ਸਾਇੰਸ ਕਾਲਜ ਦੇ ਫਿਜ਼ੀਕਸ ਵਿਭਾਗ ਨੇ ਲਗਾਇਆ ਸੈਮੀਨਾਰ ਸਾਇੰਸ ਕਾਲਜ ਦੇ ਫਿਜ਼ਿਕਸ ਵਿਭਾਗ ਨੇ ਲਗਾਇਆ ਸੈਮੀਨਾਰ
Publish Date: Sat, 26 Sep 2026 08:07 PM (IST)
Updated Date: Sun, 27 Sep 2026 04:07 AM (IST)
-16 ਜਗਰਾਓਂ ਦੇ ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਵਿਖੇ ਲਗਾਏ ਸੈਮੀਨਾਰ ਦੇ ਬੁਲਾਰੇ ਡਾ: ਜਗਦੀਪ ਸਿੰਘ ਦਾ ਸਨਮਾਨ ਕਰਦੇ ਹੋਏ ਡਾਇਰੈਕਟਰ ਡਾ: ਸੁਮੀਤ ਬਰਾੜ ਤੇ ਫਿਜ਼ਿਕਸ ਵਿਭਾਗ ਮੁਖੀ ਡਾ: ਸਰਬਦੀਪ ਕੌਰ ਸਿੱਧੂ ਨਾਲ ਹਨ ਅਧਿਆਪਕ। ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਵਿਖੇ ਫਿਜ਼ਿਕਸ ਵਿਭਾਗ ਮੁਖੀ ਡਾ: ਸਰਬਦੀਪ ਕੌਰ ਸਿੱਧੂ ਵੱਲੋਂ ਸ਼ਨੀਵਾਰ ‘ਕੁਆਂਟਮ ਫਿਜ਼ਿਕਸ ਨਿਰਧਾਰਿਤ ਨਿਯਮਾਂ ਤੋਂ ਬ੍ਰਹਿਮੰਡੀ ਆਪਸੀ ਸਾਂਝ’ ਵਿਸ਼ੇ ’ਤੇ ਸੈਮੀਨਾਰ ਲਗਾਇਆ ਗਿਆ। ਕਾਲਜ ਡਾਇਰੈਕਟਰ ਡਾ: ਸੁਮੀਤ ਬਰਾੜ ਦੇ ਦਿਸ਼ਾ-ਨਿਰਦੇਸ਼ ਹੇਠ ਲਗਾਏ ਸੈਮੀਨਾਰ ਵਿਚ ਬਤੌਰ ਮੁੱਖ ਬੁਲਾਰਾ ਡਾ: ਜਗਦੀਪ ਸਿੰਘ ਫਿਜ਼ਿਕਸ ਵਿਭਾਗ ਥਾਪਰ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕਰਦਿਆਂ ਕੁਆਂਟਮ ਫਿਜ਼ਿਕਸ ਜਿਸ ਨੂੰ ਕੁਆਂਟਮ ਮਕੈਨਿਕਸ ਵੀ ਕਿਹਾ ਜਾਂਦਾ ਹੈ ਬਾਰੇ ਦੱਸਿਆ ਕਿ ਇਹ ਭੌਤਿਕ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਬ੍ਰਹਮੰਡ ਦੇ ਸਭ ਤੋਂ ਛੋਟੇ ਕਣਾਂ ਐਟਮ, ਇਲੈਕਟ੍ਰਾਨ, ਪ੍ਰੋਟਾਨ ਅਤੇ ਪ੍ਰਕਾਸ਼ ਦੇ ਕਣ ਫੋਟਾਨ ਦੇ ਵਿਵਹਾਰ ਦਾ ਅਧਿਐਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਧਾਰਨ ਸ਼ਬਦਾਂ ਵਿੱਚ ਜਿੱਥੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਨਿਊਟਨ ਦੇ ਨਿਯਮ ਗੁਰੂਤਾਕਰਸ਼ਣ ਕੰਮ ਕਰਦੇ ਹਨ ਉੱਥੇ ਹੀ ਪ੍ਰਮਾਣੂ ਦੇ ਪੱਧਰ ’ਤੇ ਜਾ ਕੇ ਵਿਗਿਆਨ ਦੇ ਨਿਯਮ ਬਿਲਕੁਲ ਬਦਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸੂਖਮ ਦੁਨੀਆ ਦੇ ਨਿਯਮਾਂ ਨੂੰ ਸਮਝਣ ਵਾਲੇ ਵਿਗਿਆਨ ਨੂੰ ਹੀ ਕੁਆਂਟਮ ਫਿਜ਼ਿਕਸ ਕਹਿੰਦੇ ਹਨ ਤੇ ਇਸ ਦੇ ਨਾਲ ਜੁੜੇ ਪੱਖਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਮੁੱਖ ਬੁਲਾਰੇ ਦੁਆਰਾ ਇਸ ਦੇ ਨਾਲ ਹੀ ਕੁਆਂਟਮ ਫਿਜ਼ਿਕਸ ਦੇ ਕੁੱਝ ਅਹਿਮ ਪਹਿਲੂਆਂ ਅਤੇ ਦਿਲਚਸਪ ਸਿਧਾਂਤ ਤੇ ਜਾਣਕਾਰੀ ਦਿੱਤੀ। ਸੈਮੀਨਾਰ ਦੌਰਾਨ ਮੁੱਖ ਬੁਲਾਰੇ ਤੇ ਵਿਦਿਆਰਥੀਆਂ ਵਿਚ ਸੁਆਲ-ਜਵਾਬ ਹੋਏ ਤੇ ਵਿਦਿਆਰਥੀਆਂ ਨੇ ਆਪਣੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਪ੍ਰਾਪਤ ਕੀਤੇ। ਇਸ ਮੌਕੇ ਡਾ: ਸਰਬਦੀਪ ਕੌਰ ਨੇ ਵਿਦਿਆਰਥੀਆਂ ਨੂੰ ਡਾ.ਜਗਦੀਪ ਸਿੰਘ ਨਾਲ ਰੂਬਰੂ ਕਰਵਾਇਆ ਤੇ ਅਕਾਦਮਿਕ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਮੰਚ ਸੰਚਾਲਨ ਵਿਦਿਆਰਥਣ ਜਜੱਸ਼ਵੀ ਭਾਟੀਆ ਤੇ ਕਮਲਦੀਪ ਕੌਰ ਨੇ ਕੀਤਾ। ਫਿਜ਼ਿਕਸ ਵਿਭਾਗ ਦੇ ਪ੍ਰੋ: ਆਕਾਸ਼ਦੀਪ ਕੌਰ ਨੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਡਾਇਰੈਕਟਰ ਡਾ: ਸੁਮੀਤ ਬਰਾੜ ਨੇ ਮੁੱਖ ਬੁਲਾਰੇ ਡਾ: ਜਗਦੀਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਇੰਸ ਦੀ ਅਹਿਮੀਅਤ ਬਾਰੇ ਦੱਸਿਆ। ਇਸ ਮੌਕੇ ਪ੍ਰੋ: ਸਰਬਜੋਤ ਬੇਦੀ, ਪ੍ਰੋ: ਸੁਮਿਤ ਸੋਨੀ, ਪ੍ਰੋ: ਮਨਦੀਪ ਕੌਰ, ਪ੍ਰੋ: ਦਾਨਿਸ਼ ਪੁਰੀ, ਪ੍ਰੋ: ਕੁਲਵਿੰਦਰ ਸਿੰਘ, ਪ੍ਰੋ: ਮਨਪ੍ਰੀਤ ਕੌਰ, ਡਾ: ਗੀਤਾਂਜਲੀ ਚੋਪੜਾ, ਡਾ: ਕਰਮਦੀਪ ਕੌਰ, ਵਿਦਿਆਰਥੀ ਕੌਂਸਲ ਸਮੇਤ ਅਧਿਆਪਕ ਹਾਜ਼ਰ ਸਨ।