ਲੁਟੇਰਿਆਂ ਦੀ ਤਸ਼ੱਦਦ ਦਾ ਸ਼ਿਕਾਰ ਹੋਈ ਵਿਦਿਆਰਥਣ ਗੰਭੀਰ ਰੂਪ 'ਚ ਜ਼ਖ਼ਮੀ, ਮੋਟਰਸਾਈਕਲ ਸਵਾਰਾਂ ਨੇ ਸਕੂਟਰ ਨੂੰ ਲੱਤ ਮਾਰ ਕੇ ਖੋਹਿਆ ਮੋਬਾਈਲ
ਵਰਧਮਾਨ ਕਲੋਨੀ, ਰਾਹੋਂ ਰੋਡ ਚੁੰਗੀ ਵਾਸੀ ਮੁਹੰਮਦ ਸਾਬਿਰ ਅਨਸਾਰੀ ਨੇ ਦੱਸਿਆ ਕਿ ਉਸ ਦੀ 19 ਸਾਲਾ ਬੇਟੀ ਸਾਜਦਾ ਬਾਨੋ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਪਿਊਟਰ ਦੀ ਕਲਾਸ ਲਗਾਉਂਦੀ ਹੈ। ਰਾਤ ਕਰੀਬ 8 ਵਜੇ ਉਹ ਆਪਣੇ ਭਰਾ ਰਿਆਨ ਨਾਲ ਸਕੂਟਰ ’ਤੇ ਸਵਾਰ ਹੋ ਕੇ ਆਪਣੀ ਸਹੇਲੀ ਕੋਲੋਂ ਕਿਤਾਬ ਲੈਣ ਲਈ ਜਗੀਰਪੁਰ ਵੱਲ ਜਾ ਰਹੀ ਸੀ।
Publish Date: Thu, 03 Sep 2026 01:23 PM (IST)
Updated Date: Thu, 03 Sep 2026 01:27 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ। ਜਗੀਰਪੁਰ ਇਲਾਕੇ ’ਚ ਰਾਤ ਸਮੇਂ ਲੁਟੇਰਿਆਂ ਦੀ ਵਾਰਦਾਤ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਪਣੀ ਸਹੇਲੀ ਕੋਲੋਂ ਕਿਤਾਬ ਲੈਣ ਲਈ ਭਰਾ ਨਾਲ ਸਕੂਟਰ ’ਤੇ ਜਾ ਰਹੀ 19 ਸਾਲਾ ਕੰਪਿਊਟਰ ਵਿਦਿਆਰਥਣ ਨੂੰ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਨਿਸ਼ਾਨਾ ਬਣਾਇਆ।
ਲੁਟੇਰਿਆਂ ਨੇ ਚੱਲਦੇ ਸਕੂਟਰ ਨੂੰ ਲੱਤ ਮਾਰ ਕੇ ਭੈਣ-ਭਰਾ ਨੂੰ ਸੜਕ ’ਤੇ ਸੁੱਟ ਦਿੱਤਾ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਵਿਦਿਆਰਥਣ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ।
ਵਰਧਮਾਨ ਕਲੋਨੀ, ਰਾਹੋਂ ਰੋਡ ਚੁੰਗੀ ਵਾਸੀ ਮੁਹੰਮਦ ਸਾਬਿਰ ਅਨਸਾਰੀ ਨੇ ਦੱਸਿਆ ਕਿ ਉਸ ਦੀ 19 ਸਾਲਾ ਬੇਟੀ ਸਾਜਦਾ ਬਾਨੋ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਪਿਊਟਰ ਦੀ ਕਲਾਸ ਲਗਾਉਂਦੀ ਹੈ। ਰਾਤ ਕਰੀਬ 8 ਵਜੇ ਉਹ ਆਪਣੇ ਭਰਾ ਰਿਆਨ ਨਾਲ ਸਕੂਟਰ ’ਤੇ ਸਵਾਰ ਹੋ ਕੇ ਆਪਣੀ ਸਹੇਲੀ ਕੋਲੋਂ ਕਿਤਾਬ ਲੈਣ ਲਈ ਜਗੀਰਪੁਰ ਵੱਲ ਜਾ ਰਹੀ ਸੀ।
ਜਦੋਂ ਦੋਵੇਂ ਭੈਣ-ਭਰਾ ਜਗੀਰਪੁਰ ਦੇ ਗੁਰਦੁਆਰਾ ਸਾਹਿਬ ਨੇੜੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਵਿਅਕਤੀ ਆਏ।
ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੇ ਸਕੂਟਰ ਨੂੰ ਲੱਤ ਮਾਰ ਦਿੱਤੀ, ਜਿਸ ਕਾਰਨ ਸਕੂਟਰ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਗਿਆ। ਸਕੂਟਰ ਦੇ ਨਾਲ ਸਾਜਦਾ ਅਤੇ ਉਸ ਦਾ ਭਰਾ ਵੀ ਸੜਕ ’ਤੇ ਡਿੱਗ ਪਏ। ਹਾਦਸੇ ’ਚ ਸਾਜਦਾ ਦੇ ਚਿਹਰੇ ਸਮੇਤ ਸਰੀਰ ਦੇ ਕਈ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਉਸ ਦੇ ਭਰਾ ਮੋਢੇ ’ਤੇ ਗੰਭੀਰ ਸੱਟ ਲੱਗੀ। ਬਦਮਾਸ਼ਾਂ ਨੇ ਤੜਫ ਰਹੀ ਸਾਜਦਾ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਮੋਟਰਸਾਈਕਲ ’ਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਭੈਣ-ਭਰਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਸਾਜਦਾ ਦਾ ਇਲਾਜ ਚੱਲ ਰਿਹਾ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਇਲਾਕੇ ’ਚ ਲੁਟੇਰਿਆਂ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਸੜਕ ’ਤੇ ਆਉਣ-ਜਾਣ ਵਾਲੇ ਬੱਚੇ ਵੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧ ਜਾਂਦੀ ਹੈ।
ਪਰਿਵਾਰ ਨੇ ਪੁਲਿਸ ਤੋਂ ਮੁਲਜ਼ਮਾਂ ਦੀ ਜਲਦ ਪਛਾਣ ਕਰਕੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਥਾਣਾ ਟਿੱਬਾ ਦੀ ਪੁਲਿਸ ਨੇ ਇਸ ਮਾਮਲੇ ’ਚ ਧਾਰਾ 304(2), 3(5) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕਰਕੇ ਦੋ ਅਣਪਛਾਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਵਾਰਦਾਤ ਵਾਲੇ ਰਸਤੇ ਅਤੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।