ਸ਼ਿਵਾਲਿਕ ਸਕੂਲ ਵਿੱਚ ਹਰਸ਼ੋਲਾਸ ਨਾਲ ਮਨਾਈਆਂ ਤੀਆਂ ਸ਼ਿਵਾਲਿਕ ਸਕੂਲ ਵਿੱਚ ਹਰਸ਼ੋਲਾਸ ਨਾਲ ਮਨਾਈਆਂ ਤੀਆਂ
Publish Date: Tue, 18 Aug 2026 07:08 PM (IST)
Updated Date: Wed, 19 Aug 2026 04:03 AM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓ : ਜਗਰਾਓਂ ਦੇ ਸ਼ਿਵਾਲਿਕ ਮਾਡਲ ਸਕੂਲ ਵਿੱਚ ਹਰਸ਼ੋਲਾਸ ਨਾਲ ਤੀਜ ਦਾ ਤਿਉਹਾਰ ਮਨਾਇਆ ਗਿਆ। ਤੀਜ ਦਾ ਤਿਉਹਾਰ ਰਵਾਇਤੀ ਰੰਗਾਂ, ਉਮੰਗ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਨੀਲਮ ਸ਼ਰਮਾ ਨੇ ਦੱਸਿਆ ਕਿ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਲੋਕ ਸਭਿਆਚਾਰ ਅਤੇ ਪਰੰਪਰਾਵਾਂ ਨਾਲ ਜਾਣੂ ਕਰਵਾਉਣਾ ਅਤੇ ਸਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਸਮਾਰੋਹ ਦੌਰਾਨ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਮਨਮੋਹਕ ਸੋਲੋ ਡਾਂਸ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ। ਉਨ੍ਹਾਂ ਦੱਸਿਆ ਕਿ ਅੱਠਵੀਂ ਤੋਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਆਕਰਸ਼ਕ ਮਾਡਲਿੰਗ ਰਾਹੀਂ ਆਪਣੀ ਪ੍ਰਤਿਭਾ, ਆਤਮ ਵਿਸ਼ਵਾਸ ਅਤੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ ਜਦਕਿ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਰੁੱਪ ਡਾਂਸ ਪੇਸ਼ ਕਰ ਕੇ ਸਮਾਗਮ ਵਿੱਚ ਜੋਸ਼ ਅਤੇ ਉਤਸ਼ਾਹ ਭਰਿਆ। ਉਨ੍ਹਾਂ ਦੱਸਿਆ ਕਿ ਸਮਾਗਮ ਨੂੰ ਖ਼ਾਸ ਤੌਰ ’ਤੇ ਯਾਦਗਾਰ ਬਣਾਉਣ ਵਿੱਚ ਸਟਾਫ ਮੈਂਬਰਾਂ ਦਾ ਵੀ ਅਹਿਮ ਯੋਗਦਾਨ ਰਿਹਾ। ਕਿੰਡਰਗਾਰਟਨ, ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਦੇ ਅਧਿਆਪਕਾਂ ਨੇ ਆਪਣੀਆਂ ਸ਼ਾਨਦਾਰ ਸਭਿਆਚਾਰਕ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ। ਚੌਥੀ ਤੋਂ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸੁੰਦਰ ਗਿੱਧਾ ਪੇਸ਼ ਕਰ ਕੇ ਪੰਜਾਬੀ ਸਭਿਆਚਾਰ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਮਾਡਲਿੰਗ ਮੁਕਾਬਲੇ ਦੌਰਾਨ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਇਨਾਮ ਦਿੱਤੇ ਗਏ। ਮਿਸ ਤੀਜ, ਬੈੱਸਟ ਸਮਾਈਲ, ਬੈੱਸਟ ਜੁੱਤੀ, ਬੈੱਸਟ ਪਰਾਂਦਾ, ਬੈੱਸਟ ਡਰੈੱਸ ਅੱਪ ਸਮੇਤ ਹੋਰ ਵਿਸ਼ੇਸ਼ ਇਨਾਮਾਂ ਦੇ ਜੇਤੂਆਂ ਨੂੰ ਮੁੱਖ ਅਧਿਆਪਕਾ ਨੀਲਮ ਸ਼ਰਮਾ ਅਤੇ ਵਾਈਸ ਪ੍ਰਧਾਨ ਈਸ਼ਿਤਾ ਨੇ ਸਨਮਾਨਿਤ ਕਰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਤੀਜ ਦੇ ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਸਾਡੀ ਸਭਿਆਚਾਰ, ਪਰੰਪਰਾਵਾਂ ਅਤੇ ਲੋਕ ਵਿਰਾਸਤ ਨਾਲ ਜੋੜਦੇ ਹਨ ਤੇ ਇਨ੍ਹਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ, ਉਤਸ਼ਾਹ ਅਤੇ ਪ੍ਰਤਿਭਾ ਦੀ ਸ਼ਲਾਘਾ ਕਰਦੇ ਹੋਏ ਸਾਰੇ ਭਾਗੀਦਾਰਾਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ। ਪੂਰਾ ਸਕੂਲ ਕੈਂਪਸ ਤੀਜ ਦੀਆਂ ਖ਼ੁਸ਼ੀਆਂ, ਲੋਕ ਰੰਗਾਂ ਅਤੇ ਸਭਿਆਚਾਰਕ ਉਤਸ਼ਾਹ ਨਾਲ ਭਰਿਆ ਹੋਇਆ ਨਜ਼ਰ ਆਇਆ।