ਅਮਲੋਹ ਰੋਡ ਦੀ ਸਨਸਿਟੀ ਕਾਲੋਨੀ ਬਣ ਰਹੀ ਚੰਡੀਗੜ੍ਹ ਦਾ ‘ਮਟਕਾ ਚੌਕ’ ਅਮਲੋਹ ਰੋਡ ਦੀ ਸਨਸਿਟੀ ਕਾਲੋਨੀ ਬਣ ਰਹੀ ਚੰਡੀਗੜ੍ਹ ਦਾ 'ਮਟਕਾ ਚੌਕ'
Publish Date: Mon, 20 Jul 2026 08:49 PM (IST)
Updated Date: Mon, 20 Jul 2026 08:52 PM (IST)
- ਰੋਸ ਪ੍ਰਦਰਸ਼ਨਾਂ ਦੇ ਸ਼ੋਰ ਸ਼ਰਾਬੇ ਨਾਲ ਹੁੰਦੀ ਸਨਸਿਟੀ ਦੇ ਵਸਨੀਕਾਂ ਦੀ ਸ਼ਾਂਤੀ ਭੰਗ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਵੱਲੋਂ ਖੰਨਾ ਦੇ ਅਮਲੋਹ ਰੋਡ ਸਥਿਤ ਸਨਸਿਟੀ ’ਚ ਆਪਣੀ ਕੋਠੀ ਬਣਾਉਣ ਤੋਂ ਬਾਅਦ ਕਾਲੋਨੀ ਦੇ ਲੋਕਾਂ ਨੂੰ ਰੋਸ ਪ੍ਰਦਰਸ਼ਨਾਂ ਕਰ ਕੇ ਆਏ ਦਿਨ ਕੋਈ ਨਾ ਕੋਈ ਆਫ਼ਤ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਤਰੀ ਦੀ ਕੋਠੀ ਸਨਸਿਟੀ ’ਚ ਹੋਣ ਕਾਰਨ ਵੱਖ-ਵੱਖ ਮੁਲਾਜ਼ਮ ਜਥੇੰਬਦੀਆਂ ਕਾਲੋਨੀ ਵੱਲ ਆਪਣੀ ਮੁਹਾਰਾਂ ਮੋੜ ਲੈਂਦੇ ਹਨ। ਜਿਸ ਕਰ ਕੇ ਖੰਨਾ ਦੀ ਇਹ ਸ਼ਾਂਤਮਈ ਕਾਲੋਨੀ ਕਰੀਬ ਇੱਕ ਸਾਲ ਤੋਂ ਧਰਨੇ ਪ੍ਰਦਰਸ਼ਨਾਂ ਕਰ ਕੇ ਹੁਣ ਚੰਡੀਗੜ੍ਹ ਦੀ ਮਟਰਾ ਚੌਕ ਬਣਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਦੀ ਪੁਰਾਣੀ ਰਿਹਾਇਸ਼ ਖੰਨਾ ਦੇ ਲਲਹੇੜੀ ਰੋਡ ’ਤੇ ਸੀ। ਵਿਧਾਇਕ ਤੇ ਫਿਰ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਉਹ ਕਰੀਬ ਇੱਕ ਸਾਲ ਪਹਿਲਾਂ ਅਮਲੋਹ ਰੋਡ ਸਥਿਤ ਸਨਸਿਟੀ ਕਾਲੋਨੀ ’ਚ ਨਵੀਂ ਕੋਠੀ ’ਚ ਰਹਿਣ ਲੱਗੇ ਪਰ ਨਵੀਂ ਕੋਠੀ ’ਚ ਸ਼ਿਫਟ ਹੋਣ ਤੋਂ ਬਾਅਦ ਇਹ ਇਲਾਕਾ ਲਗਾਤਾਰ ਧਰਨਿਆਂ ਤੇ ਰੋਸ ਪ੍ਰਦਰਸ਼ਨਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਮੰਤਰੀ ਦੀ ਕੋਠੀ ਸਟਸਿਟੀ ਦੇ ਵਸਨੀਕਾਂ ਨੂੰ ਰਾਸ ਨਹੀਂ ਆਈ। ਸਨਸਿਟੀ ਸੋਮਵਾਰ ਨੂੰ ਵੀ ਰਹੀ ਸੀਲ : ਪਿਛਲੇ ਕੁਝ ਸਮੇਂ ਤੋਂ ਮੰਤਰੀ ਦੀ ਕੋਠੀ ਦੇ ਬਾਹਰ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਅਤੇ ਯੂਨੀਅਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਕਾਰਨ ਸਨਸਿਟੀ ਕਾਲੋਨੀ ਦਾ ਮੁੱਖ ਗੇਟ ਅਤੇ ਅਮਲੋਹ ਰੋਡ ਦਾ ਵੱਡਾ ਹਿੱਸਾ ਹਰ ਵਾਰ ਪੁਲਿਸ ਛਾਉਣੀ ’ਚ ਤਬਦੀਲ ਹੋ ਜਾਂਦਾ ਹੈ। ਰੋਸ ਪ੍ਰਦਰਸ਼ਨਾਂ ਦੌਰਾਨ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਰਹਿੰਦੀ ਹੈ, ਬੈਰੀਕੇਡ ਲਗਾ ਕੇ ਰਸਤੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਲੰਬੇ ਟ੍ਰੈਫਿਕ ਜਾਮ ਲੱਗ ਜਾਂਦੇ ਹਨ। ਇਸ ਦਾ ਸਭ ਤੋਂ ਵੱਧ ਖ਼ਮਿਆਜ਼ਾ ਸਨਸਿਟੀ ਕਾਲੋਨੀ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸੁਰੱਖਿਆ ਪ੍ਰਬੰਧਾਂ ਤਹਿਤ ਪੂਰੀ ਕਾਲੋਨੀ ਨੂੰ ਚਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਲੋਕਾਂ ਦੇ ਆਉਣ-ਜਾਣ, ਬੱਚਿਆਂ ਦੇ ਸਕੂਲ ਜਾਣ, ਦਫ਼ਤਰ ਪਹੁੰਚਣ ਅਤੇ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੁੰਦੇ ਹਨ। ਇਕ ਰਸਤਾ ਹੀ ਲੰਘਣ ਲਈ ਬਚਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਵੱਡੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੂੰ ਘੰਟਿਆਂ ਤੱਕ ਪੁਲਿਸ ਬੰਦੋਬਸਤ ਅਤੇ ਟ੍ਰੈਫਿਕ ਜਾਮ ਕਾਰਨ ਪਰੇਸ਼ਾਨੀ ਝੱਲਣੀ ਪੈਂਦੀ ਹੈ, ਜਦਕਿ ਇਸ ਵਿਵਾਦ ਨਾਲ ਉਨ੍ਹਾਂ ਦਾ ਕੋਈ ਸਿੱਧਾ ਸਬੰਧ ਨਹੀਂ। ਇਸ ਕਾਰਨ ਪੂਰੇ ਇਲਾਕੇ ਦਾ ਆਮ ਜਨਜੀਵਨ ਵਾਰ-ਵਾਰ ਪ੍ਰਭਾਵਿਤ ਹੋ ਰਿਹਾ ਹੈ। ਕਾਲੋਨੀ ’ਚ ਰੋਸ ਪ੍ਰਦਰਸ਼ਨਾਂ ਕਰ ਕੇ ਸ਼ੋਰ ਸ਼ਰਾਬਾ ਵੀ ਲੋਕਾਂ ਲਈ ਦਿੱਕਤਾਂ ਪੈਦਾ ਕਰਦਾ ਹੈ। 9 ਜ਼ਿਲ੍ਹਿਆਂ ਦੀ ਪੁਲਿਸ ਫੋਰਸ ਤਾਇਨਾਤ, ਖੰਨਾ ਪੁਲਿਸ ਛਾਉਣੀ ’ਚ ਤਬਦੀਲ ਮਨਰੇਗਾ ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਖੰਨਾ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸੂਤਰਾਂ ਅਨੁਸਾਰ ਖੰਨਾ, ਲੁਧਿਆਣਾ, ਜਲੰਧਰ, ਮੋਗਾ, ਪਟਿਆਲਾ, ਫਤਿਹਗੜ੍ਹ ਸਾਹਿਬ, ਬਠਿੰਡਾ, ਨਵਾਂਸ਼ਹਿਰ ਅਤੇ ਜਗਰਾਓਂ ਤੋਂ ਪੁਲਿਸ ਫੋਰਸ ਬੁਲਾਈ ਗਈ ਸੀ। ਕਾਂਸਟੇਬਲ ਤੋਂ ਲੈ ਕੇ ਐੱਸਪੀ ਰੈਂਕ ਤੱਕ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ। ਵੱਖ-ਵੱਖ ਜ਼ਿਲ੍ਹਿਆਂ ਦੀਆਂ ਹੱਦਾਂ ਅਤੇ ਖੰਨਾ ਵੱਲ ਆਉਣ ਵਾਲੇ ਮੁੱਖ ਮਾਰਗਾਂ ’ਤੇ ਪੁਲਿਸ ਨੇ ਨਾਕੇ ਲਗਾ ਕੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ। ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੂੰ ਖੰਨਾ ਪਹੁੰਚਣ ਤੋਂ ਪਹਿਲਾਂ ਹੀ ਰੋਕ ਕੇ ਹਿਰਾਸਤ ਵਿੱਚ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਪੂਰੇ ਅੰਦੋਲਨ ਨੂੰ ਦੇਖਦੇ ਹੋਏ ਕਰੀਬ 800 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਤਾਂ ਜੋ ਪ੍ਰਦਰਸ਼ਨਕਾਰੀ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਤੱਕ ਨਾ ਪਹੁੰਚ ਸਕਣ ਅਤੇ ਕਾਨੂੰਨ-ਵਿਵਸਥਾ ਬਣੀ ਰਹੇ।