ਟੁੱਟੇ ਰਿਸ਼ਤੇ ਦੀ ਰੰਜਿਸ਼ ਨੇ ਧਾਰਿਆ ਖੌਫ਼ਨਾਕ ਰੂਪ, ਨਾਬਾਲਗ ਨੂੰ ਅਗਵਾ ਕਰਕੇ ਕੀਤੀ ਅਣਮਨੁੱਖੀ ਤਸ਼ੱਦਦ; ਪਿਸ਼ਾਬ ਪਿਲਾ ਕੇ ਵੀਡੀਓ ਬਣਾਉਣ ਦੇ ਦੋਸ਼
ਲੁਧਿਆਣਾ ’ਚ ਦੋ ਪਰਿਵਾਰਾਂ ਵਿਚਾਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਰੰਜਿਸ਼ ਨੇ ਉਸ ਵੇਲੇ ਖੌਫ਼ਨਾਕ ਰੂਪ ਧਾਰ ਲਿਆ, ਜਦੋਂ ਇੱਕ ਨਾਬਾਲਗ ਲੜਕੇ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਉਸ ਨਾਲ ਅਣਮਨੁੱਖੀ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ। ਦੋਸ਼ ਹੈ ਕਿ ਮੁਲਜ਼ਮਾਂ ਨੇ ਨਾ ਸਿਰਫ਼ ਨਾਬਾਲਗ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਸ ਨੂੰ ਪਿਸ਼ਾਬ ਪਿਲਾਇਆ, ਥੁੱਕ ਚਟਵਾਇਆ ਅਤੇ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਉਸ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਵੀ ਕੀਤੀ।
Publish Date: Mon, 20 Jul 2026 12:53 PM (IST)
Updated Date: Mon, 20 Jul 2026 12:55 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ’ਚ ਦੋ ਪਰਿਵਾਰਾਂ ਵਿਚਾਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਰੰਜਿਸ਼ ਨੇ ਉਸ ਵੇਲੇ ਖੌਫ਼ਨਾਕ ਰੂਪ ਧਾਰ ਲਿਆ, ਜਦੋਂ ਇੱਕ ਨਾਬਾਲਗ ਲੜਕੇ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਉਸ ਨਾਲ ਅਣਮਨੁੱਖੀ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ। ਦੋਸ਼ ਹੈ ਕਿ ਮੁਲਜ਼ਮਾਂ ਨੇ ਨਾ ਸਿਰਫ਼ ਨਾਬਾਲਗ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਸ ਨੂੰ ਪਿਸ਼ਾਬ ਪਿਲਾਇਆ, ਥੁੱਕ ਚਟਵਾਇਆ ਅਤੇ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਉਸ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਵੀ ਕੀਤੀ।
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਤਾਜਪੁਰ ਸਥਿਤ ਈਡਬਲਯੂਐਸ ਕਾਲੋਨੀ ਦੇ ਰਹਿਣ ਵਾਲੇ ਰਾਜੂ ਕੁਮਾਰ ਨੇ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਦਾ ਕੁਝ ਸਮਾਂ ਪਹਿਲਾਂ ਦੂਜੀ ਧਿਰ ਦੀ ਇੱਕ ਲੜਕੀ ਨਾਲ ਰਿਸ਼ਤਾ ਤੈਅ ਹੋਇਆ ਸੀ ਪਰ ਕਿਸੇ ਕਾਰਨ ਕਰਕੇ ਇਹ ਵਿਆਹ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਦੋਵੇਂ ਪਰਿਵਾਰਾਂ ਵਿਚਾਲੇ ਤਣਾਅ ਅਤੇ ਵਿਵਾਦ ਸ਼ੁਰੂ ਹੋ ਗਿਆ।
ਇਸ ਸਬੰਧੀ ਪਹਿਲਾਂ ਵੀ ਇੱਕ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਦੋਵੇਂ ਧਿਰਾਂ ਵਿਚਕਾਰ ਰੰਜਿਸ਼ ਚੱਲ ਰਹੀ ਹੈ। ਸ਼ਿਕਾਇਤ ਮੁਤਾਬਕ ਉਸ ਦਾ ਨਾਬਾਲਗ ਪੁੱਤਰ ਮੋਟਰਸਾਈਕਲ ’ਤੇ ਬਾਬਾ ਥਾਨ ਸਿੰਘ ਚੌਂਕ ਵੱਲ ਛੋਲੇ ਖਾਣ ਗਿਆ ਸੀ। ਵਾਪਸੀ ਦੌਰਾਨ ਸ਼ਿੰਗਾਰ ਰੋਡ ਨੇੜੇ ਗੰਦੇ ਨਾਲੇ ਕੋਲ ਮੁਲਜ਼ਮਾਂ ਨੇ ਉਸ ਨੂੰ ਰੋਕ ਲਿਆ। ਦੋਸ਼ ਹੈ ਕਿ ਪਹਿਲਾਂ ਉਸ ਨੂੰ ਧਮਕਾ ਕੇ ਜ਼ਬਰਦਸਤੀ ਈ-ਰਿਕਸ਼ਾ ਵਿੱਚ ਬਿਠਾਇਆ ਗਿਆ ਅਤੇ ਫਿਰ ਇੱਕ ਹੋਰ ਥਾਂ ’ਤੇ ਲੈ ਜਾ ਕੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮਾਂ ਨੇ ਨਾਬਾਲਗ ਨੂੰ ਸਰੀਰਕ ਤਸ਼ੱਦਦ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਬੇਇੱਜ਼ਤ ਕਰਨ ਦੀ ਨੀਅਤ ਨਾਲ ਉਸ ਨੂੰ ਪਿਸ਼ਾਬ ਪਿਲਾਇਆ, ਥੁੱਕ ਚਟਵਾਇਆ ਅਤੇ ਪੂਰੀ ਘਟਨਾ ਦੀ ਵੀਡੀਓ ਬਣਾਈ। ਇਸ ਘਟਨਾ ਕਾਰਨ ਪੀੜਤ ਪਰਿਵਾਰ ਸਹਿਮਿਆ ਹੋਇਆ ਹੈ। ਕੁਝ ਸਮੇਂ ਬਾਅਦ ਘਰ ਆ ਕੇ ਲੜਕੇ ਨੇ ਆਪਣੇ ਮਾਪਿਆਂ ਨੂੰ ਆਪ ਬੀਤੀ ਦੱਸੀ।
ਉਧਰੋਂ ਇਸ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਅਧੀਨ ਆਉਂਦੀ ਸ਼ਿੰਗਾਰ ਚੌਂਕੀ ਦੇ ਇੰਚਾਰਜ ਸਤਨਾਮ ਸਿੰਘ ਭੁੱਲਰ ਨੇ ਦੱਸਿਆ ਕਿ ਲੜਕੇ ਦੇ ਪਿਤਾ ਰਾਜੂ ਕੁਮਾਰ ਦੀ ਸ਼ਿਕਾਇਤ ’ਤੇ ਸ਼ੇਰੂ ਪਾਪਾ, ਵਿਸ਼ਨੂ ਬੈਸ, ਨੀਤੂ, ਨੇਹਾ, ਸੋਨਾ, ਸੋਮਾ, ਸੰਜਨਾ, ਮਾਇਆ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 115(2), 127(2), 351(2), 79, 191(3) ਅਤੇ 190 ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ, ਕਥਿਤ ਵੀਡੀਓ ਅਤੇ ਹੋਰ ਤਕਨੀਕੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਜਾਂਚ ’ਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।