‘ਆਪ’ ਦਾ ਪ੍ਰਧਾਨ ਬਣਾਉਣ ਵਾਲੇ ਭਾਜਪਾਈ ਹੁਣ ਕਾਂਗਰਸ ਨਾਲ ‘ਆਪ’ ਦਾ ਪ੍ਰਧਾਨ ਬਣਾਉਣ ਵਾਲੇ ਭਾਜਪਾਈ ਹੁਣ ਕਾਂਗਰਸ ਨਾਲ
Publish Date: Tue, 18 Aug 2026 06:36 PM (IST)
Updated Date: Wed, 19 Aug 2026 04:00 AM (IST)
‘ਪੰਜਾਬੀ ਜਾਗਰਣ’ ਦੀ ਵਿਸ਼ੇਸ਼ ਹੈ। ਪ੍ਰਧਾਨ ਨਾਲ ਗੁੱਸੇ ਹੋਏ ਭਾਜਪਾਈਆਂ ਨੇ ਕਾਂਗਰਸ ਨਾਲ ਪਾਈ ‘ਆੜੀ’ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸਿਰਫ਼ ਸਵਾ ਕੁ ਮਹੀਨਾ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਕੇ ਉਨ੍ਹਾਂ ਦਾ ਪ੍ਰਧਾਨ ਬਣਾਉਣ ਵਾਲੇ ਭਾਜਪਾ ਦੇ ਕੌਂਸਲਰਾਂ ਨੇ ਹੁਣ ਕਾਂਗਰਸੀ ਕੌਂਸਲਰਾਂ ਨਾਲ ਆੜੀ ਪਾ ਲਈ ਹੈ। ਹਾਲਾਂਕਿ ਕਾਂਗਰਸ ਨਾਲ ਇਹ ਨਵੀਂ ਆੜੀ ਪੈਣ ਤੋਂ ਕੁਝ ਸਮੇਂ ਬਾਅਦ ਹੀ ਟੁੱਟ ਗਈ ਪਰ ਸ਼ਹਿਰ ਭਰ ਵਿਚ ਚਰਚਾ ’ਚ ਜ਼ਰੂਰ ਆ ਗਈ। ਕਾਂਗਰਸੀਆਂ ਨਾਲ ਭਾਜਪਾ ਕੌਂਸਲਰਾਂ ਦੀ ਆੜੀ ਦੇ ਸ਼ਹਿਰ ਭਰ ਵਿਚ ਬੋਰਡ ਵੀ ਲੱਗ ਚੁੱਕੇ ਹਨ। ਵਰਣਨਯੋਗ ਹੈ ਕਿ ਬੀਤੀ 2 ਜੁਲਾਈ ਨੂੰ ਆਮ ਆਦਮੀ ਪਾਰਟੀ ਦੇ ਕੰਵਰਪਾਲ ਸਿੰਘ ਨੂੰ ਭਾਜਪਾ ਦੇ 4 ਕੌਂਸਲਰਾਂ ਨੇ ਸਮਰਥਨ ਦਿੰਦਿਆਂ ਪ੍ਰਧਾਨ ਬਣਾਇਆ ਸੀ। ਜਗਰਾਓਂ ਨਗਰ ਕੌਂਸਲ ’ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ’ਚ ਗਠਜੋੜ ਦੇ ਸਵਾ ਮਹੀਨੇ ਵਿਚ ਹੀ ਤਰੇੜ ਪੈਣੀ ਸ਼ੁਰੂ ਹੋ ਗਈ। ਜਿਸ ਦੀ ਸ਼ੁਰੂਆਤ ਬੀਤੀ ਜਗਰਾਓਂ ਨਗਰ ਕੌਂਸਲ ਦੀ ਮੀਟਿੰਗ ਵਿਚ ਹੋਈ। ਬਾਕਸ ਨਗਰ ਕੌਂਸਲ ਦੀ ਮੀਟਿੰਗ ਤੋਂ ਸ਼ੁਰੂ ਹੋਇਆ ਮਤਭੇਦ ਜਗਰਾਓਂ ਨਗਰ ਕੌਂਸਲ ਦੀ ਨਵੀਂ ਟੀਮ ਦੀ ਪਹਿਲੀ ਮੀਟਿੰਗ ਵਿਚ ਸ਼ਹਿਰ ਦੇ ਪਾਣੀ ਨਿਕਾਸੀ ਲਈ ਆਏ ਕਰੋੜਾਂ ਦੇ ਫੰਡ ਲਈ ਜਦੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਕਰੈਡਿਟ ਲੈ ਰਹੇ ਸਨ ਤਾਂ ਮੀਟਿੰਗ ਵਿਚ ਭਾਜਪਾ ਦੇ ਬਣਾਏ ਗਏ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਪੱਪੂ ਨੇ ਕਿਹਾ ਕਿ ਪਾਣੀ ਨਿਕਾਸੀ ਲਈ ਸਾਰਾ ਫੰਡ ਕੇਂਦਰ ਦੀ ਭਾਜਪਾ ਸਰਕਾਰ ਨੇ ਜਾਰੀ ਕੀਤਾ ਹੈ, ਜਦਕਿ ਬਾਕੀ ਦਾ 20 ਫੀਸਦੀ ਨਗਰ ਕੌਂਸਲ ਜਗਰਾਓਂ ਨੇ ਦੇਣਾ ਹੈ। ਇਸ ਲਈ ਇਹ ਫੰਡ ਪੰਜਾਬ ਸਰਕਾਰ ਵੱਲੋਂ ਨਹੀਂ ਆਇਆ। ਬਾਕਸ ਫਿਰ ਵਿਧਾਇਕਾ ਨੇ ਵੀ ਕੀਤਾ ਪਲਟਵਾਰ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਪੱਪੂ ਵੱਲੋਂ ਪਾਣੀ ਨਿਕਾਸੀ ਦਾ ਕਰੈਡਿਟ ਕੇਂਦਰ ਦੀ ਭਾਜਪਾ ਸਰਕਾਰ ਦੀ ਝੋਲੀ ਪਾਉਣ ’ਤੇ ਕੁਝ ਦਿਨ ਪਹਿਲਾਂ ਜਗਰਾਓਂ ਨਗਰ ਕੌਂਸਲ ਦਫ਼ਤਰ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਪੁੱਜੇ। ਜਿੱਥੇ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਲਈ ਪ੍ਰਧਾਨ ਦੇ ਦਫ਼ਤਰ ਨਾਲ ਕਮਰੇ ’ਤੇ ਲੱਖਾਂ ਰੁਪਏ ਖਰਚ ਕਰਕੇ ਨਵਾਂ ਦਫ਼ਤਰ ਤਿਆਰ ਕੀਤਾ ਜਾ ਰਿਹਾ ਸੀ। ਇਸ ’ਤੇ ਵਿਧਾਇਕਾ ਨੇ ਪ੍ਰਧਾਨ ਨੂੰ ਨਿਰਦੇਸ਼ ਦਿੱਤੇ ਸਨ ਕਿ ਉਨ੍ਹਾਂ ਦੇ ਦਫ਼ਤਰ ਵਿਚ ਹੀ ਸੀਨੀਅਰ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਕੁਰਸੀਆਂ ਲਗਾਈਆਂ ਜਾਣ ਅਤੇ ਨਵੇਂ ਬਣ ਰਹੇ ਦਫ਼ਤਰ ਵਿਚ ਸਟਾਫ਼ ਨੂੰ ਬਿਠਾਇਆ ਜਾਵੇ। ਬਾਕਸ ਹੁਣ ਇਕੱਲੇ ਆਪ ਕੌਂਸਲਰਾਂ ਦੀ ਫੋਟੋਆਂ ਲਗਾਉਣ ’ਤੇ ਭਖਿਆ ਵਿਵਾਦ ਜਗਰਾਓਂ ਵਿਚ ਆਜ਼ਾਦੀ ਦਿਹਾੜੇ ਸਮਾਗਮਾਂ ਨੂੰ ਲੈ ਕੇ ਸ਼ਹਿਰ ਦੀ ਸੱਤਾਧਿਰ ਪਾਰਟੀ ਆਪ ਦੇ ਕੌਂਸਲਰਾਂ ਦੀਆਂ ਤਸਵੀਰਾਂ ਵਾਲੇ ਬੋਰਡ ਲਗਾਏ ਗਏ। ਸ਼ਹਿਰ ਭਰ ਵਿਚ ਲਗਾਏ ਗਏ ਇਨ੍ਹਾਂ ਬੋਰਡਾਂ ’ਤੇ ਗਠਜੋੜ ਵਾਲੇ ਭਾਜਪਾ ਕੌਂਸਲਰਾਂ ਦੀਆਂ ਤਸਵੀਰਾਂ ਗਾਇਬ ਸਨ। ਜਿਸ ਤੋਂ ਬਾਅਦ ਭਾਜਪਾ ਕੌਂਸਲਰਾਂ ਨੇ ਕਾਂਗਰਸੀਆਂ ਨਾਲ ਗੰਢਤੁਪ ਕੀਤੀ ਅਤੇ ਅਗਲੇ ਹੀ ਦਿਨ ਸ਼ਹਿਰ ਵਿਚ ਹੋਰ ਨਵੇਂ ਬੋਰਡ ਲਗਾਏ ਗਏ। ਇਨ੍ਹਾਂ ਬੋਰਡਾਂ ’ਤੇ ਭਾਜਪਾ ਅਤੇ ਕਾਂਗਰਸ ਦੇ ਕੌਂਸਲਰਾਂ ਦੀਆਂ ਤਸਵੀਰਾਂ ਲੱਗੀਆਂ ਸਨ। ਜਿਸ ਨੂੰ ਲੈ ਕੇ ਭਾਜਪਾ ਅਤੇ ਕਾਂਗਰਸੀਆਂ ਦੀ ਆੜੀ ਦੇ ਚਰਚੇ ਸ਼ਹਿਰ ਭਰ ਵਿਚ ਛਾ ਗਏ। ਬਾਕਸ ਪ੍ਰਧਾਨ ਨੇ ਨਵੀਂ ਪਈ ਆੜੀ ਨੂੰ ਪੱਕੀ ਹੋਣ ਤੋਂ ਪਹਿਲਾਂ ਤੋੜਿਆ ਜਗਰਾਓਂ ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ ਨੇ ਭਾਜਪਾ ਨਾਲ ਸ਼ੁਰੂ ਹੋਈ ਦਰਾਰ ਉਨ੍ਹਾਂ ਦੀ ਕੁਰਸੀ ਲਈ ਖ਼ਤਰਾ ਨਾ ਬਣ ਜਾਵੇ, ਇਸ ਤੋਂ ਪਹਿਲਾਂ ਹੀ ਉਨ੍ਹਾਂ ਭਾਜਪਾ ਦੇ ਕੌਂਸਲਰਾਂ ਨਾਲ ਮੀਟਿੰਗਾਂ ਕਰਕੇ ਇਸ ਮੁੱਦੇ ਨੂੰ ਇੱਕ ਵਾਰ ਵਿਵਾਦ ਬਨਣ ਤੋਂ ਪਹਿਲਾਂ ਸੁਲਝਾ ਲਿਆ। ਇਸ ਸਬੰਧ ਵਿਚ ਭਾਜਪਾ ਕੌਂਸਲਰਾਂ ਨੇ ਸ਼ਿਕਾਇਤਾਂ ਗਿਣਾਉਂਦਿਆਂ ਅੱਗੇ ਤੋਂ ਅਜਿਹਾ ਨਾ ਹੋਣ ਦਾ ਪ੍ਰਧਾਨ ਤੋਂ ਵਾਅਦਾ ਲਿਆ।