ਗੁਰਦੁਆਰਾ ਸ੍ਰੀ ਗੋਪਾਲਸਰ ’ਤੇ ਹੋਈ ਫਾਇਰਿੰਗ ਦੀ ਸਿਆਸੀ ਪਾਰਟੀਆਂ ਨੇ ਕੀਤੀ ਨਿੰਦਾ ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਚੱਲਿਆ ਪਿਸਤੌਲ
Publish Date: Tue, 27 Oct 2026 07:06 PM (IST)
Updated Date: Tue, 27 Oct 2026 07:07 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਨੇੜਲੇ ਪਿੰਡ ਗਗੜਾ ਦੇ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਵਿਖੇ ਬੀਤੀ ਅੱਧੀ ਰਾਤ ਨੂੰ ਆਏ ਨਕਾਬਪੋਸ਼ ਨੂੰ ਫਾਇਰਿੰਗ ਕਰਨ ਲਈ ਕਾਫੀ ਜੱਦੋਜਹਿਦ ਕਰਨੀ ਪਈ। ਉਸ ਵੱਲੋਂ ਗੇਟ ’ਤੇ ਧਮਕੀ ਪੱਤਰ ਟੰਗਣ ਤੋਂ ਬਾਅਦ ਪਿਸਤੌਲ ਨਾਲ ਫਾਇਰਿੰਗ ਕਰਨੀ ਚਾਹੀ ਤਾਂ ਕਈ ਵਾਰ ਕੋਸ਼ਿਸ਼ਾਂ ਤੋਂ ਬਾਅਦ ਦੋ ਰਾਊਂਡ ਫਾਇਰ ਹੋਏ। ਜਿਸ ਤੋਂ ਬਾਅਦ ਉਹ ਪੈਦਲ ਹੀ ਵਾਪਸ ਮੁੜ ਜਾਂਦਾ ਹੈ। ਗੁਰਦੁਆਰਾ ਸਾਹਿਬ ’ਤੇ ਹੋਈ ਫਾਇਰਿੰਗ ਦੀ ਘਟਨਾ ਇਲਾਕੇ ਵਿਚ ਜੰਗਲ ਦੀ ਅੱਗ ਤਰ੍ਹਾਂ ਫੈਲ ਗਈ, ਜਿਸ ਤੋਂ ਬਾਅਦ ਜਿੱਥੇ ਵੱਡੀ ਗਿਣਤੀ ’ਚ ਸੰਗਤਾ ਪੁੱਜੀਆਂ, ਉਥੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਪਹੁੰਚ ਕੇ ਇਸ ਘਟਨਾ ਦੀ ਨਿੰਦਾ ਕੀਤੀ। ਜਗਰਾਓਂ ਪੁਲਿਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਬਣਾ ਕੇ ਜੁਟ ਗਈ ਹੈ। -- -ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ-ਐੱਸਐੱਸਪੀ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ’ਤੇ ਫਾਇਰਿੰਗ ਕਰਨ ਪਿੱਛੇ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਲੱਗਦਾ ਹੈ। ਜਿਸ ਨੇ ਰੰਜਿਸ਼ ਵਜੋਂ ਪਹਿਲਾਂ ਧਮਕੀ ਪੱਤਰ ਵੀ ਟੰਗਿਆ। ਇਸ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਜੁਟ ਗਈਆਂ ਹਨ। ਇਸ ਦੇ ਲਈ ਸੀਸੀਟੀਵੀ ਕੈਮਰੇ ਖੰਗਾਲਣ ਦੇ ਨਾਲ ਟੈਕਨੀਕਲ ਟੀਮ ਵੀ ਘਟਨਾ ਨੂੰ ਸੁਲਝਾਉਣ ਲਈ ਬੀਤੀ ਰਾਤ ਤੋਂ ਹੀ ਕੰਮ ਕਰ ਰਹੀ ਹੈ। --- ਗੋਲੀਆਂ ਗੁਰਦੁਆਰਾ ਸਾਹਿਬ ਦੀ ਕੰਧ ’ਤੇ ਨਹੀਂ, ਦਿਲ ’ਤੇ ਲੱਗੀਆਂ ਹਨ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਫਾਇਰਿੰਗ ਸ੍ਰੀ ਸੱਚਖੰਡ ਸਾਹਿਬ ਦੀ ਕੰਧ ’ਤੇ ਨਹੀਂ, ਉਨ੍ਹਾਂ ਦੇ ਦਿਲ ’ਤੇ ਲੱਗੀਆਂ ਹਨ। ਧਮਕੀ ਪੱਤਰ ’ਚ ਅਕਾਲੀ-ਭਾਜਪਾਈਆਂ ਨੂੰ ਸਨਮਾਨਿਤ ਕਰਨ ’ਤੇ ਬਾਬਾ ਅਮਰਜੀਤ ਸਿੰਘ ਨੇ ਕਿਹਾ ਕਿ ਗੁਰੂ ਘਰ ਸਭ ਦੇ ਸਾਂਝੇ ਹਨ, ਇਥੇ ਨਤਮਸਤਕ ਹੋਣ ਵਾਲੇ ਹਰ ਸ਼ਰਧਾਲੂ ਦਾ ਸਵਾਗਤ ਹੈ। ਇਸ ਪਿੱਛੇ ਉਹ ਕਿਸ ਪਾਰਟੀ ਦਾ ਹੈ, ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਇਸ ਘਟਨਾ ਦੀ ਸੂਚਨਾ ਮਿਲਣ ’ਤੇ ਸਮੇਂ ਸਿਰ ਜਗਰਾਓਂ ਪੁਲਿਸ ਦੇ ਪਹੁੰਚਣ ’ਤੇ ਧੰਨਵਾਦ ਵੀ ਕੀਤਾ। - ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਕਿਸੇ ਇੱਕ ਪਾਰਟੀ ਦਾ ਨਹੀਂ, ਸਭ ਦਾ ਸਾਂਝਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਫਾਇਰਿੰਗ ਮਾਮਲੇ ਦੀ ਨਿੰਦਾ ਕਰਦਿਆਂ ਧਮਕੀ ਪੱਤਰ ਵਿਚ ਅਕਾਲੀ-ਭਾਜਪਾ ਨੂੰ ਸਨਮਾਨਿਤ ਕਰਨ ਦੀ ਟਿੱਪਣੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਕਿਸੇ ਇੱਕ ਪਾਰਟੀ ਦਾ ਨਹੀਂ, ਸਭ ਦਾ ਸਾਂਝਾ ਹੈ। ਪਿਛਲੇ ਇੱਕ ਦਹਾਕੇ ਤੋਂ ਇੱਥੇ ਸਿੱਖੀ ਅਤੇ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਵੱਡੇ ਵੱਡੇ ਸਮਾਗਮ ਹੋ ਰਹੇ ਹਨ। ਅਜਿਹੇ ਵਿਚ ਗੁਰੂ ਘਰ ਜੋ ਵੀ ਆਉਂਦਾ, ਸਤਿਕਾਰਯੋਗ ਹੈ। ਕਿਸੇ ਵਿਅਕਤੀ ਵਿਸ਼ੇਸ਼ ਨਾਲ ਦੁਸ਼ਮਣੀ ਵੱਖਰੀ ਗੱਲ ਹੈ, ਪਰ ਗੁਰੂ ਘਰ ’ਤੇ ਫਾਇਰਿੰਗ ਨਿੰਦਣਯੋਗ ਹੈ।