- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਦੀ ਲੀਡ-ਗੈਸ ਮਾਫੀਆ ’ਤੇ ਮੇਹਰਬਾਨ ਫੂਡ ਸਪਲਾਈ ਦੀ ਟੀਮ ਨੇ ਛੋਟੇ ਦੁਕਾਨਦਾਰ ਫੜ੍ਹ ਝਾੜੀ ਗੋਗਲੂਆਂ ਤੋਂ ਮਿੱਟੀ

-ਗੁਦਾਮ ’ਚ ਘਰੇਲੂ ਗੈਸ ਸਿਲੰਡਰ ਪਏ ਹੋਣ ਦੀ ਸ਼ਿਕਾਇਤ ’ਤੇ ਵੀ ਨਹੀਂ ਕੀਤੀ ਕਾਰਵਾਈ
45
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਘਰੇਲੂ ਗੈਸ ਸਿਲੰਡਰਾਂ ਦੀ ਕਾਲਾ ਬਜ਼ਾਰੀ ਰੋਕਣ ਦੇ ਪ੍ਰਸ਼ਾਸਨ ਵੱਲੋਂ ਸਖਤ ਦਾਅਵੇ ਕੀਤੇ ਜਾ ਰਹੇ ਹਨ। ਬੀਤੇ ਦਿਨ ਫੂਡ ਸਪਲਾਈ ਵਿਭਾਗ ਦੀ ਟੀਮ ਵੱਲੋਂ ਗੈਸ ਮਾਫੀਆ ਦੇ ਉੱਪਰ ਸਖ਼ਤ ਕਾਰਵਾਈ ਕਰਨ ਦੀ ਬਜਾਏ ਆਪਣੀ ਪੁਰਾਣੀ ਆਦਤ ਅਨੁਸਾਰ ਛੋਟੇ ਦੁਕਾਨਦਾਰਾਂ ਤੇ ਕਾਰਵਾਈ ਕੀਤੀ ਗਈ। ਜਿੱਥੇ ਕਾਰਵਾਈ ਦੇ ਨਾਮ ’ਤੇ ਖਾਨਾ ਪੂਰਤੀ ਕੀਤੀ, ਉੱਥੇ ਟੀਮ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਗੁਮਰਾਹ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਵਿਅਕਤੀ ਵੱਲੋਂ ਗੁਪਤ ਸ਼ਿਕਾਇਤ ਕੀਤੀ ਗਈ ਸੀ ਕਿ ਢੰਡਾਰੀ, ਮੁੰਡੀਆਂ, ਗੋਬਿੰਦਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਦੇ ਅੰਦਰ ਇੱਕ ਵੱਡਾ ਗੈਸ ਮਾਫੀਆ ਹੈ। ਜੋ ਹਰ ਰੋਜ਼ ਸਵੇਰੇ ਵੱਡੀ ਮਾਤਰਾ ਦੇ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਮਹਿੰਗੇ ਭਾਅ ’ਤੇ ਕਾਲਾ ਬਾਜ਼ਾਰੀ ਕਰਦਾ ਹੈ। ਇਸ ਗੈਸ ਮਾਫੀਆ ਵੱਲੋਂ ਢੰਡਾਰੀ ਦੁਰਗਾ ਕਲੋਨੀ, ਜਮਾਲਪੁਰ, ਮੁੰਡੀਆਂ, ਗੋਬਿੰਦਗੜ੍ਹ ਸਮੇਤ ਕਈ ਗੁਪਤ ਥਾਵਾਂ ’ਤੇ ਹਜ਼ਾਰਾਂ ਘਰੇਲੂ ਅਤੇ ਕਮਰਸ਼ੀਅਲ ਸਿਲੰਡਰ ਜਮਾਂ ਕੀਤੇ ਹੋਏ ਹਨ, ਇਸੇ ਸੂਚਨਾ ਦੇ ਆਧਾਰ ’ਤੇ ਫੂਡ ਸਪਲਾਈ ਵਿਭਾਗ ਦੀ ਟੀਮ ਵੱਲੋਂ ਢੰਡਾਰੀ ਵਿਖੇ ਛਾਪੇਮਾਰੀ ਕੀਤੀ ਗਈ ਆਸ-ਪਾਸ ਦੇ ਲੋਕਾਂ ਦੇ ਦੱਸਣ ਮੁਤਾਬਕ ਫੂਡ ਸਪਲਾਈ ਵਿਭਾਗ ਦੀ ਟੀਮ ਉਸ ਗੋਦਾਮ ਦੇ ਬਿਲਕੁਲ ਸਾਹਮਣੇ ਖੜੀ ਰਹੀ, ਜਿਸ ਗੋਦਾਮ ਵਿੱਚ ਸ਼ਿਕਾਇਤ ਕਰਤਾ ਅਨੁਸਾਰ 100 ਤੋਂ ਵੱਧ ਘਰੇਲੂ ਸਿਲੰਡਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਟੋਰ ਕੀਤੇ ਹੋਏ ਸਨ, ਪਰ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਉਸ ਗੋਦਾਮ ਦੇ ਤਾਲੇ ਖੁਲ੍ਹਵਾਉਣ ਦੀ ਬਜਾਏ ਆਸ-ਪਾਸ ਦੇ ਛੋਟੇ ਦੁਕਾਨਦਾਰਾਂ ਉੱਪਰ ਖਾਨਾ ਪੂਰਤੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ, ਜਦੋਂ ਕਿ ਲੋਕਾਂ ਅਨੁਸਾਰ ਜਿਸ ਗੋਦਾਮ ਵਿੱਚ ਸੈਂਕੜੇ ਸਿਲੰਡਰ ਜਮਾ ਕਰਕੇ ਰੱਖੇ ਹੋਏ ਸਨ, ਉਸ ਗੋਦਾਮ ਦੇ ਮਾਲਕ ਦੀ ਦੁਕਾਨ ਵੀ ਬਿਲਕੁਲ ਨਾਲ ਸੀ, ਪਰ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਗੋਦਾਮ ਦੇ ਮਾਲਕ ਦੀ ਦੁਕਾਨ ’ਤੇ ਵੀ ਜਾਣਾ ਜ਼ਰੂਰੀ ਨਹੀਂ ਸਮਝਿਆ ਅਤੇ ਆਸ- ਪਾਸ ਤੋਂ ਇੱਕ ਦੁਕਾਨ ਵਿੱਚੋਂ ਪੰਜ ਸਿਲੰਡਰ ਫੜ ਕੇ ਖੁਦ ਆਪਣੀ ਪਿੱਠ ਥਪਪਾਈ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਇਹ ਸਿਲੰਡਰਾਂ ’ਤੇ ਕਾਰਵਾਈ ਕਰਕੇ ਆਪਣੀ ਵੱਡੀ ਪ੍ਰਾਪਤੀ ਦੱਸਿਆ, ਜਿਸ ਕਰਕੇ ਲੋਕਾਂ ਦੇ ਵਿੱਚ ਚਰਚਾ ਰਹੀ ਕਿ ਫੂਡ ਸਪਲਾਈ ਵਿਭਾਗ ਦੀ ਟੀਮ ਅਕਸਰ ਹੀ ਕਾਰਵਾਈ ਦੇ ਨਾਮ ਤੇ ਗੋਂਗਲੂਆਂ ਤੋਂ ਮਿੱਟੀ ਲਾਉਣ ਦਾ ਕੰਮ ਕਰਦੀ ਹੈ। ਜਦੋਂ ਕਿ ਇਲਾਕੇ ਦੇ ਅੰਦਰ ਵੱਡਾ ਗੈਸ ਮਾਫੀਆ ਪੂਰੀ ਤਰਹਾਂ ਸਰਗਰਮ ਹੈ।
-ਸਾਹਨੇਵਾਲ ਤੇ ਪਾਇਲ ਦੀਆਂ ਦੋ ਗੈਸ ਏਜੰਸੀਆਂ ਮਾਫੀਆ ਨੂੰ ਦਿੰਦੀਆਂ ਨੇ ਸਿਲੰਡਰ
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਹ ਜਿਹੜਾ ਗੈਸ ਮਾਫੀਆ ਇਲਾਕੇ ਦੇ ਅੰਦਰ ਸਰਗਰਮ ਹੈ। ਉਸ ਨੂੰ ਸਾਹਨੇਵਾਲ ਦੀ ਇਕ ਗੈਸ ਏਜੰਸੀ ਤੇ ਪਾਇਲ ਦੀਆਂ ਦੋ ਗੈਸ ਏਜੰਸੀਆਂ ਬਲੈਕ ’ਚ ਘਰੇਲੂ ਸਿਲੰਡਰ ਦਿੰਦੇ ਹਨ। ਜਿਸ ਘਰੇਲੂ ਸਿਲੰਡਰ ਦੀ ਕੀਮਤ ਕਾਪੀ ਉੱਪਰ 970 ਰੁਪਏ ਹੈ, ਉਹੀ ਘਰੇਲੂ ਗੈਂਸ ਸਿਲੰਡਰ ਗੈਸ ਏਜੰਸੀਆਂ ਦੇ ਮਾਲਕ ਇਸ ਮਾਫੀਆ ਨੂੰ 1600 ਤੋਂ 1700 ਰੁਪਏ ਦੇ ਵਿੱਚ ਦਿੰਦੇ ਹਨ, ਜਦਕਿ ਇਹ ਲੋਕ ਅੱਗੇ 2000 ਰੁਪਏ ਤੱਕ ਦੁਕਾਨਾਂ ਨੂੰ ਬਲੈਕ ’ਚ ਵੇਚਦੇ ਹਨ। ਗੈਸ ਏਜੰਸੀ ਵਿੱਚ ਕੰਮ ਕਰਨ ਵਾਲੇ ਇਕ ਕਰਿੰਦੇ ਨੇ ਨਾਮ ਨਾ ਛਪਣ ਦੀ ਸ਼ਰਤ ’ਤੇ ਦੱਸਿਆ ਕਿ ਸਾਹਨੇਵਾਲ ਵਾਲੀ ਗੈਸ ਏਜੰਸੀ ਇੱਕ ਦਿਨ ਵਿੱਚ 25 ਤੋਂ 30 ਸਿਲੰਡਰ, ਪਾਇਲ ਅੰਦਰ ਇਕ ਗੈਸ ਏਜੰਸੀ 40 ਤੋਂ 60 ਸਿਲੰਡਰ, ਜਦੋਂ ਕਿ ਦੂਜੀ ਪਾਇਲ ਅੰਦਰ ਗੈਸ ਏਜੰਸੀ ਜਿਨਾਂ ਦੀ ਇੱਕ ਏਜੰਸੀ ਜਗਰਾਓਂ ’ਚ ਹੈ ਉਹ 80 ਤੋਂ 100 ਸਿਲੰਡਰ ਹਰ ਦਿਨ ਬਲੈਕ ਗੈਸ ਸਪਲਾਈ ਕਰਨ ਵਾਲੇ ਮਾਫੀਆ ਨੂੰ ਦਿੰਦੇ ਹਨ।
-ਘਰੇਲੂ ਗੈਸ ਸਿਲੰਡਰ ਭਰਨ ਸਮੇਂ ਕਈ ਵਾਰ ਵਾਪਰ ਚੁੱਕੇ ਨੇ ਹਾਦਸੇ
ਢੰਡਾਰੀ, ਗੋਬਿੰਦਗੜ੍ਹ, ਗਿਆਸਪੁਰ, ਜਮਾਲਪੁਰ, ਮੁੰਡੀਆਂ ਸਮੇਤ ਜਿਹੜੇ ਇਲਾਕਿਆਂ ਦੇ ਅੰਦਰ ਬਹੁਤੇ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ। ਉਹਨਾਂ ਇਲਾਕਿਆਂ ਦੇ ਵਿੱਚ ਹੀ ਘਰੇਲੂ ਗੈਸ ਭਰਨ ਵਾਲੀਆਂ ਦੁਕਾਨਾਂ ਬਹੁਤ ਗਿਣਤੀ ਹਨ ਤੇ ਕਈ ਵਾਰ ਇਹਨਾਂ ਦੁਕਾਨਾਂ ਦੇ ਉੱਤੇ ਗੈਸ ਭਰਨ ਸਮੇਂ ਹਾਦਸੇ ਵੀ ਵਾਪਰ ਚੁੱਕੇ ਹਨ ਤੇ ਕਈ ਜਾਨਾਂ ਵੀ ਜਾ ਚੁੱਕੀਆਂ ਹਨ। ਪਰ ਫਿਰ ਵੀ ਨਾ ਤਾਂ ਪ੍ਰਸ਼ਾਸਨ ਇਹਨਾਂ ’ਤੇ ਸਖਤ ਕਾਰਵਾਈ ਕਰਨ ਵਿੱਚ ਸਫਲ ਹੋਇਆ ਹੈ ਤੇ ਨਾ ਹੀ ਇਹ ਲੋਕ ਇਹ ਗੋਰਖ ਧੰਦਾ ਬੰਦ ਕਰ ਰਹੇ ਹਨ। ਇਸ ਸਬੰਧੀ ਜਦੋਂ ਡੀਐੱਫਐੱਸਓ ਚਰਨਜੀਤ ਸਿੰਘ ਧਾਲੀਵਾਲ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਜਦੋਂ ਟੀਮ ਛਾਪੇਮਾਰੀ ਕਰਨ ਗਈ, ਤਾਂ ਹੋ ਸਕਦਾ ਹੈ ਕਿ ਜਿਹੜੇ ਲੋਕਾਂ ਨੇ ਘਰੇਲੂ ਸਿਲੰਡਰ ਜਮ੍ਹਾਂ ਕੀਤੇ ਹੋਏ ਸਨ। ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਜਿਹੜੇ ਵੀ ਸਿਲੰਡਰ ਮਿਲੇ ਉਹਨਾਂ ’ਤੇ ਕਾਰਵਾਈ ਕੀਤੀ ਹੈ।