ਸੁਖਪ੍ਰੀਤ ਬਣੀ ਹੱਥੀ ਗੁੱਡੀਆਂ ਬਣਾਉਣ ਦੇ ਮੁਕਾਬਲੇ ਦੀ ਜੇਤੂ
ਸੁਨਾਮ ਦੀ ਸੁਖਪ੍ਰੀਤ ਕੌਰ ਬਣੀ ਹੱਥੀ ਗੁੱਡੀਆਂ ਬਨਾਉਣ ਦੇ ਮੁਕਾਬਲੇ ਦੀ ਜੇਤੂ
Publish Date: Fri, 12 Jun 2026 07:36 PM (IST)
Updated Date: Sat, 13 Jun 2026 04:06 AM (IST)

ਦੂਜੇ ਸਥਾਨ ’ਤੇ ਰਹੀ ਦਮਨਦੀਪ ਕੌਰ ਤੇ ਤੀਸਰੇ ਸਥਾਨ ’ਤੇ ਰਹੀਆਂ ਸੁਖਮਨਪ੍ਰੀਤ ਤੇ ਅਰਸ਼ਪ੍ਰੀਤ ਨਕਦ ਇਨਾਮ ਅਤੇ ਟਰਾਫੀਆਂ ਨਾਲ ਅੱਜ ਹੋਵਗਾ ਜੇਤੂਆਂ ਦਾ ਸਨਮਾਨ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਸੱਭਿਆਚਾਰਕ ਸੱਥ ਪੰਜਾਬ ਵੱਲੋਂ ਇੰਟਰਨੈਸ਼ਨਲ ਗੁੱਡੀ ਦਿਵਸ ’ਤੇ ਦੂਸਰਾ ਹੱਥੀਂ ਗੁੱਡੀ ਬਣਾਉਣ ਦਾ ਆਨਲਾਈਨ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਗੁਰੁ ਨਾਨਕ ਕਾਲਜ ਬੁਢਲਾਡਾ ਦੀ ਐੱਮਐੱਸਸੀ ਦੀ ਵਿਦਿਆਰਥਣ ਤੇ ਸੁਨਾਮ ਦੀ ਸੁਖਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਵਿਲੱਖਣ ਮੁਕਾਬਲੇ ’ਚ ਦੂਸਰਾ ਸਥਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਹਿਊਮਨ ਡਿਵੈਲਪਮੈਂਟ ਐਂਡ ਫੈਮਿਲੀ ਸਟੱਡੀਜ਼ ‘ਤੇ ਪੀਐੱਚਡੀ ਕਰ ਰਹੀ ਦਮਨਦੀਪ ਕੌਰ ਦੇ ਹਿੱਸੇ ਆਇਆ ਹੈ। ਤੀਸਰਾ ਸਥਾਨ ਸਾਂਝੇ ਤੌਰ ’ਤੇ ਸੀਟੀ ਯੂਨੀਵਰਸਿਟੀ ’ਚ ਵਕਾਲਤ ਦੀ ਪੜ੍ਹਾਈ ਕਰ ਰਹੀ ਫੁੱਲਾਂਵਾਲ ਦੀ ਸੁਖਮਨਪ੍ਰੀਤ ਕੌਰ ਤੇ ਰਾਏਕੋਟ ਨੇੜਲੇ ਪਿੰਡ ਚੱਕ ਭਾਈਕਾ ਦੀ ਅਰਸ਼ਪ੍ਰੀਤ ਕੌਰ ਨੇ ਪ੍ਰਾਪਤ ਕੀਤਾ ਹੈ। ਅਰਸ਼ਪ੍ਰੀਤ ਕੌਰ ਜੀਐੱਚਜੀ ਖਾਲਸਾ ਕਾਲਜ ਗੁਰੁਸਰ ਸੁਧਾਰ ਵਿਖੇ ਮੈਡੀਕਲ ਦੀ ਬੀਐੱਸਸੀ ਦੀ ਵਿਦਿਆਰਥਣ ਹੈ। ਇਨ੍ਹਾਂ ਸਾਰੀਆਂ ਜੇਤੂ ਮੁਟਿਆਰਾਂ ਨੂੰ ਇੰਟਰਨੈਸ਼ਨਲ ਗੁੱਡੀ ਦਿਵਸ ’ਤੇ ਸ਼ਨਿੱਚਰਵਾਰ ਨੂੰ ਨਕਦ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਿਆ ਜਾਵੇਗਾ। ਵਿਸ਼ਵ ਗੁੱਡੀ ਦਿਵਸ ’ਤੇ ਅੱਜ ਤੋਂ ਐਤਵਾਰ ਸ਼ਾਮ ਤੱਕ ਡਾ ਦਵਿੰਦਰ ਕੌਰ ਢੱਟ ਦੀਆਂ ਬਣਾਈਆਂ ਗੁੱਡੀਆਂ ਦੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ, ਜਿਸ ਲਈ ਸਾਰਿਆ ਨੂੰ ਖੁੱਲ੍ਹਾ ਸੱਦਾ ਹੈ। ਇਸ ਵਿਲੱਖਣ ਮੁਕਾਬਲੇ ਬਾਰੇ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤੇ ਗਏ ਇਸ ਆਨਲਾਈਨ ਮੁਕਾਬਲੇ ਲਈ ਦੇਸ਼-ਵਿਦੇਸ਼ ਤੋਂ ਸਾਢੇ ਤਿੰਨ ਸੌ ਤੋਂ ਵੱਧ ਮੁਟਿਆਰਾਂ, ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਵਿਚਕਾਰ ਸੀ, ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਸ ਲਈ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਗਈ। ਇਨ੍ਹਾਂ ਮੁਟਿਆਰਾਂ ਨੇ ਆਪਣੇ ਘਰ ’ਚ ਹੱਥੀਂ ਗੁੱਡੀ ਬਣਾ ਕੇ ਤੇ ਗੁੱਡੀ ਬਣਾਉਣ ਸਮੇਂ ਦੀ ਪੂਰੀ ਵੀਡੀਓਗ੍ਰਾਫੀ ਕਰ ਕੇ ਫੋਟੋ ਸਮੇਤ ਵੀਡੀਓ ਆਨਲਾਈਨ ਭੇਜੀਆਂ, ਜਿਨ੍ਹਾਂ ’ਚੋ ਚੁਣੀਆਂ ਗਈਆਂ 110 ਦੇ ਕਰੀਬ ਗੁੱਡੀਆਂ ਡਾਕ ਰਾਹੀਂ ਪ੍ਰਾਪਤ ਹੋਈਆਂ ਸਨ। ਲੋਕ ਕਲਾਵਾਂ ਦੇ ਮਾਹਿਰ ਡਾ. ਦਵਿੰਦਰ ਕੌਰ ਗੁੱਡੀਆਂ ਨੇ ਬਤੌਰ ਨਿਰਣਾਇਕ ਇਨ੍ਹਾਂ ਦੀ ਜੱਜਮੈਂਟ ਕਰ ਕੇ ਸਭ ਤੋਂ ਸੋਹਣੀਆਂ ਗੁੱਡੀਆਂ ਦੀ ਚੋਣ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਕਾਬਲੇ ’ਚ ਹਿੱਸਾ ਲੇਣ ਵਾਲੀਆਂ ਸਾਰੀਆਂ ਮੁਟਿਆਰਾਂ ਨੂੰ ਸਰਟੀਫੀਕੇਟ ਵੀ ਦਿੱਤੇ ਜਾ ਰਹੇ ਹਨ। ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸੱਭਿਆਚਾਰਕ ਸੱਥ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜੇਤੂ ਮੁਟਿਆਰਾਂ ਨੂੰ ਵਧਾਈ ਦਿਤੀ ਤੇ ਪੰਜਾਬੀ ਮਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੁੱਡੀ-ਪਟੋਲਿਆਂ ਨਾਲ ਖੇਡਣ ਲਈ ਪ੍ਰੇਰਿਤ ਕਰਨ, ਜਿਸ ਨਾਲ ਬੱਚਿਆਂ ’ਚ ਸਿਰਜਣਾਤਮਕ ਰੁਚੀਆਂ ਪੈਦਾ ਹੁੰਦੀਆਂ ਹਨ ਤੇ ਹੱਥੀਂ ਕੰਮ ਕਰਨ ਦੀ ਆਦਤ ਵੀ ਪੈਂਦੀ ਹੈ। ਉੱਘੇ ਰੰਗ ਕਰਮੀ ਡਾ. ਨਿਰਮਲ ਜੌੜਾ, ਗੀਤਕਾਰ ਸ਼ਮਸ਼ੇਰ ਸੰਧੂ, ਗਾਇਕ ਵਤਨਜੀਤ ਸਿੰਘ, ਜਤਿੰਦਰਪਾਲ ਸਿੰਘ ਤੇ ਅਮਰਜੀਤ ਸਿੰਘ ਸਿੱਧੂ ਨੇ ਵੀ ਜੇਤੂਆਂ ਲਈ ਵਧਾਈ ਸੰਦੇਸ਼ ਭੇਜਿਆ ਹੈ।