ਫਸਲ ’ਤੇ ਕੱਟ ਲਾਉਣ ਵਾਲੇ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਮੋਹਿਤ ਕੁੰਦਰਾ ਕਿਸਾਨਾਂ ਦੀ ਫਸਲ ’ਤੇ ਕੱਟ ਲਗਾਉਣ ਵਾਲੇ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਮੋਹਿਤ ਕੁੰਦਰਾ
Publish Date: Sat, 26 Sep 2026 06:44 PM (IST)
Updated Date: Sun, 27 Sep 2026 04:04 AM (IST)
* ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ’ਚ ਝੋਨੇ ਦੇ ਸੀਜ਼ਨ ਸਬੰਧੀ ਅਹਿਮ ਫੈਸਲਾ ਪੀ 13 : ਮਾਛੀਵਾੜਾ ਵਿਖੇ ਆੜ੍ਹਤੀਆਂ ਨਾਲ ਮੀਟਿੰਗ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ। ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ਼੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕੀਤੀ। ਇਸ ਦੌਰਾਨ ਝੋਨੇ ਦੇ ਸੀਜ਼ਨ ਨਾਲ ਸਬੰਧਤ ਸਮੱਸਿਆਵਾਂ ਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਹਿਤ ਕੁੰਦਰਾ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਕਿਸੇ ਸ਼ੈਲਰ ਮਾਲਕ ਵੱਲੋਂ ਕਿਸਾਨ ਦੇ ਝੋਨੇ ’ਤੇ ਪ੍ਰਤੀ ਕੁਇੰਟਲ ਪੈਸਿਆਂ ਜਾਂ ਬੋਰੀਆਂ ਦਾ ਕੱਟ ਲਗਾਇਆ ਜਾਂਦਾ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਬੰਧਤ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕੁਝ ਮੰਡੀਆਂ ’ਚ ਸਰਕਾਰੀ ਖਰੀਦ ਵਾਲੇ ਝੋਨੇ ਨੂੰ ਵੱਧ ਨਮੀ ਵਾਲਾ ਦੱਸ ਕੇ ਸ਼ੈਲਰ ਮਾਲਕ ਚੁਕਣ ਤੋਂ ਇਨਕਾਰ ਕਰ ਦਿੰਦੇ ਹਨ। ਇਸ ਤੋਂ ਬਾਅਦ ਕਥਿਤ ਤੌਰ ’ਤੇ ਆੜ੍ਹਤੀ ਰਾਹੀਂ ਕਿਸਾਨ ਨਾਲ ਸਮਝੌਤਾ ਕਰਕੇ ਪ੍ਰਤੀ ਕੁਇੰਟਲ ਕੱਟ ਲਗਾਉਣ ਜਾਂ ਵਾਧੂ ਬੋਰੀਆਂ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ। ਕੁੰਦਰਾ ਨੇ ਕਿਹਾ ਕਿ ਜੇਕਰ ਮਾਛੀਵਾੜਾ ਮੰਡੀ ਦਾ ਕੋਈ ਆੜ੍ਹਤੀ ਵੀ ਕਿਸਾਨ ਦੇ ਝੋਨੇ ’ਤੇ ਕੱਟ ਲਗਾ ਕੇ ਉਸ ਨੂੰ ਸ਼ੈਲਰ ਮਾਲਕ ਨੂੰ ਝੋਨਾ ਦੇਣ ਲਈ ਮਜਬੂਰ ਕਰਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਥਿਤ ਤੌਰ ’ਤੇ ਕੱਟ ਲਗਾ ਕੇ ਝੋਨਾ ਵੇਚਣ ਲਈ ਮਜਬੂਰ ਕਰਨ ਦੀ ਪ੍ਰਥਾ ਹੁਣ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੈਲਰ ਮਾਲਕ ਜਾਂ ਆੜ੍ਹਤੀ ਕੱਟ ਲਗਾ ਕੇ ਝੋਨਾ ਚੁਕਾਉਣ ਦੀ ਗੱਲ ਕਰਦਾ ਹੈ ਤਾਂ ਉਹ ਤੁਰੰਤ ਐਸੋਸੀਏਸ਼ਨ ਨੂੰ ਜਾਣਕਾਰੀ ਦੇਣ ਅਤੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਸ਼ਿਕਾਇਤ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਐਸੋਸੀਏਸ਼ਨ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ। ਕੁੰਦਰਾ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨਾ ਮੰਡੀ ਵਿੱਚ ਲਿਆਉਣ ਸਮੇਂ ਜਲਦਬਾਜ਼ੀ ਨਾ ਕਰਨ ਤੇ 17 ਫ਼ੀਸਦੀ ਨਮੀ ਵਾਲਾ ਝੋਨਾ ਹੀ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਨਿਰਧਾਰਤ ਮਾਪਦੰਡਾਂ ਅਨੁਸਾਰ ਝੋਨੇ ਦੀ ਖਰੀਦ ਹੋਣ ’ਤੇ ਕਿਸਾਨਾਂ ਨੂੰ ਅਦਾਇਗੀ ਵੀ ਸਮੇਂ ਸਿਰ ਕਰਵਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਸਰਪ੍ਰਸਤ ਗੁਰਨਾਮ ਸਿੰਘ ਨਾਗਰਾ, ਟਹਿਲ ਸਿੰਘ ਔਜਲਾ, ਕਪਿਲ ਆਨੰਦ, ਅਰਵਿੰਦਰਪਾਲ ਸਿੰਘ ਵਿੱਕੀ, ਪਰਮਿੰਦਰ ਸਿੰਘ ਗੁਲਿਆਣੀ, ਹਰਵਿੰਦਰ ਸਿੰਘ ਸ਼ੇਰੀਆਂ, ਪਵਨ ਕੁਮਾਰ, ਹੈਪੀ ਬਾਂਸਲ, ਪੁਨੀਤ ਜੈਨ, ਚਿਰਾਗ ਬਾਂਸਲ, ਹਰਿੰਦਰ ਸਿੰਘ ਟੋਨੀ, ਬਿੰਨੀ ਅਗਰਵਾਲ, ਸ਼ਸ਼ੀ ਭਾਟੀਆ, ਰਾਜਵਿੰਦਰ ਸਿੰਘ ਸੈਣੀ, ਹਰਕੇਸ਼ ਨਹਿਰਾ ਅਤੇ ਹਨੀ ਆਨੰਦ ਸਮੇਤ ਹੋਰ ਆੜ੍ਹਤੀ ਮੌਜੂਦ ਸਨ।