ਹਮਲਾ ਕਰ ਕੇ ਟੈਕਸੀ ਚਾਲਕ ਲੁੱਟਿਆ, ਸੋਨੇ ਦੀ ਚੇਨ, ਮੋਬਾਈਲ ਫੋਨ ਤੇ ਨਕਦੀ ਲੈ ਕੇ ਹੋਏ ਫ਼ਰਾਰ
ਹਮਲਾ ਕਰਕੇ ਟੈਕਸੀ ਡਰਾਈਵਰ ਲੁੱਟਿਆ, ਹਮਲਾਵਰ ਸੋਨੇ ਦੀ ਚੇਨ ਮੋਬਾਇਲ ਫੋਨ ਅਤੇ ਨਕਦੀ ਲੈ ਕੇ ਹੋਏ ਫਰਾਰ
Publish Date: Thu, 26 Mar 2026 09:18 PM (IST)
Updated Date: Fri, 27 Mar 2026 04:11 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਇਕ ਟੈਕਸੀ ਡਰਾਈਵਰ ਨੂੰ ਲੁੱਟ ਲਿਆ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮਾਂ ਨੇ ਟੈਕਸੀ ਡਰਾਈਵਰ ਤੇ ਬੁਰੀ ਤਰ੍ਹਾਂ ਹਮਲਾ ਕੀਤਾ। ਥਾਣਾ ਡੇਹਲੋਂ ਦੇ ਇਲਾਕੇ ਅਧੀਨ ਵਾਪਰੀ ਇਸ ਵਾਰਦਾਤ ’ਚ ਹਮਲਾਵਰਾਂ ਨੇ ਡਰਾਈਵਰ ਕੋਲੋ ਸੋਨੇ ਦੀ ਚੇਨ, ਮੋਬਾਈਲ ਫੋਨ ਤੇ ਨਕਦੀ ਲੁੱਟ ਲਈ। ਪਿੰਡ ਰੰਗੀਆਂ ਵਾਸੀ ਕਿਰਨਦੀਪ ਸ਼ਰਮਾ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਟੈਕਸੀ ਰਾਹੀਂ ਡੇਹਲੋਂ ਤੋਂ ਘਰ ਪਰਤ ਰਿਹਾ ਸੀ। ਜਦੋਂ ਉਸ ਨੇ ਆਪਣੀ ਟੈਕਸੀ ਸਮੇਤ ਪਹਿਲਵਾਨ ਢਾਬੇ ਕੋਲ ਆਪਣੇ ਦੋਸਤ ਅਮਨ ਦੀ ਮੋਟਰ ਵਰਕਸ਼ਾਪ ਸਾਹਮਣੇ ਖੜ੍ਹਾ ਸੀ, ਤਾਂ ਅਚਾਨਕ ਇਕ ਮੋਟਰਸਾਇਕਲ ’ਤੇ ਆਏ ਤਿੰਨ ਨੌਜਵਾਨ ਸੌਰਭ, ਪੰਕਜ ਤੇ ਸਮੀਰ ਨੇ ਉਸ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕਰ ਕੇ ਗਲ ’ਚ ਪਾਈ ਸੋਨੇ ਦੀ ਚੇਨ, ਵੀਵੋ ਕੰਪਨੀ ਦਾ ਮੋਬਾਈਲ ਫੋਨ ਤੇ ਗੱਡੀ ਦੇ ਡੈਸ਼ਬੋਰਡ ’ਚ ਪਏ 1800 ਰੁਪਏ ਲੁੱਟ ਲਏ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਥਾਣੇਦਾਰ ਪ੍ਰਦੀਪ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।