ਨਕਦੀ ਲੁੱਟ ਕੇ ਭੱਜ ਰਹੇ ਬਦਮਾਸ਼ਾਂ ਦਾ ਮੋਟਰਸਾਈਕਲ ਹੋਇਆ ਸਲਿੱਪ; ਆਪਣੀ ਬਾਈਕ ਛੱਡ ਕੇ ਰਾਹਗੀਰ ਕੋਲੋਂ ਐਕਟਿਵਾ ਲੁੱਟ ਕੇ ਫ਼ਰਾਰ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਨਿਊ ਰਾਜਗੁਰੂ ਨਗਰ ਦੇ ਵਾਸੀ ਕਮਲਦੀਪ ਨੇ ਦੱਸਿਆ ਕਿ ਰਾਤ ਕਰੀਬ 9.45 ਵਜੇ ਆਪਣੀ ਐਕਟਿਵਾ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਗੁਰਦੁਆਰਾ ਨਾਨਕਸਰ ਸਾਹਿਬ, ਫਿਰੋਜ਼ਪੁਰ ਰੋਡ ਦੇ ਸਾਹਮਣੇ ਪੁਲ ’ਤੇ ਪੁੱਜਿਆ ਤਾਂ ਦੋ ਸਪਲੈਂਡਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।
Publish Date: Fri, 04 Sep 2026 11:37 AM (IST)
Updated Date: Fri, 04 Sep 2026 11:41 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਦਾਤਰ ਦਿਖਾ ਕੇ ਨੌਜਵਾਨ ਕੋਲੋਂ ਨਕਦੀ ਲੁੱਟ ਕੇ ਜਿਵੇਂ ਹੀ ਬਦਮਾਸ਼ ਫਰਾਰ ਹੋਣ ਲੱਗੇ ਤਾਂ ਬਾਰਿਸ਼ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ। ਬਦਮਾਸ਼ਾਂ ਨੇ ਆਪਣਾ ਮੋਟਰਸਾਈਕਲ ਉੱਥੇ ਹੀ ਸੁੱਟਿਆ ਅਤੇ ਰਾਹ ਜਾਂਦੇ ਇੱਕ ਨੌਜਵਾਨ ਦਾ ਸਕੂਟਰ ਲੁੱਟਿਆ ਅਤੇ ਰਫੂ ਚੱਕਰ ਹੋ ਗਏ। ਇਹ ਸਨਸਨੀ ਖੇਦ ਵਾਰਦਾਤ ਫਿਰੋਜ਼ਪੁਰ ਰੋਡ ’ਤੇ ਪੈਂਦੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਸਾਹਮਣੇ ਪੁਲ ’ਤੇ ਵਾਪਰੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਨਿਊ ਰਾਜਗੁਰੂ ਨਗਰ ਦੇ ਵਾਸੀ ਕਮਲਦੀਪ ਨੇ ਦੱਸਿਆ ਕਿ ਰਾਤ ਕਰੀਬ 9.45 ਵਜੇ ਆਪਣੀ ਐਕਟਿਵਾ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਗੁਰਦੁਆਰਾ ਨਾਨਕਸਰ ਸਾਹਿਬ, ਫਿਰੋਜ਼ਪੁਰ ਰੋਡ ਦੇ ਸਾਹਮਣੇ ਪੁਲ ’ਤੇ ਪੁੱਜਿਆ ਤਾਂ ਦੋ ਸਪਲੈਂਡਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।
ਬਦਮਾਸ਼ਾਂ ਨੇ ਦਾਤਰ ਦਿਖਾ ਕੇ ਉਸ ਦਾ ਪਰਸ ਖੋਹ ਲਿਆ, ਜਿਸ ਵਿੱਚ ਕਰੀਬ 1,000 ਰੁਪਏ ਦੀ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਸਨ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬਾਰਿਸ਼ ਕਾਰਨ ਸੜਕ ’ਤੇ ਥੋੜਾ ਪਾਣੀ ਜਮਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਵੇਂ ਹੀ ਬਦਮਾਸ਼ ਫਰਾਰ ਹੋਣ ਲੱਗੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ।
ਇਸ ਗੱਲ ਨੂੰ ਲੈ ਕੇ ਮੁਲਜ਼ਮ ਬੁਰੀ ਤਰ੍ਹਾਂ ਭੜਕ ਗਏ ਅਤੇ ਉਨ੍ਹਾਂ ਨੇ ਪੁੱਲ ਤੋਂ ਲੰਘ ਰਹੇ ਨੌਜਵਾਨ ਅੰਕੁਰ ਨੂੰ ਘੇਰ ਲਿਆ। ਮੁਲਜ਼ਮਾਂ ਨੇ ਅੰਕੁਰ ਦਾ ਸਕੂਟਰ ਲੁੱਟਿਆ ਅਤੇ ਦਾਤਰ ਮਾਰਨ ਦੀ ਧਮਕੀ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਕਮਲਦੀਪ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਤਸੀਸ਼ੀ ਅਫਸਰ ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਵੇਗੀ। ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।