- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਕਸ਼ੀਲ ਸੁਸਾਇਟੀ ਨੇ ਧੀਰੇਂਦਰ ਸ਼ਾਸਤਰੀ ਖਿਲਾਫ਼ ਪ੍ਰਸ਼ਾਸਨ ਨੂੰ ਸ਼ਿਕਾਇਤ

-ਚਮਤਕਾਰੀ ਤੇ ਦੈਵੀ ਸ਼ਕਤੀਆਂ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਦਾ ਐਲਾਨ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵਫਦ ਵੱਲੋਂ ਸੁਸਾਇਟੀ ਦੇ ਜ਼ੋਨ ਜੱਥੇਬੰਦਕ ਮੁਖੀ ਜਸਵੰਤ ਜ਼ੀਰਖ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਬਾਗੇਸ਼ਵਰ ਵਾਲੇ ਧੀਰੇਂਦਰ ਸ਼ਾਸਤਰੀ ਵੱਲੋਂ ਧਰਮ ਤੇ ਕਥਾ ਦੇ ਨਾਂ ‘ਤੇ ਫੈਲਾਏ ਜਾ ਰਹੇ ਅੰਧਵਿਸ਼ਵਾਸਾਂ ਨੂੰ ਰੋਕਣ ਲਈ ਡੀਸੀ ਲੁਧਿਆਣਾ ਦੇ ਨਾਮ ਇਕ ਮੰਗ ਪੱਤਰ ਦਿੱਤਾ। ਡਿਪਟੀ ਕਮਿਸਨਰ ਦਾ ਅੱਜ ਲੁਧਿਆਣੇ ‘ਚ ਮੁੱਖ ਮੰਤਰੀ ਦੀ ਆਮਦ ਕਾਰਣ ਰੁੱਝੇ ਹੋਣ ਕਰਕੇ ਨਾ ਮਿਲਣ ‘ਤੇ ਇਹ ਮੰਗ ਪੱਤਰ ਸਹਾਇਕ ਕਮਿਸ਼ਨਰ ਪਾਇਲ ਗੋਇਲ ਨੂੰ ਸੌਂਪਿਆ ਗਿਆ। ਵਫਦ ’ਚ ਤਰਕਸ਼ੀਲ ਆਗੂ ਬਲਵਿੰਦਰ ਸਿੰਘ, ਬਲਕੌਰ ਸਿੰਘ ਅਤੇ ਸਤੀਸ਼ ਸਚਦੇਵਾ ਸ਼ਾਮਲ ਸਨ। ਇਸ ਮੰਗ ਪੱਤਰ ਰਾਹੀਂ ਡੀਸੀ ਲੁਧਿਆਣਾ ਨੂੰ ਉਪਰੋਕਤ ਧੀਰੇਂਦਰ ਸ਼ਾਸਤਰੀ ਖ਼ਿਲਾਫ਼ ਭਾਰਤੀ ਸੰਵਿਧਾਨ ਦੀ ਧਾਰਾ 51-ਏ (ਐਚ) ਦੀ ਘੋਰ ਉਲੰਘਣਾ ਕਰਨ ਅਤੇ ਵੱਡੀ ਪੱਧਰ ‘ਤੇ ਵਹਿਮ-ਭਰਮ ਅਤੇ ਅੰਧ ਵਿਸ਼ਵਾਸ ਫੈਲਾਉਣ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਸ਼ਾਸਤਰੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਆਪਣੇ ਵੱਸ ਕੀਤੀ ਦੈਵੀ ਸ਼ਕਤੀ , ਜੰਤਰ-ਮੰਤਰ ਅਤੇ ਵਿਭੁੱਤੀ ਆਦਿ ਰਾਹੀਂ ਹੱਲ ਕਰਨ ਦੇ ਦਾਅਵੇ ਕਰ ਰਿਹਾ ਹੈ, ਜੋ ਕਿ ਗੈਰ ਵਿਗਿਆਨਿਕ ਹੈ ਤੇ ਸੰਵਿਧਾਨ ਦੇ ਵਿਰੁੱਧ ਹੈ। ਵਫਦ ਵੱਲੋਂ ਇਸ ਮੰਗ ਪੱਤਰ ਰਾਹੀਂ ਸ਼ਾਸਤਰੀ ਨੂੰ ਖੁੱਲ੍ਹੀ ਚਣੌਤੀ ਦਿੰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਡੀਸੀ ਲੁਧਿਆਣਾ ਦੀ ਹਾਜ਼ਰੀ ਵਿੱਚ ਇਸ ਬਾਬੇ ਦੇ ਅਖੌਤੀ ਚਮਤਕਾਰਾਂ ਤੇ ਲੋਕਾਂ ਦੇ ਕੱਢੇ ਜਾਂਦੇ ਪਰਚਿਆਂ ਦੀ ਅਸਲੀਅਤ ਦਾ ਪਰਦਾਫਾਸ਼ ਕਰਕੇ ਲੋਕਾਂ ਸਾਹਮਣੇ ਲਿਆਉਣ ਲਈ ਕੋਈ ਵੀ ਤਰੀਖ ਮਿਥਣ ਨੂੰ ਤਿਆਰ ਹੈ।
ਯਾਦ ਰਹੇ ਕਿ ਤਰਕਸ਼ੀਲ ਸੁਸਾਇਟੀ ਪਿਛਲੇ 42 ਸਾਲਾਂ ਤੋਂ ਹਰ ਤਰ੍ਹਾਂ ਦੀ ਦੈਵੀ ਸ਼ਕਤੀ ਦੇ ਦਾਅਵੇਦਾਰਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆ ਰਹੀ ਹੈ ।ਉਹਨਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੇ ਦੰਭੀ ਦਾਅਵੇਦਾਰਾਂ ਦੀ ਚੁੰਗਲ ਵਿੱਚ ਫਸ ਕੇ ਆਪਣੇ ਧਨ, ਸਮਾਂ ਦੀ ਬਰਬਾਦੀ ਤੇ ਮਾਨਸਿਕ ਸ਼ੋਸ਼ਣ ਤੋ ਬਚਣ । ਆਪਣੀਆਂ ਸਮੱਸਿਆਵਾਂ ਦੇ ਅਸਲ ਕਾਰਣ ਲੱਭਣ ਦੀ ਕੋਸ਼ਿਸ਼ ਵੱਲ ਅੱਗੇ ਵਧਣ । ਹਰ ਸਮੱਸਿਆ ਦਾ ਕੋਈ ਨਾ ਕੋਈ ਸਮਾਜਿਕ ਜਾਂ ਆਰਥਿਕ ਕਾਰਣ ਹੁੰਦਾ ਹੈ, ਜਿਸਦੀ ਨਿਸ਼ਾਨਦੇਹੀ ਕਰਨਾ ਹੀ ਉਸ ਦਾ ਸਹੀ ਹੱਲ ਹੈ ।