- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਕਮਿਸ਼ਨਰ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਕੂੜਾ ਚੁੱਕਣ ਦੇ ਕੰਮ ਦਾ ਕੀਤਾ ਨਿਰੀਖਣ

-ਕੂੜੇ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਹੈਲਪਲਾਈਨ ਨੰਬਰ ਜਾਰੀ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ : ਨਗਰ ਨਿਗਮ ਦੇ ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਣ ਤੋਂ ਤੁਰੰਤ ਬਾਅਦ ਨਗਰ ਨਿਗਮ ਨੇ ਸ਼ਨੀਵਾਰ ਰਾਤ ਨੂੰ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕੂੜਾ ਸਾਫ਼ ਕਰਨ ਲਈ ਦਿਨ-ਰਾਤ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ। ਜਿਸ ਦੀ ਅਗਵਾਈ ਨਗਰ ਨਿਗਮ ਦੇ ਕਮਿਸ਼ਨਰ ਓਜਸਵੀ ਅਲੰਕਾਰ ਨੇ ਕੀਤੀ। ਨਗਰ ਨਿਗਮ ਵੱਲੋਂ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਕੰਮ ਕਰਦੇ ਹੋਏ ਡੰਪ ਸਾਈਟਾਂ ਨੂੰ ਸਾਫ਼ ਕਰਨ ਦੇ ਤਹਿਤ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ। ਨਿਗਮ ਕਮਿਸ਼ਨਰ ਨੇ ਦੁੱਗਰੀ ਨਹਿਰ ਪੁਲ ਨੇੜੇ ਸਟੈਟਿਕ ਕੰਪੈਕਟਰ ਸਾਈਟ, ਚੀਮਾ ਚੌਕ, ਪ੍ਰਤਾਪ ਚੌਕ, ਸਰਕਾਰੀ ਕਾਲਜ ਰੋਡ, ਵਿਸ਼ਵਕਰਮਾ ਚੌਕ ਸਮੇਤ ਹੋਰ ਇਲਾਕਿਆਂ ਦਾ ਨਿਰੀਖਣ ਕੀਤਾ।
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਕਈ ਥਾਵਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ ਅਤੇ ਬਾਕੀ ਥਾਵਾਂ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇੱਕ-ਦੋ ਦਿਨਾਂ ਵਿੱਚ ਸਥਿਤੀ ਆਮ ਵਾਂਗ ਹੋਣ ਦੀ ਉਮੀਦ ਹੈ। ਅਲੰਕਾਰ ਨੇ ਕਿਹਾ ਕਿ ਸਫਾਈ ਕਰਮਚਾਰੀ ਯੂਨੀਅਨਾਂ ਦੀ ਹੜਤਾਲ ਕਾਰਨ ਵੱਖ-ਵੱਖ ਥਾਵਾਂ 'ਤੇ ਕੂੜਾ ਇਕੱਠਾ ਹੋ ਗਿਆ ਸੀ। ਹੜਤਾਲ ਹੁਣ ਖਤਮ ਹੋ ਗਈ ਹੈ, ਇਸ ਲਈ ਸ਼ਹਿਰ ਭਰ ਵਿੱਚ ਵਿਆਪਕ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਲਈ ਵਾਧੂ ਮਸ਼ੀਨਰੀ ਵੀ ਤਾਇਨਾਤ ਕੀਤੀ ਗਈ ਹੈ। ਅਲੰਕਾਰ ਨੇ ਕਿਹਾ ਕਿ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਯਮਤ ਤੌਰ 'ਤੇ ਫੀਲਡ ਵਿੱਚ ਰਹਿਣ ਅਤੇ ਸਥਿਤੀ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਸ ਸਬੰਧ ਵਿੱਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਨਤਾ ਦਾ ਸਮਰਥਨ ਮੰਗਦੇ ਹੋਏ ਨਗਰ ਨਿਗਮ ਕਮਿਸ਼ਨਰ ਨੇ ਨਗਰ ਨਿਗਮ ਅਧਿਕਾਰੀਆਂ ਤੇ ਸਫ਼ਾਈ ਮੁਲਾਜ਼ਮਾਂ ਦੀ ਵੀ ਸ਼ਲਾਘਾ ਕੀਤੀ, ਜੋ ਕੂੜਾ ਸਾਫ਼ ਕਰਨ ਲਈ ਦਿਨ ਰਾਤ ਕੰਮ ਕਰ ਰਹੇ ਹਨ। ਅਲੰਕਾਰ ਨੇ ਅੱਗੇ ਕਿਹਾ ਕਿ ਨਗਰ ਨਿਗਮ ਕੂੜਾ ਹਟਾਉਣ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਜੇਕਰ ਵਸਨੀਕਾਂ ਨੂੰ ਆਪਣੇ ਇਲਾਕੇ ਵਿੱਚ ਕੂੜੇ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਨਗਰ ਨਿਗਮ ਦੇ ਮਾਨਸੂਨ ਹੈਲਪਲਾਈਨ ਨੰਬਰ 90867-91867ਜਾਰੀ ਕੀਤਾ। ਜਿਸ ’ਤੇ ਸ਼ਹਿਰ ਵਾਸੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਸ਼ਿਕਾਇਤ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।