ਸ਼ੇਅਰ ਮਾਰਕੀਟ ਦੇ ਘਾਟੇ ਨੇ ਪਿਓ-ਪੁੱਤਰਾਂ ਨੂੰ ਬਣਾਇਆ ਲੁਟੇਰੇ, ਤਿੰਨੇ ਕਾਬੂ
ਸ਼ੇਅਰ ਮਾਰਕੀਟ ਦੇ ਘਾਟੇ ਨੇ ਬਣਾਇਆ ਲੁਟੇਰੇ, ਪਿਤਾ ਤੇ ਦੋ ਪੁੱਤਰ ਗ੍ਰਿਫ਼ਤਾਰ
Publish Date: Mon, 08 Jun 2026 09:28 PM (IST)
Updated Date: Mon, 08 Jun 2026 09:29 PM (IST)

-ਇਮੀਗ੍ਰੇਸ਼ਨ ਕੇਸ ਤੇ ਜ਼ਮੀਨੀ ਵਿਵਾਦ ਲਈ ਪੈਸਿਆਂ ਦੀ ਲੋੜ ਪੂਰੀ ਕਰਨ ਲਈ ਜਿਊਲਰੀ ਸ਼ੋਅਰੂਮ ਨੂੰ ਬਣਾਇਆ ਸੀ ਨਿਸ਼ਾਨਾ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਦੇ ਏਟੀਆਈ ਕਾਲਜ ਰੋਡ ’ਤੇ ਪੈਂਦੇ ਨਿਊ ਜਨਤਾ ਨਗਰ ਇਲਾਕੇ ’ਚ ਪਿਛਲੇ ਮਹੀਨੇ ਦਿਨ-ਦਿਹਾੜੇ ਹੋਈ ਜਿਊਲਰੀ ਸ਼ੋਅਰੂਮ ਲੁੱਟ ਦੀ ਗੁੱਥੀ ਨੂੰ ਸ਼ਿਮਲਾਪੁਰੀ ਪੁਲਿਸ ਨੇ ਸੁਲਝਾਉਂਦਿਆਂ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਮੁਲਜ਼ਮ ਕੋਈ ਪੇਸ਼ੇਵਰ ਲੁਟੇਰੇ ਨਹੀਂ ਸਨ, ਸਗੋਂ ਪਿਤਾ ਅਤੇ ਉਸ ਦੇ ਦੋ ਪੁੱਤਰ ਸਨ, ਜੋ ਸ਼ੇਅਰ ਮਾਰਕੀਟ ’ਚ ਹੋਏ ਭਾਰੀ ਨੁਕਸਾਨ, ਇਮੀਗ੍ਰੇਸ਼ਨ ਨਾਲ ਸਬੰਧਤ ਕੇਸ ਅਤੇ ਜ਼ਮੀਨੀ ਵਿਵਾਦ ਕਾਰਨ ਆਰਥਿਕ ਔਕੜ ਦਾ ਸਾਹਮਣਾ ਕਰ ਰਹੇ ਸਨ। ਪੁਲਿਸ ਮੁਤਾਬਕ ਪੈਸਿਆਂ ਦਾ ਪ੍ਰਬੰਧ ਕਰਨ ਲਈ ਤਿੰਨਾਂ ਨੇ ਮਿਲ ਕੇ ਲੁੱਟ ਦੀ ਸਾਜ਼ਿਸ਼ ਰਚੀ ਅਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਮਾਮਲੇ ਸਬੰਧੀ ਪੁਲਿਸ ਨੇ ਕੜੀਆਂ ਜੋੜੀਆਂ ਅਤੇ ਪੜਤਾਲ ਦੌਰਾਨ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਏਡੀਸੀਪੀ ਕਰਨਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੜਤਾਲ ਦੌਰਾਨ ਕਈ ਖੁਲਾਸੇ ਹੋਏ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਜਨਤਾ ਨਗਰ ਦੇ ਰਹਿਣ ਵਾਲੇ ਹਰਵਿੰਦਰ ਸਿੰਘ, ਉਸ ਦੇ ਪੁੱਤਰਾਂ ਸਰਦੂਲ ਸਿੰਘ ਅਤੇ ਗੁਰਜੀਤ ਸਿੰਘ ਦੀ ਪੀੜਤ ਜਿਊਲਰ ਨਾਲ ਕੁਝ ਸਮਾਂ ਪਹਿਲਾਂ ਹੀ ਚਾਂਦੀ ਦਾ ਕੜਾ ਬਣਾਉਣ ਦੌਰਾਨ ਜਾਣ-ਪਛਾਣ ਹੋਈ ਸੀ, ਜਿਸ ਤੋਂ ਬਾਅਦ ਉਹ ਅਕਸਰ ਉਸ ਦੀ ਦੁਕਾਨ ਤੇ ਆਉਂਦੇ-ਜਾਂਦੇ ਰਹਿੰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਦੁਕਾਨ ਦੀ ਅੰਦਰੂਨੀ ਬਣਤਰ ਤੇ ਕੰਮਕਾਜ ਬਾਰੇ ਕਾਫੀ ਜਾਣਕਾਰੀ ਹੋ ਗਈ ਸੀ। ਟਰੈਵਲ ਏਜੰਟ ਪੁੱਤਰ ਨੇ ਬਣਾਈ ਪੂਰੀ ਯੋਜਨਾ ਪੁਲਿਸ ਅਨੁਸਾਰ 26 ਸਾਲਾ ਸਰਦੂਲ ਸਿੰਘ ਇਸ ਪੂਰੇ ਮਾਮਲੇ ਦਾ ਮੁੱਖ ਸੂਤਰਧਾਰ ਸੀ। ਵਾਰਦਾਤ ਤੋਂ ਦੋ ਦਿਨ ਪਹਿਲਾਂ ਉਸ ਨੇ ਦੁਕਾਨ ਦੀ ਰੇਕੀ ਕੀਤੀ ਅਤੇ ਸਟਰਾਂਗ ਰੂਮ, ਕੀਮਤੀ ਗਹਿਣਿਆਂ ਅਤੇ ਕਰਮਚਾਰੀਆਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ। ਇਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਅਤੇ ਭਰਾ ਨਾਲ ਮਿਲ ਕੇ ਲੁੱਟ ਦੀ ਯੋਜਨਾ ਤਿਆਰ ਕੀਤੀ। 22 ਮਈ ਨੂੰ ਯੋਜਨਾ ਮੁਤਾਬਕ ਹਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਨਕਾਬ ਪਾ ਕੇ ਜਿਊਲਰੀ ਸ਼ੋਅਰੂਮ ਵਿੱਚ ਦਾਖਲ ਹੋਏ, ਜਦਕਿ ਸਰਦੂਲ ਸਿੰਘ ਕੁਝ ਦੂਰੀ ਤੇ ਆਈ-20 ਕਾਰ ’ਚ ਬੈਠਾ ਰਿਹਾ। ਉਸ ਦਾ ਕੰਮ ਵਾਰਦਾਤ ਤੋਂ ਬਾਅਦ ਆਪਣੇ ਪਿਤਾ ਅਤੇ ਭਰਾ ਨੂੰ ਸੁਰੱਖਿਅਤ ਤਰੀਕੇ ਨਾਲ ਉਥੋਂ ਭਜਾਉਣਾ ਸੀ। ਚਾਰ ਮਿੰਟਾਂ ’ਚ ਸਮੇਟ ਲਿਆ ਲੱਖਾਂ ਦਾ ਮਾਲ ਸਵੇਰੇ ਕਰੀਬ 11:37 ਵਜੇ ਦੋਵੇਂ ਮੁਲਜ਼ਮ ਦੁਕਾਨ ਵਿੱਚ ਦਾਖਲ ਹੋਏ ਅਤੇ ਉਥੇ ਮੌਜੂਦ ਰਣਜੀਤ ਸਿੰਘ ਨੂੰ ਕਾਬੂ ਕਰਕੇ ਸਟਰਾਂਗ ਰੂਮ ਵਿੱਚ ਲੈ ਗਏ। ਉਨ੍ਹਾਂ ਨੇ ਰਣਜੀਤ ਤੋਂ ਲਾਕਰ ਦੀਆਂ ਚਾਬੀਆਂ ਮੰਗੀਆਂ, ਪਰ ਉਸ ਨੇ ਕਿਹਾ ਕਿ ਲਾਕਰ ਦੀਆਂ ਚਾਬੀਆਂ ਉਸ ਦੇ ਪਿਤਾ ਕੋਲ ਹਨ, ਜੋ ਅਜੇ ਦੁਕਾਨ ਤੇ ਨਹੀਂ ਆਏ। ਜਿਸ ਤੋਂ ਬਾਅਦ ਉਨ੍ਹਾਂ ਗੁੱਸੇ ਵਿੱਚ ਆਕੇ ਰਣਜੀਤ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦੁਕਾਨ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਅਤੇ ਗਹਿਣੇ ਬੈਗ ਵਿੱਚ ਭਰਨੇ ਸ਼ੁਰੂ ਕਰ ਦਿੱਤੇ। ਜਦੋਂ ਮੁਲਜ਼ਮਾਂ ਨੇ ਰਣਜੀਤ ਦੇ ਪਹਿਨੇ ਹੋਏ ਸੋਨੇ ਦੇ ਗਹਿਣੇ ਵੀ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵਿਰੋਧ ਕੀਤਾ। ਇਸ ਦੌਰਾਨ ਇੱਕ ਮੁਲਜ਼ਮ ਨੇ ਉਸ ਤੇ ਚਾਕੂ ਨਾਲ ਕਈ ਵਾਰ ਕੀਤੇ। ਬਾਅਦ ਵਿੱਚ ਉਸ ਦੇ ਹੱਥ ਉਸੇ ਦੀ ਕਮੀਜ ਨਾਲ ਬੰਨ੍ਹ ਦਿੱਤੇ ਗਏ ਤਾਂ ਜੋ ਉਹ ਮਦਦ ਲਈ ਕੋਸ਼ਿਸ਼ ਨਾ ਕਰ ਸਕੇ। ਇਸ ਦੌਰਾਨ ਇਕ ਲੁਟੇਰੇ ਨੇ ਰਣਜੀਤ ਦੇ ਸਿਰ ਤੇ ਪਿਸਤੋਲ ਤਾਣੀ ਰੱਖੀ ਜਦੋਂ ਕਿ ਦੁਸਰੇ ਨੇ ਸਾਰਾ ਸਮਾਨ ਇਕੱਠਾ ਕਰ ਲਿਆ। ਲੁਟੇਰੇ ਸਿਰਫ਼ ਗਹਿਣੇ ਹੀ ਨਹੀਂ ਲੈ ਕੇ ਗਏ, ਸਗੋਂ ਪੀੜਤ ਦਾ ਲਾਇਸੈਂਸੀ .32 ਬੋਰ ਪਿਸਤੌਲ, ਮੋਬਾਇਲ ਫੋਨ ਅਤੇ ਸਕੂਟਰ ਵੀ ਆਪਣੇ ਨਾਲ ਲੈ ਗਏ। ਪੁਲਿਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਵਿੱਚੋਂ ਕਈ ਚੀਜ਼ਾਂ ਬਰਾਮਦ ਕਰ ਲਈਆਂ ਹਨ। ਮੁੱਢਲੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਲੁੱਟੇ ਗਏ ਗਹਿਣਿਆਂ ਦਾ ਇੱਕ ਹਿੱਸਾ ਨਕਦੀ ਹਾਸਲ ਕਰਨ ਲਈ ਵੇਚ ਦਿੱਤਾ ਸੀ। ਬਾਕੀ ਗਹਿਣਿਆਂ ਅਤੇ ਹੋਰ ਸਬੂਤਾਂ ਦੀ ਬਰਾਮਦਗੀ ਲਈ ਪੁਲਿਸ ਦੀ ਕਾਰਵਾਈ ਜਾਰੀ ਹੈ। ਏਡੀਸੀਪੀ ਕਰਨਵੀਰ ਸਿੰਘ ਅਤੇ ਏਸੀਪੀ ਅਨੁਭਵ ਜੈਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ ਅਤੇ ਬਾਕੀ ਲੁੱਟੇ ਮਾਲ ਦੀ ