ਮੀਂਹ ਪੈਣ ਨਾਲ ਤਾਪਮਾਨ ’ਚ ਆਈ ਗਿਰਾਵਟ, ਮੌਸਮ ਹੋਇਆ ਸੁਹਾਵਣਾ
ਮੀਂਹ ਪੈਣ ਨਾਲ ਤਾਪਮਾਨ ਵਿੱਚ ਆਈ ਗਿਰਾਵਟ, ਮੌਸਮ ਹੋਇਆ ਸੁਹਾਵਣਾ
Publish Date: Sat, 13 Jun 2026 07:30 PM (IST)
Updated Date: Sun, 14 Jun 2026 04:06 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਦੇ ਉਦਯੋਗਿਕ ਸ਼ਹਿਰ ਵਿੱਚ ਮੌਸਮ ਦੇ ਬਦਲੇ ਮਿਜ਼ਾਜ ਨੇ ਲੋਕਾਂ ਨੂੰ ਤਪਦੀ ਗਰਮੀ ਤੋਂ ਕਾਫ਼ੀ ਹੱਦ ਤੱਕ ਰਾਹਤ ਦਿੱਤੀ। ਹਲਕੀ ਤੋਂ ਦਰਮਿਆਨੀ ਬਾਰਿਸ਼ ਕਾਰਨ ਸ਼ਹਿਰ ਦੇ ਤਾਪਮਾਨ ਵਿੱਚ ਲਗਭਗ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਮਾਹੌਲ ਸੁਹਾਵਣਾ ਬਣਿਆ ਰਿਹਾ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਲੂ ਤੋਂ ਪਰੇਸ਼ਾਨ ਲੋਕਾਂ ਨੇ ਖੁਸ਼ਗਵਾਰ ਮੌਸਮ ਦਾ ਆਨੰਦ ਮਾਣਿਆ। ਸਵੇਰੇ ਦੇ ਸਮੇਂ ਸ਼ਹਿਰ ਵਿੱਚ ਹਲਕੇ ਬੱਦਲ ਛਾਏ ਰਹੇ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ। ਸਵੇਰੇ ਸ਼ਹਿਰ ਦੇ ਕਈ ਇਲਾਕਿਆਂ ਜਿਵੇਂ ਕਿ ਸਰਾਭਾ ਨਗਰ, ਦੁੱਗਰੀ, ਫਿਰੋਜ਼ਪੁਰ ਰੋਡ, ਮਾਡਲ ਟਾਊਨ ਅਤੇ ਚੰਡੀਗੜ੍ਹ ਰੋਡ ਤੇ ਲੋਕ ਸੈਰ ਕਰਦੇ ਨਜ਼ਰ ਆਏ। ਆਮ ਦਿਨਾਂ ਦੇ ਮੁਕਾਬਲੇ ਪਾਰਕਾਂ ਅਤੇ ਖੁੱਲ੍ਹੇ ਮੈਦਾਨਾਂ ਵਿੱਚ ਵੀ ਵਧੇਰੇ ਭੀੜ ਦੇਖਣ ਨੂੰ ਮਿਲੀ। ਲੋਕਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਤੋਂ ਲਗਾਤਾਰ ਚੱਲ ਰਹੀ ਗਰਮੀ ਕਾਰਨ ਜੀਵਨ ਪ੍ਰਭਾਵਿਤ ਹੋ ਰਿਹਾ ਸੀ, ਪਰ ਅੱਜ ਦੇ ਮੌਸਮ ਨੇ ਕੁੱਝ ਰਾਹਤ ਦਿੱਤੀ ਹੈ। ਖੇਤੀ ਮਾਹਿਰਾਂ ਅਨੁਸਾਰ ਹਲਕੀ ਬਾਰਿਸ਼ ਨਾਲ ਜ਼ਮੀਨ ਵਿੱਚ ਨਮੀ ਵਧਦੀ ਹੈ, ਜਿਸ ਨਾਲ ਆਉਣ ਵਾਲੀਆਂ ਫਸਲਾਂ ਲਈ ਤਿਆਰੀ ਆਸਾਨ ਹੋ ਜਾਂਦੀ ਹੈ। ਹਾਲਾਂਕਿ, ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਸਮ ਦੀਆਂ ਅਗਲੀਆਂ ਜਾਣਕਾਰੀਆਂ ਤੇ ਨਜ਼ਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੇ ਮੌਸਮੀ ਬਦਲਾਅ ਲਈ ਤਿਆਰ ਰਹਿਣ। ਦੂਜੇ ਪਾਸੇ ਸਿਹਤ ਵਿਭਾਗ ਨੇ ਵੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਬਰਸਾਤੀ ਮੌਸਮ ਦੀ ਸ਼ੁਰੂਆਤ ਨਾਲ ਮੱਛਰਾਂ ਦੇ ਪੈਦਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਸ਼ਹਿਰ ਵਿੱਚ ਅੱਜ ਹਵਾ ਦੀ ਗੁਣਵੱਤਾ ਵੀ ਕੁਝ ਹੱਦ ਤੱਕ ਸੁਧਰੀ ਹੋਈ ਨਜ਼ਰ ਆਈ। ਮਾਹਿਰਾਂ ਦਾ ਮੰਨਣਾ ਹੈ ਕਿ ਬਾਰਿਸ਼ ਧੂੜ ਦੇ ਕਣਾਂ ਨੂੰ ਹੇਠਾਂ ਬਿਠਾ ਦਿੰਦੀ ਹੈ, ਜਿਸ ਨਾਲ ਹਵਾ ਹੋਰ ਸਾਫ਼ ਮਹਿਸੂਸ ਹੁੰਦੀ ਹੈ। ਇਹ ਹਾਲਾਤ ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਲਾਭਦਾਇਕ ਸਾਬਤ ਹੁੰਦੇ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਤੋਂ 48 ਘੰਟਿਆਂ ਦੌਰਾਨ ਵੀ ਅੰਸ਼ਕ ਬੱਦਲ ਛਾਏ ਰਹਿਣ ਅਤੇ ਕੁੱਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਜਾਂ ਗਰਜ-ਚਮਕ ਨਾਲ ਬੂੰਦਾਬਾਂਦੀ ਦੀ ਸੰਭਾਵਨਾ ਜਤਾਈ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹਾ ਹੀ ਮੌਸਮ ਬਣਿਆ ਰਹਿੰਦਾ ਹੈ ਤਾਂ ਲੋਕਾਂ ਨੂੰ ਗਰਮੀ ਤੋਂ ਹੋਰ ਵੀ ਵੱਡੀ ਰਾਹਤ ਮਿਲ ਸਕਦੀ ਹੈ, ਨਾਲ ਹੀ ਮਾਨਸੂਨ ਦੀ ਆਮਦ ਦਾ ਇੰਤਜ਼ਾਰ ਵੀ ਖਤਮ ਹੋ ਸਕਦਾ ਹੈ। ਬਾਕਸ--- ਬਰਸਾਤ ਤੇ ਝੱਖੜ ਨੇ ਕੀਤਾ ਮੱਕੀ ਦੀ ਫਸਲ ਦਾ ਨੁਕਸਾਨ : ਗੁਰਦੀਪ ਸਿੰਘ ਮੱਕੀ ਦੀ ਪੱਕੀ ਹੋਈ ਫਸਲ ਉੱਪਰ ਹੋਈ ਬਰਸਾਤ ਅਤੇ ਝੱਖੜ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਕਿਸਾਨ ਆਗੂ ਗੁਰਦੀਪ ਸਿੰਘ ਬਰਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਮਐਸਪੀ ਦਾ ਗਾਰੰਟੀ ਕਾਨੂੰਨ ਨਾਂ ਹੋਣ ਕਾਰਨ ਐਮਐਸਪੀ ਤੋਂ ਥੱਲੇ ਮੱਕੀ ਦੀ ਫਸਲ ਵੇਚਣ ਲਈ ਮਜਬੂਰ ਕਿਸਾਨਾਂ ਦਾ ਬਰਸਾਤ ’ਤੇ ਝੱਖੜ ਨੇ ਬਹੁਤ ਨੁਕਸਾਨ ਕੀਤਾ ਹੈ। ਪਿਛਲੇ ਦਿਨਾਂ ਦੌਰਾਨ ਦੋ ਵਾਰੀ ਬਰਸਾਤ ਦੇ ਨਾਲ ਆਏ ਝੱਖੜ ਨੇ ਮੱਕੀ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਮੱਕੀ ਦੀ ਫਸਲ ਧਰਤੀ ਤੇ ਡਿੱਗਣ ਕਰਕੇ ਕੰਬਾਇਨ ਦੇ ਕੱਟਣ ਯੋਗ ਨਹੀਂ ਰਹੀ। ਮੱਕੇ ਦੀ ਫਸਲ ਧਰਤੀ ਉੱਪਰ ਡਿੱਗਣ ਕਾਰਨ ਕਿਸਾਨਾਂ ਦਾ ਲੇਬਰ ਖਰਚ ਹੋਰ ਵਧ ਗਿਆ ਹੈ। ਕਿਸਾਨ ਆਗੂ ਗੁਰਦੀਪ ਸਿੰਘ ਬਰਮਾਂ ਨੇ ਇਹ ਵੀ ਕਿਹਾ ਕਿ ਜਿੱਥੇ ਇਸ ਬਰਸਾਤ ਨੇ ਤਾਪਮਾਨ ਵਿੱਚ ਗਿਰਾਵਟ ਲਿਆ ਕੇ ਗਰਮੀ ਤੋ ਰਾਹਤ ਦਿੱਤੀ ਹੈ ਉੱਥੇ ਹੀ ਬਰਸਾਤ ਦੇ ਨਾਲ ਆਏ ਝੱਖੜ ਨੇ ਦਰੱਖਤਾਂ ਦਾ ਅਤੇ ਮੱਕੀਆਂ ਦਾ ਕਾਫੀ ਨੁਕਸਾਨ ਕੀਤਾ ਹੈ। ਅਸੀਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਜਦੋਂ ਹੀ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਪੱਕ ਕੇ ਤਿਆਰ ਹੁੰਦੀ ਹੈ ਤਾਂ ਫੇਰ ਉਸ ਸਮੇਂ ਸਰਕਾਰਾਂ ਵੱਲੋਂ ਐਲਾਨੀ ਗਈ ਐੱਮਐੱਸਪੀ ਤੋਂ ਥੱਲੇ ਫਸਲ ਵੇਚਣ ਲਈ ਮਜਬੂਰ ਕਿਸਾਨਾਂ ਉੱਪਰ ਕੁਦਰਤ ਵੀ ਕਿਸਾਨਾਂ ਪ੍ਰਤੀ ਕਹਿਰਵਾਨ ਹੋ ਜਾਂਦੀ ਹੈ। ਇਸ ਕਾਰਨ ਪਹਿਲਾਂ ਹੀ ਆਰਥਿਕ ਤੌਰ ’ਤੇ ਟੁੱਟ ਚੁੱਕੇ ਕਿਸਾਨ ਇਸ ਕੁਦਰਤੀ ਤੇ ਸਰਕਾਰੀ ਕਰੋਪੀ ਨਾਲ ਹੋਰ ਆਰਥਿਕ ਬੋਝ ਥੱਲੇ ਦੱਬ ਕੇ ਰਹਿ ਜਾਂਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਐੱਮਐੱਸਪੀ ਦਾ ਗਾਰੰਟੀ ਕਾਨੂੰਨ ਬਣਾ ਕੇ ਉਸਨੂੰ ਲਾਗੂ ਕਰੇ ਅਤੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਦਾ ਬੀਮਾ ਇੱਕ ਏਕੜ ਨੂੰ ਇਕਾਈ ਮੰਨ ਕੇ ਫਸਲ ਦੇ ਬਿਜਾਈ ਵਾਲੇ ਦਿਨ ਤੋਂ ਲੈ ਕੇ ਕਟਾਈ ਤੱਕ ਦੇ ਸਮੇਂ ਲਈ ਆਪਣੇ ਕੋਲੋਂ ਪ੍ਰੀਮੀਅਮ ਅਦਾ ਕਰ ਕੇ ਫਸਲੀ ਬੀਮਾ ਕਰੇ।