ਡਾਕਟਰ ਦੀ ਨੂੰਹ ਨੇ ਹੀ ਭੇਜੇ ਸੀ ਲੁਟੇਰੇ: ਮਰੀਜ਼ ਬਣ ਕੇ ਆਏ ਲੁਟੇਰਿਆਂ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ; ਸਾਰੇ ਦੋਸ਼ੀਆਂ ਦੀ ਹੋਈ ਪਛਾਣ
ਜਗਰਾਓਂ ’ਚ 4 ਦਿਨ ਪਹਿਲਾਂ ਦਿਨ ਚੜ੍ਹਦਿਆਂ ਹੀ ਮਰੀਜ਼ ਬਣ ਕੇ ਆਏ ਨੌਜਵਾਨ ਵੱਲੋਂ ਸਾਥੀਆਂ ਸਮੇਤ ਡਾਕਟਰ ਨੂੰ ਲੁੱਟਣ ਦੇ ਮਾਮਲੇ ਵਿਚ ਡਾਕਟਰ ਦੀ ਨੂੰਹ ਹੀ ਸਾਜ਼ਿਸ਼ਕਰਤਾ ਨਿਕਲੀ, ਜਿਸ ਦੇ ਇਸ਼ਾਰੇ ’ਤੇ ਡਾਕਟਰ ਨੂੰ ਲੁੱਟਿਆ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਵਿਚ ਪਤੀ, ਪਤਨੀ ਅਤੇ ਧੀ ਵੀ ਸ਼ਾਮਲ ਹੈ।
Publish Date: Tue, 28 Jul 2026 10:53 AM (IST)
Updated Date: Tue, 28 Jul 2026 10:56 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ। ਜਗਰਾਓਂ ’ਚ 4 ਦਿਨ ਪਹਿਲਾਂ ਦਿਨ ਚੜ੍ਹਦਿਆਂ ਹੀ ਮਰੀਜ਼ ਬਣ ਕੇ ਆਏ ਨੌਜਵਾਨ ਵੱਲੋਂ ਸਾਥੀਆਂ ਸਮੇਤ ਡਾਕਟਰ ਨੂੰ ਲੁੱਟਣ ਦੇ ਮਾਮਲੇ ਵਿਚ ਡਾਕਟਰ ਦੀ ਨੂੰਹ ਹੀ ਸਾਜ਼ਿਸ਼ਕਰਤਾ ਨਿਕਲੀ, ਜਿਸ ਦੇ ਇਸ਼ਾਰੇ ’ਤੇ ਡਾਕਟਰ ਨੂੰ ਲੁੱਟਿਆ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਵਿਚ ਪਤੀ, ਪਤਨੀ ਅਤੇ ਧੀ ਵੀ ਸ਼ਾਮਲ ਹੈ।
ਪੁਲਿਸ ਨੇ ਇਨ੍ਹਾਂ ਤਿੰਨਾਂ ਤੋਂ ਇਲਾਵਾ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਡਾਕਟਰ ਨੂੰ ਲੁੱਟਣ ਵੇਲੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਛੇ ’ਚੋਂ ਚਾਰ ਮੁਲਜ਼ਮ ਅਜੇ ਵੀ ਫਰਾਰ ਹਨ ਪਰ ਪੁਲਿਸ ਨੇ ਸਾਰਿਆਂ ਦੀ ਸ਼ਨਾਖਤ ਕਰ ਲਈ ਹੈ।
ਸੋਮਵਾਰ ਨੂੰ ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 23 ਜੁਲਾਈ ਨੂੰ ਚੋਪੜਾ ਹਸਪਤਾਲ ਦੇ ਡਾ. ਵਿਜੇ ਕੁਮਾਰ ਚੋਪੜਾ ਨੂੰ ਲੁੱਟਣ ਦੀ ਵਾਰਦਾਤ ਨੂੰ ਡੀਐੱਸਪੀ ਸਾਗਰ ਬਨਾਲ, ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਅਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਪੁਲਿਸ ਟੀਮ ਨੇ ਕੁਝ ਘੰਟਿਆਂ ਵਿਚ ਹੀ ਸੁਲਝਾ ਲਿਆ ਸੀ।
ਇਸ ਵਾਰਦਾਤ ’ਚ ਪੁਲਿਸ ਟੀਮ ਨੇ ਬਲਵੰਤ ਸਿੰਘ ਪੁੱਤਰ ਬਿਹਾਰਾ ਸਿੰਘ ਉਸ ਦੀ ਪਤਨੀ ਪਵਨਪ੍ਰੀਤ ਕੌਰ ਉਰਫ ਕਿਰਨ, ਉਸ ਦੀ ਧੀ ਬੇਅੰਤ ਕੌਰ, ਆਕਾਸ਼ਦੀਪ ਸਿੰਘ ਉਰਫ ਆਕਾਸ਼ ਪੁੱਤਰ ਬਲਵਿੰਦਰ ਸਿੰਘ ਚਾਰੇ ਵਾਸੀਆਨ ਲੀਲਾਂ ਮੇਘ ਸਿੰਘ ਅਤੇ ਰਾਹੁਲ ਪੁੱਤਰ ਜਸਵੰਤ ਸਿੰਘ ਵਾਸੀ ਸਿੱਧਵਾਂ ਬੇਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਵਾਰਦਾਤ ਸਮੇਂ ਇੱਕ ਮੋਟਰਸਾਈਕਲ ਪਹਿਲਾਂ ਹੀ ਛੱਡ ਕੇ ਭੱਜ ਗਏ ਸਨ। ਜਦਕਿ ਵਾਰਦਾਤ ਸਮੇਂ ਵਰਤੀ ਮਹਿੰਦਰਾ ਜੀਪ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਜਾਂਚ ’ਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੇ ਦੱਸਿਆ ਕਿ ਡਾਕਟਰ ਦੇ ਘਰ ਨਕਦੀ, ਗਹਿਣੇ ਅਤੇ ਹੋਰ ਸਾਮਾਨ ਸਬੰਧੀ ਡਾਕਟਰ ਦੀ ਨੂੰਹ, ਜਿਸ ਨਾਲ ਉਸ ਦਾ ਝਗੜਾ ਚੱਲ ਰਿਹਾ ਸੀ, ਨੇ ਦੱਸਿਆ ਸੀ।
ਉਸ ਨੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਡਾਕਟਰ ਦੀ ਨੂੰਹ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਕਤ ਦੇ ਚਾਰ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਛਾਪਾਮਾਰੀ ਕੀਤੀ ਜਾ ਰਹੀ ਹੈ।