- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਨਗਰ ਸੁਧਾਰ ਟਰੱਸਟ ਨੇ 35 ਸਾਲ ਪੁਰਾਣਾ ਕਬਜ਼ਾ ਹਟਾ ਕੇ 3000 ਗਜ਼ ਜ਼ਮੀਨ ਕਬਜ਼ਾ ਮੁਕਤ ਕਰਵਾਈ

-ਮਾਡਲ ਟਾਊਨ ਐਕਸਟੈਂਸ਼ਨ ਦੀਆਂ ਦੋ ਦੁਕਾਨਾਂ ਵੀ ਛੁਡਵਾਈਆਂ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਲੁਧਿਆਣਾ ਨਗਰ ਸੁਧਾਰ ਟਰੱਸਟ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਮਹਾਰਿਸ਼ੀ ਵਾਲਮੀਕਿ ਨਗਰ ਡਿਵੈਲਪਮੈਂਟ ਸਕੀਮ (256 ਏਕੜ) ਦੇ ਬਲਾਕ-ਜ਼ੈੱਡ ਵਿੱਚ ਕਰੀਬ 3000 ਵਰਗ ਗਜ਼ ਜ਼ਮੀਨ ਕਬਜ਼ਾ ਮੁਕਤ ਕਰਵਾਈ। ਟਰੱਸਟ ਅਨੁਸਾਰ ਇਸ ਜ਼ਮੀਨ ’ਤੇ ਪਿਛਲੇ ਕਰੀਬ 35 ਤੋਂ 40 ਸਾਲਾਂ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਟਰੱਸਟ ਦੇ ਅਧਿਕਾਰੀਆਂ ਮੁਤਾਬਕ ਕਬਜ਼ਾ ਮੁਕਤ ਕਰਵਾਈ ਜ਼ਮੀਨ ਟਰੱਸਟ ਦੀ ਕੀਮਤੀ ਜਾਇਦਾਦ ਹੈ। ਇਸ ਜ਼ਮੀਨ ਨੂੰ ਭਵਿੱਖ ਵਿੱਚ ਨਿਲਾਮੀ ਰਾਹੀਂ ਵੇਚਣ ਦੀ ਯੋਜਨਾ ਹੈ। ਇਸ ਨਾਲ ਟਰੱਸਟ ਨੂੰ ਚੰਗਾ ਵਿੱਤੀ ਲਾਭ ਹੋਣ ਦੀ ਆਸ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੱਸਟ ਦੀਆਂ ਜਾਇਦਾਦਾਂ ਨੂੰ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਉਨ੍ਹਾਂ ਦੀ ਵਰਤੋਂ ਤੇ ਨਿਲਾਮੀ ਰਾਹੀਂ ਸੰਸਥਾ ਦੀ ਆਮਦਨ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇਸੇ ਕਾਰਵਾਈ ਦੌਰਾਨ ਮਾਡਲ ਟਾਊਨ ਐਕਸਟੈਂਸ਼ਨ ਭਾਗ-2 ਦੇ ਬਲਾਕ-ਡੀ ਵਿੱਚ ਟਰੱਸਟ ਦੀਆਂ ਦੋ ਦੁਕਾਨਾਂ ਨੂੰ ਵੀ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ। ਟਰੱਸਟ ਅਨੁਸਾਰ ਇਨ੍ਹਾਂ ਦੁਕਾਨਾਂ ਨੂੰ ਆਉਣ ਵਾਲੀ ਨਿਲਾਮੀ ਵਿੱਚ ਵੇਚਿਆ ਜਾਵੇਗਾ। ਇਸ ਨਾਲ ਟਰੱਸਟ ਨੂੰ ਮਾਲੀ ਆਮਦਨ ਹੋਣ ਦੀ ਆਸ ਹੈ। ਕਾਰਵਾਈ ਦੌਰਾਨ ਟਰੱਸਟ ਦੇ ਕਾਰਜਕਾਰੀ ਇੰਜੀਨੀਅਰ ਵਿਕਰਮ ਕੁਮਾਰ, ਲਛਿੰਦਰ ਸਿੰਗਲਾ, ਸਹਾਇਕ ਟਰੱਸਟ ਇੰਜੀਨੀਅਰ ਬਲਬੀਰ ਸਿੰਘ, ਜਸਕਰਨਬੀਰ ਸਿੰਘ ਤੋਂ ਇਲਾਵਾ ਸਮੂਹ ਜੂਨੀਅਰ ਇੰਜੀਨੀਅਰ ਤੇ ਫੀਲਡ ਸਟਾਫ ਮੌਜੂਦ ਸੀ।
-ਨਜਾਇਜ਼ ਕਬਜ਼ਾਧਾਰਕ ਖ਼ੁਦ ਕਬਜ਼ੇ ਖ਼ਾਲੀ ਕਰਨ : ਭਿੰਡਰ
ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਟਰੱਸਟ ਦੀਆਂ ਜਾਇਦਾਦਾਂ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਟਰੱਸਟ ਦੀਆਂ ਜਾਇਦਾਦਾਂ ’ਤੇ ਕਬਜ਼ੇ ਕੀਤੇ ਹੋਏ ਹਨ, ਉਹ ਖੁਦ ਹੀ ਤੁਰੰਤ ਕਬਜ਼ੇ ਖਾਲੀ ਕਰ ਦੇਣ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਟਰੱਸਟ ਆਪਣੇ ਪੱਧਰ ’ਤੇ ਕਬਜ਼ੇ ਹਟਾਉਣ ਦੀ ਕਾਰਵਾਈ ਕਰੇਗਾ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਟਰੱਸਟ ਦੀਆਂ ਕੀਮਤੀ ਜਾਇਦਾਦਾਂ ਨੂੰ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਉਨ੍ਹਾਂ ਦੀ ਯੋਗ ਵਰਤੋਂ ਕਰਨ ਅਤੇ ਸੰਸਥਾ ਦੀ ਆਮਦਨ ਵਧਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।