਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ।
72 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ ਕਰਨ ਦਾ ਦਾਅਵਾ
ਰਾਜਪਾਲ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ 72 ਹਜ਼ਾਰ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਉਨ੍ਹਾਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਨਸ਼ਿਆਂ ਤੋਂ ਵਿੱਦਿਆ ਦੇ ਮੰਦਰ ਵੀ ਨਹੀਂ ਬਚੇ
ਮਹਾਰਾਜ ਅਮਨ ਮੁਨੀ ਨੇ ਕਿਹਾ ਕਿ ਨਸ਼ਿਆਂ ਦਾ ਪ੍ਰਭਾਵ ਵਿੱਦਿਆ ਦੇ ਮੰਦਰਾਂ ਤੱਕ ਵੀ ਪਹੁੰਚ ਗਿਆ ਹੈ। ਇਨ੍ਹਾਂ ਸੰਸਥਾਵਾਂ ਵਿੱਚ ਲੱਖਾਂ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਸਿੱਖਿਆ ਹਾਸਲ ਕਰਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਪੂਰੇ ਪੰਜਾਬ ਨੂੰ ਇਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ।
ਰਾਜਪਾਲ ਨੇ ਕਿਹਾ ਕਿ ਦੁਨੀਆਂ ਦੀ ਕੋਈ ਤਾਕਤ ਭਾਰਤ ਅਤੇ ਪੰਜਾਬ ਦੀ ਸੰਸਕ੍ਰਿਤੀ ਨੂੰ ਮਿਟਾ ਨਹੀਂ ਸਕਦੀ। ਇਸ ਮੌਕੇ ਹਾਜ਼ਰੀਨ ਕੋਲੋਂ ਹੱਥ ਖੜ੍ਹੇ ਕਰਵਾ ਕੇ ਨਸ਼ਾ ਮੁਕਤ ਅਤੇ ਨਰੋਏ ਸਮਾਜ ਦੀ ਸਿਰਜਣਾ ਦਾ ਸੰਕਲਪ ਲਿਆ ਗਿਆ। ਸਮਾਗਮ ਦੇ ਆਯੋਜਕ ਅਮਨ ਮੁਨੀ ਨੇ ਰਾਜਪਾਲ ਅਤੇ ਉਨ੍ਹਾਂ ਦੀ ਪਤਨੀ ਦਾ ਸਵਾਗਤ ਕਰਦਿਆਂ ਸਨਮਾਨ ਕੀਤਾ।