ਟੈਕਨੀਕਲ ਅਸਿਸਟੈਂਟ ਯੂਨੀਅਨ ਨੇ ਹਰਦੀਪ ਮੁੰਡੀਆਂ ਨੂੰ ਸੌਂਪਿਆ ਮੰਗ ਪੱਤਰ ਟੈਕਨੀਕਲ ਅਸਿਸਟੈਂਟ ਯੂਨੀਅਨ ਨੇ ਹਰਦੀਪ ਮੁੰਡੀਆਂ ਨੂੰ ਸੌਂਪਿਆ ਮੰਗ ਪੱਤਰ
Publish Date: Tue, 25 Aug 2026 07:36 PM (IST)
Updated Date: Tue, 25 Aug 2026 07:36 PM (IST)
ਮੰਤਰੀ ਮੁੰਡੀਆਂ ਨੂੰ ਮੰਗ ਪੱਤਰ ਦੇ ਕੇ ਸਮੱਸਿਆਵਾਂ ਤੋਂ ਕਰਵਾਇਆ ਜਾਣੂ ਠਾਕੁਰਜੀਤ ਸਿੰਘ ਤਾਜਪਰੀ, ਪੰਜਾਬੀ ਜਾਗਰਣ ਰਾਏਕੋਟ : ਦਿ ਟੈਕਨੀਕਲ ਅਸਿਸਟੈਂਟ ਪੰਜਾਬ ਸੁਸਾਇਟੀ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਨੁਮਾਇੰਦਿਆਂ ਦਾ ਇੱਕ ਵਫਦ ਜੱਥੇਬੰਦੀ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਫਦ ਵਲੋਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਜੱਥੇਬੰਦੀ ਦੇ ਮੈਂਬਰਾਂ ਦੀਆਂ ਹੱਕੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਤਹਿਸੀਲ ਅਤੇ ਸਬ-ਤਹਿਸੀਲ ਦਫ਼ਤਰਾਂ ਵਿੱਚ ਸਾਲ 2002 ਤੋਂ ਕੰਪਿਊਟਰਾਈਜ਼ਡ ਰਜਿਸਟ੍ਰੇਸ਼ਨ ਦਾ ਕੰਮ ਬਤੌਰ ਟੈਕਨੀਕਲ ਅਸਿਸਟੈਂਟ ਜ਼ਿੰਮੇਵਾਰੀ ਨਾਲ ਨਿਭਾਇਆ ਜਾ ਰਿਹਾ ਹੈ। ਉਹ ਸਬ-ਰਜਿਸਟਰਾਰਾਂ ਨੂੰ ਲੈਂਡ ਰਜਿਸਟ੍ਰੇਸ਼ਨ ਦੇ ਕੰਮਾਂ ’ਚ ਕਲੈਕਟਰ ਰੇਟ, ਆਨਲਾਈਨ ਫੀਸਾਂ, ਅਸ਼ਟਾਮ, ਜਮਾਬੰਦੀ, ਆਈ.ਡੀ. ਪਰੂਫ ਆਦਿ ਦੀ ਜਾਂਚ ਅਤੇ ਦਸਤਾਵੇਜ਼ਾਂ ਨੂੰ ਪੋਰਟਲ ’ਤੇ ਅਪਲੋਡ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਰਕਾਰ ਦੇ ਨੋਟੀਫਿਕੇਸ਼ਨਾਂ ਵਿੱਚ ਵੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਹਨ। ਯੂਨੀਅਨ ਦੇ ਆਗੂਆਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇੰਨੇ ਲੰਮੇ ਸਮੇਂ ਤੋਂ ਸੇਵਾਵਾਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਠੇਕੇਦਾਰ ਰਾਹੀਂ ਬਹੁਤ ਹੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ, ਜਿਸ ਨਾਲ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉੱਪਰੋਂ ਆਉਂਦੀ ਤਨਖਾਹ ਵਿੱਚੋਂ ਠੇਕੇਦਾਰ ਵੱਲੋਂ ਵੱਡੀ ਕਟੌਤੀ ਕੀਤੀ ਜਾਂਦੀ ਹੈ। ਉਹਨਾਂ ਮੰਗ ਕੀਤੀ ਕਿ ਆਊਟਸੋਰਸ ’ਤੇ ਕੰਮ ਕਰਦੇ ਸਮੂਹ ਟੈਕਨੀਕਲ ਅਸਿਸਟੈਂਟਾਂ ਨੂੰ ‘ਪੰਜਾਬ ਰਾਜ ਦੇ ਸਮੂਹ ਪੀਐੱਲਆਰਐੱਸ ਸੁਸਾਇਟੀ, ਜਲੰਧਰ’ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਠੇਕੇਦਾਰੀ ਪ੍ਰਥਾ ਨੂੰ ਵਿਚਕਾਰੋਂ ਖ਼ਤਮ ਕਰਕੇ ਉਨ੍ਹਾਂ ਨੂੰ ਸਿੱਧੀ ਤਨਖਾਹ ਮਹਿਕਮੇ ਵੱਲੋਂ ਦਿੱਤੀ ਜਾਵੇ ਤਾਂ ਜੋ ਬਿਨਾਂ ਕਿਸੇ ਕਟੌਤੀ ਦੇ ਪੂਰੀ ਤਨਖਾਹ ਮਿਲ ਸਕੇ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਸ ਨਾਲ ਸਰਕਾਰ ਅਤੇ ਮਹਿਕਮੇ ਉੱਤੇ ਕੋਈ ਵਾਧੂ ਵਿੱਤੀ ਭਾਰ ਨਹੀਂ ਪਵੇਗਾ। ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਫਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਸਰਕਾਰ ਜਲਦ ਹੱਲ ਕਰਵਾਉਣ ਦਾ ਯਤਨ ਕਰੇਗੀ। ਇਸ ਮੌਕੇ ਪ੍ਰਧਾਨ ਗੁਰਲਾਲ ਸਿੰਘ, ਜਨਰਲ ਸਕੱਤਰ ਕੰਵਰਜੀਤ ਸਿੰਘ ਬਾਠ, ਵਿੱਤ ਸਕੱਤਰ ਅੰਤਰਜਾਮੀ ਦਾਸ, ਜਨਰਲ ਸਕੱਤਰ ਮੋਹਿਤ ਕੁਮਾਰ, ਗੁਰਮੁਖ ਸਿੰਘ, ਮਨਮੋਹਨ ਸਿੰਘ, ਬਲਜੀਤ ਸਿੰਘ, ਹਰਪ੍ਰੀਤ ਸਿੰਘ, ਅਮ੍ਰਿਤ ਸਿੰਘ, ਮਨਦੀਪ ਸਿੰਘ, ਸ਼ਿਵਮਪ੍ਰੀਤ ਸਿੰਘ ਆਦਿ ਹਾਜ਼ਰ ਸਨ।