ਪੰਜਾਬ ਸਰਕਾਰ ਹੁਣ ਦਿੱਲੀ ਤੋਂ ਚੱਲਦੀ ਹੈ, ਕਾਨੂੰਨ-ਵਿਵਸਥਾ ਨੂੰ ਲੈ ਕੇ ਬਾਦਲ ਦਾ ਸਰਕਾਰ 'ਤੇ ਤਿੱਖਾ ਹਮਲਾ
ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਫੈਸਲਿਆਂ ਵਿੱਚ ਦਿੱਲੀ ਦੀ ਦਖ਼ਲਅੰਦਾਜ਼ੀ ਹੈ ਅਤੇ ਸੂਬੇ ਦੀ ਸਰਕਾਰ ਹੁਣ ਦਿੱਲੀ ਤੋਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੀ ਭੂਮਿਕਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਪੰਜਾਬ ਵਿੱਚ ਨਸ਼ੇ ਅਤੇ ਗੈਂਗਸਟਰਵਾਦ ਕਾਰਨ ਪੈਦਾ ਹੋਈ ਕਥਿਤ ਅਸੁਰੱਖਿਆ ਦਾ ਮੁੱਦਾ ਚੁੱਕਦਿਆਂ ਪੁਲੀਸ ਪ੍ਰਬੰਧ ਵਿੱਚ ਸਿਆਸੀ ਦਖ਼ਲ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ।
Publish Date: Mon, 05 Oct 2026 08:54 AM (IST)
Updated Date: Mon, 05 Oct 2026 08:57 AM (IST)
ਸੱਤਪਾਲ ਕਾਲਾਬੂਲਾ/ਰਣਵੀਰ ਰਾਣਾ, ਪੰਜਾਬੀ ਜਾਗਰਣ, ਮਾਲੇਰਕੋਟਲਾ/ਅਮਰਗੜ੍ਹ। ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਖਾਨਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਜੱਸੀ ਮਾਨਵੀ ਦੀ ਅਗਵਾਈ ਹੇਠ ‘ਪੰਜਾਬ ਬਚਾਓ’ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸੇਧਿਆ।
ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਫੈਸਲਿਆਂ ਵਿੱਚ ਦਿੱਲੀ ਦੀ ਦਖ਼ਲਅੰਦਾਜ਼ੀ ਹੈ ਅਤੇ ਸੂਬੇ ਦੀ ਸਰਕਾਰ ਹੁਣ ਦਿੱਲੀ ਤੋਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੀ ਭੂਮਿਕਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਪੰਜਾਬ ਵਿੱਚ ਨਸ਼ੇ ਅਤੇ ਗੈਂਗਸਟਰਵਾਦ ਕਾਰਨ ਪੈਦਾ ਹੋਈ ਕਥਿਤ ਅਸੁਰੱਖਿਆ ਦਾ ਮੁੱਦਾ ਚੁੱਕਦਿਆਂ ਪੁਲੀਸ ਪ੍ਰਬੰਧ ਵਿੱਚ ਸਿਆਸੀ ਦਖ਼ਲ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੰਜਾਬ, ਪੰਥ ਅਤੇ ਸੂਬੇ ਦੇ ਹਿੱਤਾਂ ਨਾਲ ਜੁੜਿਆ ਹੈ। ਪਾਰਟੀ ਸਾਰੇ ਧਰਮਾਂ ਤੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸ਼ਾਂਤੀ, ਭਾਈਚਾਰਕ ਸਾਂਝ ਅਤੇ ਆਪਸੀ ਵਿਸ਼ਵਾਸ ਜ਼ਰੂਰੀ ਹੈ।
ਬਾਦਲ ਨੇ ਪਿਛਲੀਆਂ ਅਕਾਲੀ ਸਰਕਾਰਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਬਿਜਲੀ ਉਤਪਾਦਨ, ਸੜਕੀ ਢਾਂਚੇ, ਪੇਂਡੂ ਮੰਡੀਆਂ ਅਤੇ ਸਿੰਚਾਈ ਸਮੇਤ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਜੱਸੀ ਮਾਨਵੀ ਅਤੇ ਉਨ੍ਹਾਂ ਦੀ ਟੀਮ ਨੂੰ ਰੈਲੀ ਦੇ ਪ੍ਰਬੰਧਾਂ ਲਈ ਵਧਾਈ ਦਿੱਤੀ।
ਜੱਸੀ ਮਾਨਵੀ ਨੇ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਵਰਕਰ ਪਿੰਡ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਸੰਪਰਕ ਵਧਾਉਣ ਲਈ ਸਰਗਰਮ ਹਨ।
ਇਸ ਮੌਕੇ ਸਰਬਜੀਤ ਸਿੰਘ ਝਿੰਜਰ, ਅਰਵਿੰਦ ਖੰਨਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਾਹਿਦਾ ਸੁਲੇਮਾਨ, ਪਰਮਜੀਤ ਕੌਰ ਵਿਰਕ, ਭੁਪਿੰਦਰ ਸਿੰਘ ਭਲਵਾਨ, ਜਸਬੀਰ ਸਿੰਘ ਦਿਓਲ, ਹਰਦੇਵ ਸਿੰਘ ਸੇਹਕੇ, ਇਰਫਾਨ ਰੋਹੀੜਾ, ਲੋਪਿੰਦਰ ਸਿੰਘ ਲੋਪੀ ਮਾਣਕ ਮਾਜਰਾ, ਮਨਸ਼ਾਂਤ ਸਿੰਘ ਜਲਾਲਗੜ੍ਹ ਤੇ ਰਾਮ ਸਿੰਘ ਮੰਨਵੀ ਹਾਜ਼ਰ ਸਨ।