ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨਾਲ ਵਿਦਿਆਰਥੀ ਰੂ-ਬ-ਰੂ ਏਐੱਸ ਕਾਲਜ ਖੰਨਾ ’ਚ ਅੰਤਰਰਾਸ਼ਟਰੀ ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨਾਲ ਰੂ-ਬ-ਰੂ ਹੋਏ ਵਿਦਿਆਰਥੀ
Publish Date: Tue, 29 Sep 2026 07:42 PM (IST)
Updated Date: Wed, 30 Sep 2026 04:07 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਏਐੱਸ ਕਾਲਜ ਖੰਨਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਅੰਤਰਰਾਸ਼ਟਰੀ ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਦਾ ਰੂ-ਬ-ਰੂ ਕਰਵਾਇਆ ਗਿਆ।ਸਮਾਗਮ ਦੇ ਆਰੰਭ ’ਚ ਕਾਲਜ ਦੇ ਸਕੱਤਰ ਅਜੇ ਸੂਦ ਤੇ ਪ੍ਰਿੰਸੀਪਲ ਡਾ. ਕੇਕੇ ਸ਼ਰਮਾ ਤੇ ਪੰਜਾਬੀ ਵਿਭਾਗ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਸਵਾਗਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਕੇਕੇ ਸ਼ਰਮਾ ਨੇ ਮੁੱਖ ਮਹਿਮਾਨ ਬਲਵਿੰਦਰ ਸਿੰਘ ਗਰੇਵਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਵੱਲੋਂ ਕਰਵਾਇਆ ਗਿਆ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਜਗਤ ਦੀ ਇਸ ਪ੍ਰਸਿੱਧ ਸ਼ਖ਼ਸੀਅਤ ਦਾ ਏਐੱਸ ਕਾਲਜ ਦੇ ਵਿਹੜੇ ’ਚ ਆਉਣਾ ਕਾਲਜ ਲਈ ਮਾਣ ਤੇ ਵਡਭਾਗ ਵਾਲੀ ਗੱਲ ਹੈ। ਗਰੇਵਾਲ ਨਾਲ ਵਿਸ਼ੇਸ਼ ਤੌਰ ’ਤੇ ਪਹੁੰਚੇ ਐੱਸਜੀਪੀਸੀ ਦੇ ਸਾਬਕਾ ਸਕੱਤਰ ਸਿਮਰਨਜੀਤ ਸਿੰਘ ਕੰਗ ਨੂੰ ਵੀ ਪ੍ਰਿੰਸੀਪਲ ਨੇ ਜੀ ਆਇਆ ਕਿਹਾ। ਇਸ ਉਪਰੰਤ ਵਿਭਾਗ ਮੁਖੀ ਡਾ. ਰਾਜਪ੍ਰੀਤ ਕੌਰ ਬੈਨੀਪਾਲ ਨੇ ਬਲਵਿੰਦਰ ਸਿੰਘ ਗਰੇਵਾਲ ਦੇ ਜੀਵਨ ਤੇ ਸਾਹਿਤਕ ਰਚਨਾ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਨੂੰ ਮੰਚ ‘ਤੇ ਸੱਦਾ ਦਿੱਤਾ । ਗਰੇਵਾਲ ਨੇ ਵਿਦਿਆਰਥੀਆਂ ਨਾਲ ਆਪਣੇ ਸਾਹਿਤਕ ਸਫ਼ਰ ਤੇ ਕਹਾਣੀ-ਸਿਰਜਣਾ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਹਾਣੀ ਦੇ ਵਿਸ਼ੇ, ਪਾਤਰਾਂ ਤੇ ਕਥਾ-ਵਸਤੂ ਦੀ ਚੋਣ ਸਮੇਤ ਕਹਾਣੀ ਸਿਰਜਣ ਦੀ ਪ੍ਰਕਿਰਿਆ ਬਾਰੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਉਪਰੰਤ ਵਿਦਿਆਰਥੀਆਂ ਨੇ ਵੱਖ-ਵੱਖ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਨੇ ਵਿਸਥਾਰਪੂਰਵਕ ਤੇ ਤਸੱਲੀਬਖ਼ਸ਼ ਜਵਾਬ ਦਿੱਤੇ। ਇਸ ਮੌਕੇ ਪੰਜਾਬੀ ਸਾਹਿਤ ਸਭਾ 2026-27 ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ । ਸੁਮਨਪ੍ਰੀਤ ਕੌਰ ਪ੍ਰਧਾਨ, ਸੰਦੀਪ ਕੌਰ ਮੀਤ ਪ੍ਰਧਾਨ, ਜਸਜੋਤ ਕੌਰ ਸਕੱਤਰ, ਸੁਖਵੀਰ ਕੌਰ ਜਨਰਲ ਸਕੱਤਰ, ਇੰਦਰਜੀਤ ਕੌਰ ਖ਼ਜ਼ਾਨਚੀ ਤੇ ਮਨਜੀਤ ਕੌਰ ਪ੍ਰੈੱਸ ਸਕੱਤਰ ਨੂੰ ਬੈਜ ਲਗਾ ਕੇ ਸਨਮਾਨਿਆ ਗਿਆ। ਮੰਚ ਦਾ ਸੰਚਾਲਨ ਪ੍ਰੋ. ਲਵਪ੍ਰੀਤ ਸਿੰਘ ਤੇ ਮੀਤ ਪ੍ਰਧਾਨ ਸੰਦੀਪ ਕੌਰ ਨੇ ਬਾਖੂਬੀ ਕੀਤਾ। ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਬਲਵਿੰਦਰ ਸਿੰਘ ਗਰੇਵਾਲ ਤੇ ਵਿਸ਼ੇਸ਼ ਮਹਿਮਾਨ ਐੱਸਜੀਪੀਸੀ ਦੇ ਸਾਬਕਾ ਸਕੱਤਰ ਸਿਮਰਨਜੀਤ ਸਿੰਘ ਕੰਗ ਨੂੰ ਲੋਈ ਭੇਟ ਕਰਕੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਪ੍ਰੋ. ਰਵਿੰਦਰਜੀਤ ਸਿੰਘ, ਡਾ.ਮਨੂ ਵਰਮਾ,ਪ੍ਰੋ.ਦਿਸ਼ਾ, ਪ੍ਰੋ. ਪ੍ਰਿੰਸ, ਪ੍ਰੋ.ਗਗਨਦੀਪ ਕੌਰ, ਪ੍ਰੋ. ਪ੍ਰਭਜੋਤ ਕੌਰ ਤੇ ਪ੍ਰੋ. ਤਰਨਪ੍ਰੀਤ ਕੌਰ ਮੌਜੂਦ ਰਹੇ। ਇਸ ਸਾਹਿਤਕ ਉਪਰਾਲੇ ਦੀ ਏਐੱਸ ਹਾਈ ਸਕੂਲ, ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਡਾਲੀ, ਉਪ-ਪ੍ਰਧਾਨ ਨਵੀਨ ਥਮਨ, ਜਨਰਲ ਸਕੱਤਰ ਸੰਜੀਵ ਧਮੀਜਾ ਤੇ ਕਾਲਜ ਸਕੱਤਰ ਅਜੇ ਸੂਦ ਨੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਤੇ ਸਾਹਿਤਕਾਰਾਂ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।