ਮਾਤਮ 'ਚ ਬਦਲੀਆਂ ਖ਼ੁਸ਼ੀਆਂ: ਸੜਕ ਹਾਦਸੇ ਨੇ ਖੋਹਿਆ ਘਰ ਦਾ ਚਿਰਾਗ, ਤਿੰਨ ਭੈਣਾਂ ਦੇ ਸਿਰ ਤੋਂ ਉੱਠਿਆ ਭਰਾ ਦਾ ਸਾਇਆ
ਨੰਦਪੁਰ ਇਲਾਕੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਭਿਆਨਕ ਦੁਰਘਟਨਾ ਇੱਕ ਕੈਂਟਰ ਚਾਲਕ ਦੀ ਲਾਪਰਵਾਹੀ ਦੇ ਕਾਰਨ ਇਹ ਘਟਨਾ ਵਾਪਰੀ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਸਾਹਨੇਵਾਲ ਇਲਾਕੇ ਦੇ ਵਾਸੀ ਪਵਨ ਕੁਮਾਰ ਸ਼ਰਮਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
Publish Date: Thu, 07 May 2026 02:50 PM (IST)
Updated Date: Thu, 07 May 2026 02:57 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਨੰਦਪੁਰ ਇਲਾਕੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਇਹ ਭਿਆਨਕ ਦੁਰਘਟਨਾ ਇੱਕ ਕੈਂਟਰ ਚਾਲਕ ਦੀ ਲਾਪਰਵਾਹੀ ਦੇ ਕਾਰਨ ਵਾਪਰੀ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਸਾਹਨੇਵਾਲ ਇਲਾਕੇ ਦੇ ਵਾਸੀ ਪਵਨ ਕੁਮਾਰ ਸ਼ਰਮਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਾਹਨੇਵਾਲ ਕਲਾਂ ਦੇ ਵਾਸੀ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦੋਸਤ ਪਵਨ ਸ਼ਰਮਾ ਨਾਲ ਕੰਮ ਤੋਂ ਘਰ ਆ ਰਿਹਾ ਸੀ। ਉਹ ਦੋਵੇਂ ਆਪੋ-ਆਪਣੇ ਮੋਟਰਸਾਈਕਲਾਂ ’ਤੇ ਸਵਾਰ ਸਨ। ਪਵਨ ਉਸ ਤੋਂ ਥੋੜਾ ਜਿਹਾ ਅੱਗੇ ਚੱਲ ਰਿਹਾ ਸੀ।
ਪ੍ਰਿੰਸ ਨੇ ਦੱਸਿਆ ਕਿ ਪਵਨ ਜਿਵੇਂ ਹੀ ਨੰਦਪੁਰ ਵਿੱਚ ਪੈਂਦੇ ਭਾਰਤ ਪੈਟਰੋਲ ਪੰਪ ਦੇ ਲਾਗੇ ਪਹੁੰਚਿਆ ਤਾਂ ਇੱਕ ਕੈਂਟਰ ਬਿਨਾਂ ਇੰਟੀਕੇਟਰ ਲਗਾਏ ਸੜਕ ਦੇ ਵਿਚਕਾਰ ਖੜਾ ਹੋਇਆ ਸੀ। ਹਨੇਰਾ ਹੋਣ ਕਾਰਨ ਪਵਨ ਸ਼ਰਮਾ ਨੂੰ ਕੈਂਟਰ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ ਅਤੇ ਉਸਦਾ ਤੇਜ਼ ਰਫਤਾਰ ਮੋਟਰਸਾਈਕਲ ਕੈਂਟਰ ਦੇ ਪਿੱਛੇ ਟਕਰਾ ਗਿਆ।
ਹਾਦਸਾ ਇਸ ਕਦਰ ਭਿਆਨਕ ਸੀ ਕਿ ਪਵਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ ਅਤੇ ਤਿੰਨ ਭੈਣਾਂ ਛੱਡ ਗਿਆ ਹੈ। ਮੌਕਾ ਦੇਖਦੇ ਹੀ ਕੈਂਟਰ ਦਾ ਡਰਾਈਵਰ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਪਵਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ।