- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦਾ ਇਕਲੌਤਾ ਪਾਰਕ ਹੋਇਆ ‘ਡਾਰਟੀ ਪਾਰਕ’ ਵੱਜੋਂ ਮਸ਼ਹੂਰ

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਨਗਰ ਕੌਂਸਲ ਖੰਨਾ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ’ਚ ਮੁਕੰਮਲ ਸਾਫ਼-ਸਫ਼ਾਈ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਨਗਰ ਕੌਂਸਲ ਦੀ ਹਦੂਦ ਅੰਦਰ ਸ਼ਹਿਰ ਦੇ ਇਕਲੌਤੇ ਪ੍ਰੇਮ ਭੰਡਾਰੀ ਪਾਰਕ ’ਚ ਅਕਸਰ ਗੰਦਗੀ ਦੇ ਢੇਰ ਲੱਗੇ ਹੁੰਦੇ ਹਨ। ਜਿਸ ਨੂੰ ਲੈ ਕੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਸਫ਼ਾਈ ਦੇ ਦਾਅਵਿਆਂ ’ਤੇ ਤੰਜ ਕੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪਾਰਕ ’ਚ ਜਿਸ ਜਗ੍ਹਾ ਗੰਦਗੀ ਦੇ ਢੇਰ ਅਕਸਰ ਲੱਗੇ ਹੁੰਦੇ ਹਨ, ਉਹ ਥਾਂ ਨਗਰ ਕੌਂਸਲ ਦੀ ਇਮਾਰਤ ਦੇ ਬਿਲਕੁੱਲ ਲਾਗੇ ਸਥਿਤ ਹੈ। ਰੋਜ਼ਾਨਾ ਕਮੇਟੀ ਦੇ ਅਧਿਕਾਰੀ ਤੇ ਮੁਲਾਜ਼ਮ ਇੱਥੋਂ ਲੰਘਦੇ ਹਨ ਪਰ ਕਿਸੇ ਨੇ ਇਸ ਦੇ ਪੱਕੇ ਹੱਲ ਬਾਰੇ ਨਹੀਂ ਸੋਚਿਆ। ਸ਼ਹਿਰ ਦੇ ਇਕਲੌਤੇ ਪਾਰਕ ਨੂੰ ‘ਡਰਟੀ ਪਾਰਕ’ ਵਜੋਂ ਵੀ ਜਾਣਿਆ ਜਾਣ ਲੱਗਾ ਹੈ।
- ਰੋਜ਼ਾਨਾ ਸੈਂਕੜੇ ਲੋਕ ਪਾਰਕ ’ਚ ਸੈਰ ਕਰਨ ਬਹੁੜਦੇ
ਨਗਰ ਕੌਂਸਲ ਦੇ ਅੰਦਰ ਸਥਿਤ ਇਕਲੌਤੇ ਪ੍ਰੇਮ ਭੰਡਾਰੀ ਪਾਰਕ ’ਚ ਰੋਜ਼ਨਾ ਸੈਂਕੜੈ ਲੋਕ ਸੈਰ ਕਰਨ ਤੇ ਤਾਜੀ ਹਵਾ ਲੈਣ ਆਉਂਦੇ ਹਨ ਪਰ ਜਦੋਂ ਉਹ ਪਾਰਕ ਦੇ ਅੰਦਰ ਵੜਦੇ ਹਨ ਤੇ ਪਾਰਕ ’ਚ ਗੰਦਗੀ ਦੇਖਦੇ ਹਨ ਤਾਂ ਉਨ੍ਹਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ। ਲੋਕ ਨਗਰ ਕੌਂਸਲ ਨੂੰ ਕੋਸਣ ਲੱਗੇ ਹਨ। ਬਜ਼ੁਰਗ ਬਲਵੀਰ ਸਿੰਘ, ਰੋਸ਼ਨ ਲਾਲ, ਸ਼ਾ੍ਮ ਸਿੰਘ ਨੇ ਕਿਹਾ ਕਿ ਉਹ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਪਾਰਕ ’ਚ ਆਉਂਦੇ ਹਨ ਪਰ ਪਾਰਕ ਦਾ ਹਾਲ ਦੇਖ ਕੇ ਰੋਣਾ ਆਉਂਦਾ ਹੈ ਕਿ ਜੇਕਰ ਨਗਰ ਕੌਂਸਲ ਦੇ ਅੰਦਰ ਦੀ ਪਾਰਕ ਦਾ ਇਹ ਹਾਲ ਹੈ ਤਾਂ ਬਾਹਰ ਪੂਰੇ ਸ਼ਹਿਰ ਦਾ ਕੀ ਹਾਲ ਹੋਵੇਗਾ। ਸਾਨੂੰ ਮਜਬੂਰੀ ਵੱਸ ਸੈਰ ਕਰਨ ਲਈ ਆਉਣਾ ਪੈਂਦਾ ਹੈ ਕਿਉਂਕਿ ਸ਼ਹਿਰ ਦੇ ਅੰਦਰ ਹੋਰ ਕੋਈ ਸਰਕਾਰੀ ਪਾਰਕ ਨਹੀਂ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗੰਦਗੀ ਦਾ ਤੁਰੰਤ ਹੱਲ ਕੀਤਾ ਜਾਵੇ, ਇਸ ਥਾਂ ਦੀ ਸਾਫ਼-ਸਫ਼ਾਈ ਕਰ ਕੇ ਫੁੱਲ ਤੇ ਘਾਹ ਵਗੈਰਾ ਲਗਾਉਣਾ ਚਾਹੀਦਾ ਹੈ।
- ਗੰਦਗੀ ਦੇ ਨਾਲ ਬੱਚਿਆਂ ਦੇ ਝੂਲੇ ਤੇ ਓਪਨ ਜਿਮ
ਪਾਰਕ ਦੇ ਅੰਦਰ ਜਿਸ ਥਾਂ ’ਤੇ ਗੰਦਗੀ ਪਈ ਹੈ, ਉਸ ਦੇ ਬਿਲਕੁਲ ਨਾਲ ਬੱਚਿਆਂ ਦੇ ਝੂਲੇ ਤੇ ਓਪਨ ਜਿਮ ਪਿਛਲੀ ਨਗਰ ਕੌਂਸਲ ਵੱਲੋਂ ਬਣਾਇਆ ਗਿਆ ਸੀ ਪਰ ਅੱਜ ਇਸ ਥਾਂ ’ਤੇ ਗੰਦਗੀ ਦੇ ਢੇਰਾਂ ਤੋਂ ਬਦਬੂ ਫੈਲਦੀ ਹੈ। ਜਿਸ ਕਰ ਕੇ ਬੱਚਿਆਂ ਦੇ ਝੂਲੇ ਤੇ ਓਪਨ ਜਿਮ ’ਚ ਆਉਣ ਵਾਲੇ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਖ਼ਤਰਾ ਹੈ, ਕਈ ਵਾਰ ਤਾਂ ਬੱਚੇ ਖੇਡਦੇ-ਖੇਡਦੇ ਗੰਦਗੀ ਦੇ ਕੋਲ ਚਲੇ ਜਾਂਦੇ ਹਨ। ਬੱਚੇ ਨੂੰ ਪਾਰਕ ’ਚ ਲੈ ਕੇ ਆਈ ਇੱਕ ਔਰਤ ਅਮਨ ਨੇ ਕਿਹਾ ਕਿ ਪਾਰਕ ’ਚ ਗੰਦਗੀ ਨਾਲ ਬੱਚਿਆਂ ਨੂੰ ਬਿਮਾਰੀਆਂ ਦਾ ਖ਼ਤਰਾ ਹੈ, ਅਫ਼ਸਰਾਂ ਨੂੰ ਚਾਹੀਦਾ ਹੈ ਕਿ ਉਹ ਇਧਰ ਧਿਆਨ ਦੇਣ।
- ਪਾਰਕ ਦੇ ਨਜ਼ਦੀਕ ਸੇਵਾ ਕੇਂਦਰ
ਨਗਰ ਕੌਂਸਲ ਦੇ ਅੰਦਰ ਹੀ ਸਰਕਾਰੀ ਸੁਵਿਧਾਵਾਂ ਵਾਲਾ ਸੇਵਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਰੋਜ਼ਾਨਾ ਸੈਂਕੜੇ ਲੋਕ ਸ਼ਹਿਰ ਤੇ ਪਿੰਡਾਂ ’ਚ ਆਪਣੇ ਕੰਮਕਾਰਾਂ ਲਈ ਆਉਂਦੇ ਹਨ, ਕਈ ਵਿਅਕਤੀ ਕੁਝ ਪਲ ਫੁਰਸਤ ਦੌਰਾਨ ਜਾਂ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੇ ਲੰਚ ਟਾਈਮ ਪਾਰਕ ’ਚ ਬੈਠਦੇ ਹਨ ਤਾਂ ਉਹ ਵੀ ਗੰਦਗੀ ਦੇਖ ਕੇ ਹੈਰਾਨ ਹੁੰਦੇ ਹਨ। ਇਹ ਲੋਕਾਂ ਦਾ ਕਹਿਣਾ ਹੈ ਕਿ ਕੁਝ ਪਲ ਹੀ ਬੈਠਣਾ ਹੁੰਦਾ ਹੈ ਪਰ ਗੰਦਗੀ ਤੇ ਬਦਬੂ ਬੇਚੈਨ ਕਰ ਦਿੰਦੀ ਹੈ।
- ਸੈਨੇਟਰੀ ਇੰਸਪੈਕਟਰ ਨਹੀਂ ਚੁੱਕਦੇ ਮੋਬਾਈਲ
ਨਗਰ ਕੌਂਸਲ ਦੇ ਸੈਨੇਟਰੀ ਸ਼ਾਖਾ ਦੇ ਸੈਨੇਟਰੀ ਇੰਸਪੈਕਟਰ ਸਵਿਤਾ ਜੋਸ਼ੀ ਨੂੰ ਪਾਰਕ ’ਚ ਗੰਦਗੀ ਸਬੰਧੀ ਵਾਰ-ਵਾਰ ਮੋਬਾਈਲ ਫੋਨ ’ਤੇ ਘੰਟੀ ਕੀਤੀ ਤਾਂ ਉਨ੍ਹਾਂ ਨੇ ਆਪਣਾ ਫੋਨ ਨਹੀਂ ਚੁੱਕਿਆ। ਸ਼ਹਿਰ ਦੇ ਕੁਝ ਕੌਂਸਲਰਾਂ ਨੇ ਵੀ ਦੱਸਿਆ ਕਿ ਉਹ ਗੰਦਗੀ ਜਾਂ ਵਾਰਡ ਦੀ ਸਫ਼ਾਈ ਸਬੰਧੀ ਜਦੋਂ ਸੈਨੇਟਰੀ ਇੰਸਪੈਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਸਾਡਾ ਵੀ ਮੋਬਾਈਲ ਨਹੀਂ ਚੁੱਕਦੇ। ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਠਕ ਵੱਲੋਂ ਵੀ ਮੋਬਾਈਲ ਨਹੀਂ ਚੁੱਕਿਆ ਜਾਂਦਾ। ਈਓ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਪਤਾ ਕਰਵਾਉਣਗੇ, ਜੇਕਰ ਕਿਧਰੇ ਗੰਦਗੀ ਹੋਈ ਤਾਂ ਸਫ਼ਾਈ ਕਰਵਾਈ ਜਾਵੇਗੀ।