- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਦੇਵ ਕੌਰ ਇੰਸਾਂ ਦੀਆਂ ਅੱਖਾਂ ਤੇ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਡੀਪੀ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੇ ਪਿੰਡ ਪ੍ਰਤਾਪ ਸਿੰਘ ਵਾਲਾ ਵਾਸੀ ਸੁਖਦੇਵ ਕੌਰ ਇੰਸਾਂ ਪਤਨੀ ਰਾਮਪਾਲ ਸਿੰਘ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤੀ ਗਈ। ਉਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ, ਤਾਂ ਜੋ ਲੋੜਵੰਦਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਉਣ ਵਿੱਚ ਯੋਗਦਾਨ ਪਾਇਆ ਜਾ ਸਕੇ।
ਪਰਿਵਾਰਕ ਮੈਂਬਰਾਂ ਅਨੁਸਾਰ ਸੁਖਦੇਵ ਕੌਰ ਇੰਸਾਂ ਨੇ ਜਿਉਂਦੇ ਜੀ ਆਪਣੀ ਅੰਤਿਮ ਇੱਛਾ ਪ੍ਰਗਟ ਕਰਦਿਆਂ ਮੌਤ ਉਪਰੰਤ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਸਬੰਧੀ ਫਾਰਮ ਭਰੇ ਹੋਏ ਸਨ। ਉਨ੍ਹਾਂ ਦੀ ਇੱਛਾ ਦਾ ਸਨਮਾਨ ਕਰਦਿਆਂ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਕੱਚਾ ਜ਼ੀਰਾ ਰੋਡ ਫਿਰੋਜ਼ਪੁਰ ਨੂੰ ਦਾਨ ਕੀਤੀ। ਉਨ੍ਹਾਂ ਦੀਆਂ ਅੱਖਾਂ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਤੇ ਪੁਨਰਜੋਤ ਆਈ ਬੈਂਕ, 65-ਏ, ਭਾਈ ਰਣਧੀਰ ਸਿੰਘ ਨਗਰ, ਫਿਰੋਜ਼ਪੁਰ ਰੋਡ, ਲੁਧਿਆਣਾ ਨੂੰ ਦਾਨ ਕੀਤੀਆਂ। ਫੁੱਲਾਂ ਨਾਲ ਸਜਾਈ ਐਂਬੂਲੈਂਸ ਵਿੱਚ ਸੁਖਦੇਵ ਕੌਰ ਇੰਸਾਂ ਦੀ ਮ੍ਰਿਤਕ ਦੇਹ ਰੱਖ ਕੇ ਪਿੰਡ ਪ੍ਰਤਾਪ ਸਿੰਘ ਵਾਲਾ ਦੇ ਸਰਪੰਚ ਗੁਰਮੇਜ ਸਿੰਘ ਕਾਮਰੇਡ ਨੇ ਹਰੀ ਝੰਡੀ ਦਿਖਾ ਕੇ ਮੈਡੀਕਲ ਖੋਜ ਕਾਰਜਾਂ ਲਈ ਰਵਾਨਾ ਕੀਤਾ। ਇਸ ਮੌਕੇ ‘ਭੈਣ ਸੁਖਦੇਵ ਕੌਰ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਦੌਰਾਨ ਸਰੀਰਦਾਨੀ ਦੀਆਂ ਨੂੰਹਾਂ ਨੇ ਧੀਆਂ ਵਾਂਗ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ। ਪਿੰਡ ਦੇ ਸਰਪੰਚ ਗੁਰਮੇਜ ਸਿੰਘ ਕਾਮਰੇਡ ਨੇ ਕਿਹਾ ਕਿ ਮੌਤ ਤੋਂ ਬਾਅਦ ਸਰੀਰ ਮਿੱਟੀ ਵਿੱਚ ਮਿਲ ਜਾਂਦਾ ਹੈ, ਪਰ ਸਰੀਰਦਾਨ ਰਾਹੀਂ ਇਸ ਨੂੰ ਮਨੁੱਖਤਾ ਦੀ ਭਲਾਈ ਲਈ ਵਰਤਿਆ ਜਾ ਸਕਦਾ ਹੈ। ਇਸ ਮੌਕੇ ਪਰਿਵਾਰਕ ਮੈਂਬਰ ਯਾਦਵਿੰਦਰ ਸਿੰਘ ਇੰਸਾਂ, ਗੁਰਵਿੰਦਰ ਸਿੰਘ ਇੰਸਾਂ, ਮਨਪ੍ਰੀਤ ਕੌਰ ਇੰਸਾਂ, ਰਾਜਵੀਰ ਕੌਰ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ‘ਐਸ’ ਵੈੱਲਫੇਅਰ ਫੋਰਸ ਵਿੰਗ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ, ਸਾਧ-ਸੰਗਤ, ਰਿਸ਼ਤੇਦਾਰ ਅਤੇ ਮੁਹੱਲਾ ਨਿਵਾਸੀ ਹਾਜ਼ਰ ਸਨ।