- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ:2109 ਪੈਨਸ਼ਨਰਾਂ ਦੀ ਮੌਤ ਤਾਰੀਖ ਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਤਾਰੀਖ ਹੋਵੇਗੀ ਅਪਡੇਟ

2109 ਪੈਨਸ਼ਨਰਾਂ ਦੀ ਮੌਤ ਤਾਰੀਖ ਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਹੋਵੇਗੀ ਅਪਡੇਟ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਪੀਐਸਪੀਸੀਐਲ ਵੱਲੋਂ ਆਪਣੇ ਸੇਵਾਮੁਕਤ ਮੁਲਾਜ਼ਮਾਂ ਅਤੇ ਫੈਮਿਲੀ ਪੈਨਸ਼ਨਰਾਂ ਦੇ ਹਿੱਤ ਵਿੱਚ ਅਹਿਮ ਕਦਮ ਚੁੱਕਦਿਆਂ ਪੈਨਸ਼ਨ ਰਿਕਾਰਡ ਨੂੰ ਦਰੁਸਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੈਨਸ਼ਨ ਪੈਕੇਜ ਵਿੱਚ ਜ਼ਰੂਰੀ ਜਾਣਕਾਰੀ ਅਪਡੇਟ ਨਾ ਹੋਣ ਕਾਰਨ ਕਈ ਪੈਨਸ਼ਨਰਾਂ ਨੂੰ ਮਿਲਣ ਵਾਲੇ ਵਿੱਤੀ ਲਾਭਾਂ ਵਿੱਚ ਆ ਰਹੀ ਦਿੱਕਤ ਨੂੰ ਦੂਰ ਕਰਨ ਲਈ ਸਾਰੇ ਸਬੰਧਤ ਡੀਡੀਓਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਮੁੱਖ ਇੰਜੀਨੀਅਰ ਡਿਸਟ੍ਰੀਬਿਊਸ਼ਨ ਕੇਂਦਰੀ ਜ਼ੋਨ ਲੁਧਿਆਣਾ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 2109 ਪੈਨਸ਼ਨਰਾਂ ਦੀ ਮੌਤ ਤਾਰੀਖ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਤਾਰੀਖ ਪੈਨਸ਼ਨ ਰਿਕਾਰਡ ਵਿੱਚ ਅਪਡੇਟ ਨਹੀਂ ਹੈ। ਇਸ ਕਾਰਨ ਕੁਝ ਯੋਗ ਪੈਨਸ਼ਨਰਾਂ ਨੂੰ ਐਲਟੀਸੀ, ਬੁਢਾਪਾ ਭੱਤਾ ਅਤੇ ਹੋਰ ਬਣਦੇ ਵਿੱਤੀ ਲਾਭ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਆਪਣੇ ਸੇਵਾਮੁਕਤ ਮੁਲਾਜ਼ਮਾਂ ਪ੍ਰਤੀ ਸੰਵੇਦਨਸ਼ੀਲ ਹੈ, ਕਿਉਂਕਿ ਇਨ੍ਹਾਂ ਮੁਲਾਜ਼ਮਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਸੰਸਥਾ ਦੀ ਸੇਵਾ ਵਿੱਚ ਲਗਾਇਆ ਹੈ। ਪੀਐੱਸਪੀਸੀਐੱਲ ਨਾਲ ਕਰੀਬ 70 ਹਜ਼ਾਰ ਸੇਵਾਮੁਕਤ ਕਰਮਚਾਰੀ ਜੁੜੇ ਹੋਏ ਹਨ। ਪੈਨਸ਼ਨ ਸਬੰਧੀ ਨੀਤੀ ਤਹਿਤ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਪੈਨਸ਼ਨਰ ਜਾਂ ਫੈਮਿਲੀ ਪੈਨਸ਼ਨਰ ਨੂੰ ਉਸਦੇ ਬਣਦੇ ਪੈਨਸ਼ਨ ਲਾਭ ਤੋਂ ਵਾਂਝਾ ਨਾ ਰਹਿਣਾ ਪਵੇ।
ਇਹ ਮਾਮਲਾ ਪੀਐੱਸਪੀਸੀਐੱਲ ਦੇ ਸੀਐਮਡੀ ਗੁਰਕੀਰਤ ਕ੍ਰਿਪਾਲ ਸਿੰਘ ਅਤੇ ਪੀਐਸਈਬੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਨੁਮਾਇੰਦਿਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਸਾਹਮਣੇ ਆਇਆ ਸੀ। ਪ੍ਰਬੰਧਨ ਵੱਲੋਂ ਪੈਨਸ਼ਨ ਰਿਕਾਰਡ ਨੂੰ ਪੂਰਾ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ। ਪੀਐੱਸਪੀਸੀਐੱਲ ਦੇ ਸੀਐਮਡੀ ਵੱਲੋਂ ਸਾਰੇ ਸਬੰਧਤ ਡੀਡੀਓਜ਼ ਨੂੰ 15 ਦਿਨਾਂ ਦੇ ਅੰਦਰ ਇਹ ਕਾਰਵਾਈ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੂੰ ਪੈਨਸ਼ਨਰਾਂ ਦੇ ਰਿਕਾਰਡ ਦੀ ਤੁਰੰਤ ਜਾਂਚ ਕਰਕੇ ਲੋੜੀਂਦੇ ਦਸਤਾਵੇਜ਼ਾਂ ਦੇ ਆਧਾਰ 'ਤੇ ਜਨਮ ਅਤੇ ਮੌਤ ਤਾਰੀਖ ਸਮੇਤ ਹੋਰ ਜ਼ਰੂਰੀ ਜਾਣਕਾਰੀ ਅਪਡੇਟ ਕਰਨ ਲਈ ਕਿਹਾ ਹੈ। ਪੀਐੱਸਪੀਸੀਐੱਲ ਵੱਲੋਂ 23 ਸਤੰਬਰ 2026 ਨੂੰ ਜਾਰੀ ਪੱਤਰ ਵਿੱਚ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਪੈਨਸ਼ਨਰ ਦੇ ਦਸਤਾਵੇਜ਼ ਜਾਂ ਜਾਣਕਾਰੀ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਸਬੰਧਤ ਦਫ਼ਤਰ ਵੱਲੋਂ ਖੁਦ ਪੈਨਸ਼ਨਰ ਜਾਂ ਉਸਦੇ ਪਰਿਵਾਰ ਨਾਲ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਅਤੇ ਦਸਤਾਵੇਜ਼ ਪੂਰੇ ਕਰਵਾਏ ਜਾਣ। ਇਸ ਕਾਰਵਾਈ ਦਾ ਮਕਸਦ ਯੋਗ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਬਣਦੇ ਵਿੱਤੀ ਲਾਭ ਸਮੇਂ ਸਿਰ ਮੁਹੱਈਆ ਕਰਵਾਉਣਾ ਹੈ।