- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦਾ ਮਿਡਲ-ਬਾਬਾ ਸਾਹਿਬ ਡਾ. ਅੰਬੇਡਕਰ ਦੀ ਪ੍ਰਤਿਮਾ ਦੇ ਆਲੇ-ਦੁਆਲੇ ਲੱਗੇ ਸ਼ੀਸ਼ੇ ਟੁੱਟਣ ਕਰਕੇ ਮਹੌਲ ਤਣਾਅਪੂਰਨ ਬਣਿਆ

-ਪੱਥਰ ਮਾਰ ਕੇ ਸ਼ੀਸ਼ਾ ਤੋੜਨ ਵਾਲੀ ਔਰਤ ਸੀਸੀਟੀਵੀ ’ਚ ਕੈਦ, ਬਸਪਾ ਜ਼ਿਲ੍ਹਾ ਪ੍ਰਧਾਨ ਦੇ ਬਿਆਨ ’ਤੇ ਕੇਸ ਦਰਜ, ਕੁੱਝ ਘੰਟਿਆਂ ’ਚ ਕੀਤਾ ਕਾਬੂ
25, 26
ਗੌਰਵ ਸਲੂਜਾ/ਰਾਣਾ ਮੱਲ ਤੇਜੀ/ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿਖੇ ਸਥਿਤ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦੀ ਪ੍ਰਤਿਮਾ ਦੇ ਆਲੇ-ਦੁਆਲੇ ਲੱਗੇ ਸ਼ੀਸ਼ਿਆਂ ਦੀ ਭੰਨ-ਤੋੜ ਹੋਣ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ। ਐੱਸਸੀ ਭਾਈਚਾਰੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫ਼ੀ ਰੌਸ ਪਾਇਆ ਗਿਆ। ਪਰ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਸੀਟੀਵੀ ਫੁਟੇਜ ਵਿੱਚ ਉਕਤ ਔਰਤ ਪੱਥਰ ਮਾਰ ਕੇ ਬੁੱਤ ਦੇ ਦੁਆਲੇ ਲੱਗੇ ਸ਼ੀਸ਼ੇ ਤੋੜਦੀ ਦਿਖਾਈ ਦਿੱਤੀ ਸੀ। ਪੁਲਿਸ ਨੇ ਬਸਪਾ ਦੇ ਲੁਧਿਆਣਾ ਦੇ ਪ੍ਰਧਾਨ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੀ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਜਾਣਕਾਰੀ ਅਨੁਸਾਰ 30 ਅਕਤੂਬਰ ਨੂੰ ਜਲੰਧਰ ਬਾਈਪਾਸ ਚੌਂਕ ਵਿੱਚ ਡਾ. ਅੰਬੇਡਕਰ ਦੇ ਬੁੱਤ ਦੁਆਲੇ ਲੱਗੇ ਸ਼ੀਸ਼ਿਆਂ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਪੱਥਰ ਮਾਰ ਕੇ ਤੋੜ ਦਿੱਤਾ ਗਿਆ ਸੀ। ਇਸਦੀ ਜਾਣਕਾਰੀ ਮਿਲਣ ਤੋਂ ਬਾਅਦ ਬਸਪਾ ਦੇ ਲੁਧਿਆਣਾ ਦੇ ਪ੍ਰਧਾਨ ਬਲਵਿੰਦਰ ਸਿੰਘ ਉਰਫ਼ ਜੱਸੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬਸਪਾ ਪਾਰਟੀ ਲੁਧਿਆਣਾ ਦੇ ਮੌਜੂਦਾ ਪ੍ਰਧਾਨ ਹਨ। ਉਨ੍ਹਾਂ ਦੱਸਿਆ ਕਿ ਡਾ. ਅੰਬੇਡਕਰ ਦੇ ਬੁੱਤ ਨਾਲ ਲੱਗੇ ਸ਼ੀਸ਼ਿਆਂ ਦੀ ਭੰਨ-ਤੋੜ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਜਦੋਂ ਉਹ ਸਾਥੀਆਂ ਸਮੇਤ ਮੌਕੇ ’ਤੇ ਪੁੱਜੇ, ਤਾਂ ਇਸ ਸਬੰਧੀ ਪੁਲਿਸ ਨੂੰ ਸੱਦਿਆ। ਸੀਸੀਟੀਵੀ ਫੁਟੇਜ ਚੈੱਕ ਕਰਨ ’ਤੇ ਸਾਹਮਣੇ ਆਇਆ ਕਿ ਇੱਕ ਔਰਤ ਵੱਲੋਂ ਪੱਥਰ ਮਾਰ ਕੇ ਬੁੱਤ ਦੇ ਸ਼ੀਸ਼ੇ ਤੋੜੇ ਗਏ ਸਨ। ਇਸ ਦੌਰਾਨ ਜੀਟੀ ਰੋਡ ਵਾਲੇ ਪਾਸੇ ਲੱਗਿਆ ਸ਼ੀਸ਼ਾ ਵੀ ਟੁੱਟ ਗਿਆ ਸੀ।
