ਧੀ ਦੀ ਸ਼ੱਕੀ ਹਾਲਾਤ 'ਚ ਮੌਤ ਮਗਰੋਂ ਮਾਂ ਨੇ ਖੋਲ੍ਹੇ ਰਾਜ਼, ਜਵਾਈ ਸਮੇਤ ਚਾਰ ਸਹੁਰੇ ਪਰਿਵਾਰ ਵਾਲਿਆਂ ਖ਼ਿਲਾਫ਼ ਪੁਲਿਸ ਕੇਸ ਦਰਜ ਸ਼ਿਮਲਾਪੁਰੀ ਦੇ ਨਾਨਕਸਰ ਮੁਹੱਲੇ ਵਿੱਚ ਇੱਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਪਤੀ ਸਮੇਤ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Fri, 03 Jul 2026 11:56 AM (IST)
Updated Date: Fri, 03 Jul 2026 11:59 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਸ਼ਿਮਲਾਪੁਰੀ ਦੇ ਨਾਨਕਸਰ ਮੁਹੱਲੇ ਵਿੱਚ ਇੱਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਪਤੀ ਸਮੇਤ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ਿਮਲਾਪੁਰੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ 14 ਸਤੰਬਰ 2022 ਨੂੰ ਹਰਜਿੰਦਰ ਸਿੰਘ ਨਾਲ ਹੋਇਆ ਸੀ। ਸ਼ਿਕਾਇਤ ਮੁਤਾਬਕ ਵਿਆਹ ਤੋਂ ਬਾਅਦ ਉਸ ਦੀ ਧੀ ਨੂੰ ਪਤੀ ਹਰਜਿੰਦਰ ਸਿੰਘ, ਉਸ ਦੀਆਂ ਭੈਣਾਂ ਸੋਨੀਆ ਅਤੇ ਰੱਜੀ ਅਤੇ ਮਾਂ ਅਮਰਜੀਤ ਕੌਰ ਵੱਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ।
ਸ਼ਿਕਾਇਤਕਰਤਾ ਮੁਤਾਬਕ, ਬੀਤੇ ਦਿਨ ਰਾਤ ਕਰੀਬ 11:15 ਵਜੇ ਜਦੋਂ ਉਹ ਆਪਣੀ ਧੀ ਦੇ ਘਰ ਪਹੁੰਚੀ ਤਾਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਬੈੱਡ ਤੋਂ ਅੱਧੀ ਹੇਠਾਂ ਲਟਕੀ ਹੋਈ ਸੀ। ਉਸ ਦੇ ਗਲੇ ਵਿੱਚ ਲਾਲ ਰੰਗ ਦੀ ਚੁੰਨੀ ਲਪੇਟੀ ਹੋਈ ਸੀ ਅਤੇ ਚੇਹਰਾ ਨੀਲਾ ਪਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਗਰੇਵਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਹਰਜਿੰਦਰ ਸਿੰਘ, ਸੋਨੀਆ, ਰੱਜੀ ਅਤੇ ਅਮਰਜੀਤ ਕੌਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐੱਸ) ਦੀਆਂ ਧਾਰਾਵਾਂ 80(2) ਅਤੇ 3(5) ਤਹਿਤ ਕੇਸ ਦਰਜ ਕਰ ਲਿਆ ਹੈ। ਜਾਚ ਅਧਿਕਾਰੀ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਸਾਰੇ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਅਤੇ ਅਗਲੀ ਪੜਤਾਲ ਤੋਂ ਬਾਅਦ ਪੁਲਿਸ ਜਲਦੀ ਹੀ ਕਾਨੂੰਨ ਦੇ ਮੁਤਾਬਕ ਕਾਰਵਾਈ ਕਰੇਗੀ।