ਲਾਲਾ ਜੀ ਦੇ ਜੱਦੀ ਘਰ ਆਉਣਗੇ ਪੰਜਾਬ ਦੇ ਰਾਜਪਾਲ ਜਗਰਾਓਂ ਲਾਲਾ ਜੀ ਦੇ ਜੱਦੀ ਘਰ ਆਉਣਗੇ ਪੰਜਾਬ ਦੇ ਰਾਜਪਾਲ
Publish Date: Mon, 20 Jul 2026 09:07 PM (IST)
Updated Date: Mon, 20 Jul 2026 09:10 PM (IST)
- ਲਾਲਾ ਜੀ ਦੇ ਘਰ ਨੂੰ ਕੌਮੀ ਵਿਰਾਸਤ ਵਜੋਂ ਐਲਾਨਣ ਦੀ ਅਪੀਲ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਗਰਾਓਂ ਨੂੰ ਕੌਮੀ ਵਿਰਾਸਤ ਵਜੋਂ ਐਲਾਨਣ ਅਤੇ ਉਸ ਦੀ ਸੁੱਧ ਲੈਣ ਲਈ ਲਾਲਾ ਲਾਜਪਤ ਰਾਏ ਚੈਰੀਟੇਬਲ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸੱਦੇ ’ਤੇ ਚੰਡੀਗੜ੍ਹ ਰਾਜ ਭਵਨ ਪੁੱਜੇ। ਉਨ੍ਹਾਂ ਰਾਜਪਾਲ ਨਾਲ ਮੁਲਾਕਾਤ ਦੌਰਾਨ ਜਗਰਾਓਂ ਵਿਚ ਸਥਿਤ ਲਾਲਾ ਜੀ ਦੇ ਜੱਦੀ ਘਰ ਅਤੇ ਯਾਦਗਾਰਾਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੇ ਘਰ ਨੂੰ ਕੌਮੀ ਵਿਰਾਸਤ ਵਜੋਂ ਵਿਕਸਤ ਕਰਨ ਦੀ ਮੁੱਖ ਮੰਗ ਰੱਖੀ। ਇਸ ਦੇ ਨਾਲ ਹੀ ਉਨ੍ਹਾਂ ਰਾਜਪਾਲ ਨੂੰ ਲਾਲਾ ਜੀ ਦੇ ਜੱਦੀ ਘਰ ਆਉਣ ਦਾ ਸੱਦਾ ਵੀ ਦਿੱਤਾ, ਜਿਸ ਨੂੰ ਕਬੂਲ ਕਰਦਿਆਂ ਰਾਜਪਾਲ ਨੇ ਜਲਦੀ ਹੀ ਆਉਣ ਦਾ ਭਰੋਸਾ ਦਿੱਤਾ। ਇਸ ਵਫ਼ਦ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਓਐੱਸਡੀ ਰਹੇ ਅੰਕਿਤ ਬਾਂਸਲ, ਪ੍ਰਧਾਨ ਪੁਨੀਤ ਬਾਂਸਲ, ਜਨਰਲ ਸਕੱਤਰ ਕਮਲਦੀਪ ਬਾਂਸਲ, ਕੈਸ਼ੀਅਰ ਮੋਹਿਤ ਗੋਇਲ ਅਤੇ ਮੀਤ ਪ੍ਰਧਾਨ ਅੰਕੁਸ਼ ਮਿੱਤਲ ਸ਼ਾਮਲ ਸਨ। ਇਸ ਸਬੰਧੀ ਜਨਰਲ ਸਕੱਤਰ ਕਮਲਦੀਪ ਬਾਂਸਲ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਨੂੰ ਸੰਸਥਾ ਵੱਲੋਂ ਪਿਛਲੇ ਦਿਨੀਂ ਜਗਰਾਓਂ ਸਥਿਤ ਲਾਲਾ ਜੀ ਦੇ ਜੱਦੀ ਘਰ ਦੀ ਚੰਗੇ ਤਰੀਕੇ ਨਾਲ ਦੇਖਭਾਲ ਅਤੇ ਇਸ ਦੀ ਪ੍ਰਸਿੱਧੀ ਲਈ ਯਤਨ ਕਰਨ ਸਬੰਧੀ ਇੱਕ ਚਿੱਠੀ ਲਿਖੀ ਸੀ। ਜਿਸ ’ਤੇ ਪੰਜਾਬ ਦੇ ਰਾਜਪਾਲ ਨੇ ਵੱਡਾ ਦਿਲ ਦਿਖਾਉਂਦਿਆਂ ਸੰਸਥਾ ਨੂੰ ਚੰਡੀਗੜ੍ਹ ਸੱਦਿਆ। ਉਨ੍ਹਾਂ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਸੰਸਥਾ ਦਾ ਮੁੱਖ ਮਕਸਦ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਮੋਹਰੀ ਰੋਲ ਅਦਾ ਕਰਦਿਆਂ ਕੁਰਬਾਨੀ ਦੇ ਕੇ ਸ਼ਹੀਦ ਹੋਏ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਦੇਸ਼ ਭਗਤੀ ਦੇ ਜਜ਼ਬੇ ਪ੍ਰਤੀ ਅੱਜ ਹਰ ਨੌਜਵਾਨ ਜਾਣੂ ਹੋਵੇ, ਲਈ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇ। ਜਿਸ ਦਾ ਰਾਜਪਾਲ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਵੱਡੀ ਹੌਸਲਾ ਅਫਜਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਲਾਲਾ ਜੀ ਦੇ ਜੱਦੀ ਘਰ ਨੂੰ ਕੌਮੀ ਵਿਰਾਸਤ ਅਤੇ ਬਿਹਤਰ ਦੇਖਭਾਲ ਲਈ ਜਿੱਥੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਚਿੱਠੀ ਲਿਖਣਗੇ, ਉਥੇ ਖੁਦ ਵੀ ਜਲਦੀ ਹੀ ਲਾਲਾ ਜੀ ਦੇ ਜੱਦੀ ਘਰ ਪਹੁੰਚ ਕੇ ਸ਼ਰਧਾਂਜਲੀ ਭੇਟ ਕਰਨਗੇ।