ਜ਼ਿਕਰਯੋਗ ਹੈ ਕਿ ਜਲੰਧਰ ਬਾਈਪਾਸ ਚੌਂਕ ਵਿੱਚ ਬਾਬਾ ਸਾਹਿਬ ਦੇ ਬੁੱਤ ਨਾਲ ਇਹ ਤੀਜੀ ਵਾਰ ਛੇੜਛਾੜ ਤੇ ਭੰਨਤੋੜ ਦੀ ਘਟਨਾ ਸਾਹਮਣੇ ਆਈ ਸੀ, ਜਿਸ ਕਾਰਨ ਐੱਸਸੀ ਸਮਾਜ ਤੇ ਵੱਖ-ਵੱਖ ਜਥੇਬੰਦੀਆਂ ’ਚ ਰੋਸ ਪਾਇਆ ਜਾ ਰਿਹਾ ਸੀ। ਲੋਕਾਂ ਵੱਲੋਂ ਇਸ ਘਟਨਾ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਉਂਦਿਆਂ ਦੋਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਉੱਥੇ ਹੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਔਰਤ ਦੀ ਪਛਾਣ ’ਤੇ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਟੀਮ ਨੇ ਕੁੱਝ ਹੀ ਘੰਟਿਆਂ ਵਿੱਚ ਬਾਈਪਾਸ ਦੇ ਆਲੇ-ਦੁਆਲੇ ਘੁੰਮ ਰਹੀ ਉਕਤ ਔਰਤ ਨੂੰ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਸਲੇਮ ਟਾਬਰੀ ਦੇ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਲਦ ਹੀ ਉਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
-ਬਾਕਸ-
-ਡਾ. ਅੰਬੇਡਕਰ ਦੇ ਬੁੱਤ ਨਾਲ ਹੋ ਰਹੀ ਛੇੜਛਾੜ ਸੂਬਾ ਸਰਕਾਰ ਦੇ ਮੱਥੇ ’ਤੇ 14ਵਾਂ ਕਲੰਕ : ਕਰੀਮਪੁਰੀ
27) ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੇੜੇ ਰੋਸ ਪ੍ਰਗਟਾਉਂਦੇ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੇ ਹੋਰ।
ਸਥਾਨਕ ਜਲੰਧਰ ਬਾਈਪਾਸ ਚੌਂਕ ਵਿਖੇ ਸਥਾਪਿਤ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਸਾਹਮਣੇ ਆਈ ਹੈ। ਇਹ ਤੀਜੀ ਵਾਰ ਹੈ ਜਦੋਂ ਇਸੇ ਥਾਂ 'ਤੇ ਬਾਬਾ ਸਾਹਿਬ ਦੇ ਬੁੱਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਬਹੁਜਨ ਸਮਾਜ ਦੇ ਲੋਕਾਂ ਵਿੱਚ ਭਾਰੀ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ। ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ 'ਤੇ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਨਾਲ ਵਾਰ-ਵਾਰ ਹੋ ਰਹੀ ਛੇੜਛਾੜ ਦਾ ਕਲੰਕ ਸਿੱਧੇ ਤੌਰ 'ਤੇ ਭਗਵੰਤ ਮਾਨ ਸਰਕਾਰ ਦੇ ਮੱਥੇ 'ਤੇ 14ਵਾਂ ਕਲੰਕ ਲੱਗਿਆ ਹੈ। ਕਰੀਮਪੁਰੀ ਅਨੁਸਾਰ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ’ਚ ਹੁਣ ਤੱਕ ਡਾ. ਅੰਬੇਡਕਰ ਦੇ ਬੁੱਤਾਂ ਨਾਲ ਛੇੜਛਾੜ ਦੀਆਂ 13 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ, ਜੋ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀਆਂ ਹਨ। ਕਰੀਮਪੁਰੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਕੇਂਦਰ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੋਵਾਂ ਦੇ ਮਨਾਂ ਵਿੱਚ ਸੰਵਿਧਾਨ ਤੇ ਡਾ. ਅੰਬੇਡਕਰ ਪ੍ਰਤੀ ਨਫ਼ਰਤ ਭਰੀ ਹੋਈ ਹੈ। ਦੋਵੇਂ ਸਰਕਾਰਾਂ ਬੁੱਤਾਂ ਦੀ ਸੁਰੱਖਿਆ ਕਰਨ ਵਿੱਚ ਗੰਭੀਰ ਨਹੀਂ ਹਨ। ਇਸ ਮੌਕੇ ਸੂਬਾ ਜਨਰਲ ਸਕੱਤਰ ਬਲਵਿੰਦਰ ਬਿੱਟਾ, ਜ਼ਿਲ੍ਹਾ ਲੋਕ ਸਭਾ ਇੰਚਾਰਜ ਜੀਤ ਰਾਮ ਬਸਰਾ, ਨਰੇਸ਼ ਬਸਰਾ, ਰਜਿੰਦਰ ਨਿੱਕਾ, ਅਮਨ, ਪ੍ਰਵੀਨ ਕੁਮਾਰ, ਗੁਰਮੇਲ ਸਿੰਘ, ਰੁਲਦਾ ਰਾਮ, ਡਾ. ਰੋਸ਼ਨ, ਸੋਨੂੰ ਅੰਬੇਡਕਰੀ ਬਿੱਟੂ ਸ਼ੇਰਪੁਰੀ ਸਮੇਤ ਵੱਡੀ ਗਿਣਤੀ ’ਚ ਵਰਕਰਜ਼ ਹਾਜ਼ਰ ਸਨ।
-ਬਾਕਸ-
-ਡਾ. ਅੰਬੇਡਕਰ ਦੇ ਬੁੱਤ ਦਾ ਮੁੜ ਅਪਮਾਨ ਹੋਣਾ ਸਰਕਾਰ ਦੇ ਨਿਕੰਮੇਪਣ ਦਾ ਨਤੀਜਾ : ਲਵ ਦਰਾਵਿੜ
28) ਲਵ ਦਰਾਵਿੜ।
ਪੰਜਾਬ ਵਿਚ ਵਾਰ ਵਾਰ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦਾ ਹੋ ਰਿਹਾ ਅਪਮਾਨ ਪੰਜਾਬ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦਾ ਨਤੀਜਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਆਗੂ ਲਵ ਦਰਾਵਿੜ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਵਿਚ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਲੁਧਿਆਣਾ ਸਮੇਤ ਬਾਕੀ ਸ਼ਹਿਰਾਂ ਵਿਚ ਵੀ ਲਗਾਤਾਰ ਬਾਬਾ ਸਾਹਿਬ ਦੇ ਬੁੱਤ ਦਾ ਅਪਮਾਨ ਹੋ ਰਿਹਾ ਹੈ ਅਤੇ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਲੁਧਿਆਣਾ ਸ਼ਹਿਰ ਵਿਚ ਵਾਰ ਵਾਰ ਪ੍ਰਸ਼ਾਸ਼ਨ ਨੂੰ ਚੋਕੰਨਾ ਕਰਨ ਦੇ ਬਾਵਜੂਦ ਇਹ ਤੀਜੀ ਘਟਨਾ ਹੈ। ਜਿਸ ਵਿਚ ਸ਼ਰਾਰਤੀ ਅਨਸਰਾਂ ਵਲੋਂ ਬਾਬਾ ਸਾਹਿਬ ਦੇ ਬੁੱਤ ਦਾ ਅਪਮਾਨ ਕਰਨ ਦੀ ਕੋਸਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਅਜਿਹੀ ਘਟਨਾ ਹੋ ਜਾਂਦੀ ਤਾਂ ਸਰਕਾਰ ਗੂੜੀ ਨੀਂਦ ਸੌ ਜਾਂਦੀ ਹੈ ਅਤੇ ਡੇਢ ਮਹੀਨੇ ਪਹਿਲਾਂ ਡਾ. ਅੰਬੇਡਕਰ ਜੀ ਦੇ ਬੁੱਤ ਦਾ ਅਪਮਾਨ ਕੀਤਾ ਗਿਆ ਸੀ, ਤਾਂ ਵੀ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੇ ਇਸ ਘਟਨਾ ਦੀ ਸਾਰ ਲੈਣਾ ਜ਼ਰੂਰੀ ਨਹੀਂ ਸਮਝਿਆ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਵਾਰ ਵਾਰ ਚੇਤਾਵਨੀ ਦੇਣ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਨੇ ਸਿਰਫ਼ ਕੈਮਰੇ ਲਾ ਕੇ ਖਾਨਾਪੂਰਤੀ ਕੀਤੀ ਹੈ ਅਤੇ ਜੇਕਰ ਚੌਂਕ ਵਿਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਹੁੰਦੇ ਹਨ, ਤਾਂ ਅਜਿਹੀ ਘਟਨਾ ਤੀਜੀ ਵਾਰ ਨਾ ਵਾਪਰਦੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਪੰਜਾਬ ਸਰਕਾਰ ਡਾ. ਅੰਬੇਡਕਰ ਜੀ ਦੀਆਂ ਫੋਟੋਆਂ ਦਫ਼ਤਰ ਵਿਚ ਲਾ ਕੇ ਪੰਜਾਬ ਸਰਕਾਰ ਸਿਰਫ਼ ਤੇ ਸਿਰਫ਼ ਵਿਖਾਵਾ ਕਰ ਰਹੀ ਹੈ, ਕਿਉਂਕਿ ਜੇਕਰ ਸਰਕਾਰ ਡਾ. ਅੰਬੇਡਕਰ ਜੀ ਨੂੰ ਸਹੀ ਅਰਥਾਂ ’ਚ ਸਨਮਾਨ ਦੇਣਾ ਚਾਹੁੰਦੀ ਹੈ। ਅਜਿਹੀਆਂ ਘਟਨਾਵਾਂ ਤੇ ਖਾਨਾਪੂਰਤੀ ਕਰਨੀ ਦੀ ਬਜਾਏ ਮੌਕੇ ’ਤੇ ਮੁੱਖ ਮੰਤਰੀ, ਮੰਤਰੀ ਜਾਂ ਵਿਧਾਇਕਾਂ ਵੱਲੋਂ ਘਟਨਾ ਦਾ ਦੌਰਾ ਕੀਤਾਂ ਜਾਂਦਾ ਪ੍ਰੰਤੂ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।
-ਬਾਕਸ-
-ਡਾ. ਅੰਬੇਡਕਰ ਦੇ ਬੁੱਤ ਦਾ ਮੁੜ ਅਪਮਾਨ ਬਾਰੇ ਐੱਸਸੀ ਸਮਾਜ ਦੀ ਹੰਗਾਮੀ ਮੀਟਿੰਗ ਅੱਜ : ਚੌਧਰੀ ਯਸ਼ਪਾਲ
29) ਡਾ. ਅੰਬੇਡਕਰ ਦੇ ਬੁੱਤ ਅੱਗੇ ਰੋਸ ਪ੍ਰਗਟਾਉਂਦੇ ਚੌਧਰੀ ਯਸ਼ਪਾਲ ਤੇ ਨਾਲ ਹੋਰ।
ਡਾ. ਅੰਬੇਡਕਰ ਜੀ ਦੇ ਬੁੱਤ ਦਾ ਡੇਢ ਮਹੀਨੇ ਵਿਚ ਦੂਸਰੀ ਵਾਰ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਸਬੰਧੀ ਐੱਸਸੀ ਸਮਾਜ ਵਿਚ ਰੋਸ ਪਾਇਆ ਜਾ ਰਿਹਾ ਹੈ। ਉਕਤ ਅੱਜ ਸਵੇਰੇ 9: 30 ਵਜੇ ਦੀ ਹੈ, ਜਦੋਂ ਸ਼ਹਿਰ ਵਿਚ ਆਮ ਦਿਨ ਦੀ ਤਰ੍ਹਾਂ ਆਪਣੇ ਕੰਮਾਂ ਕਾਰਾਂ ਉਤੇ ਜਾ ਰਹੇ ਹਨ ਤਾਂ ਉਸ ਵੇਲੇ ਇਕ ਮਹਿਲਾ ਵੱਲੋਂ ਡਾ. ਅੰਬੇਡਕਰ ਜੀ ਦੇ ਬੁੱਤ ਦੇ ਆਲੇ ਦੁਆਲੇ ਲੱਗੇ ਸ਼ੀਸ਼ੇ ਇੱਟਾਂ ਨਾਲ ਤੋੜ ਕੇ ਇਸ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਸੰਬੰਧੀ ਅੱਜ ਸ਼ਹਿਰ ਵਿਚ ਤਣਾਅ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ। ਜਿਥੇ ਐੱਸਸੀ ਸਮਾਜ ਦੇ ਆਗੂਆਂ ਵਲੋਂ ਜਲੰਧਰ ਬਾਈਪਾਸ ਵਿਖੇ ਇਕੱਠੇ ਹੋਏ ਪੰਜਾਬ ਅਤੇ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਭਾਵਾਧਸ ਦੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਪੂਰੇ ਪੰਜਾਬ ਵਿਚ ਥਾਂ ਥਾਂ ਉਤੇ ਡਾ. ਅੰਬੇਡਕਰ ਜੀ ਦੇ ਬੁੱਤਾਂ ਦਾ ਅਪਮਾਨ ਸਾਜਿਸ਼ਾਂ ਤਹਿਤ ਹੋ ਰਿਹਾ ਹੈ। ਵਾਰ-ਵਾਰ ਪ੍ਰਸ਼ਾਸਨ ਨੂੰ ਸਤਰਕ ਕਰਨ ਦੇ ਬਾਵਜੂਦ ਵੀ ਅੱਜ ਡੇਢ ਮਹੀਨੇ ਵਿਚ ਡਾ. ਅੰਬੇਡਕਰ ਜੀ ਦੇ ਬੁੱਤ ਦਾ ਅਪਮਾਨ ਕਰਨ ਦੀ ਦੂਜੀ ਘਟਨਾ ਵਾਪਰੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਪਿਆ ਹੈ ਇਹ ਉਦੋਂ ਹੀ ਜਾਗੇਗਾ, ਉਦੋਂ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇਗੀ। ਉਨ੍ਹਾਂ ਦੱਸਿਆ ਪਿਛਲੀ ਵਾਰ ਜਦੋਂ ਬੇਅਦਬੀ ਦੀ ਘਟਨਾ ਵਾਪਰੀ ਸੀ ਤਾਂ ਐਕਸ਼ਨ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਆਪਣੀਆਂ ਮੰਗਾਂ ਬਾਰੇ ਵਿਸਥਾਰ ਨਾਲ ਦੱਸਿਆ, ਪ੍ਰੰਤੂ ਪ੍ਰਸ਼ਾਸ਼ਨ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਸਿਰਫ਼ ਤੇ ਸਿਰਫ਼ ਬੁੱਤ ਤੇ ਆਲੇ ਦੁਆਲੇ ਕੈਮਰੇ ਹੀ ਲੱਗੇ ਸਨ। ਜਦੋਂ ਕਿ ਬਾਕੀ ਮੰਗਾਂ ਨੂੰ ਦਰਕਿਨਾਰ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਐੱਸਸੀ ਸਮਾਜ ਹੁਣ ਚੁੱਪ ਰਹਿਣ ਵਾਲਾ ਨਹੀਂ ਹੈ ਤੇ ਉਕਤ ਘਟਨਾ ਦੇ ਰੋਸ ’ਚ ਐੱਸਸੀ ਸਮਾਜ ਦੀ ਹੰਗਾਮੀ ਮੀਟਿੰਗ 31 ਅਕਤੂਬਰ ਨੂੰ ਬਾਅਦ ਦੁਪਹਿਰ ਡਾ. ਅੰਬੇਡਕਰ ਭਵਨ ਜਲੰਧਰ ਬਾਈਪਾਸ ਵਿਖੇ ਬੁਲਾਈ ਹੈ, ਜਿਸ ’ਚ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਨਰਿੰਦਰ ਆਦਿਆ, ਵਿਪਨ ਕਲਿਆਣ, ਵਿੱਕੀ ਸਹੋਤਾ, ਸੁਰੇਸ ਸ਼ੈਲੀ, ਲੱਕੀ ਨਾਹਰ, ਬਲਵਿੰਦਰ ਬਿੱਟਾ, ਦੀਪੂ ਘਈ, ਜਸਵਿੰਦਰ ਜੱਸੀ, ਸੰਜੇ ਦਿਸ਼ਾਵਰ, ਸ਼ਾਮ ਬੋਹਤ, ਨੇਤਾ ਜੀ ਸੌਂਧੀ, ਰਤਨ ਵੜੈਚ, ਅਦਿੱਤਯ ਬੱਗਣ, ਪੱਪਾ ਬੱਤਰਾ, ਕਾਲੀ ਘਈ ਆਦਿ ਹਾਜ਼ਰ ਸਨ।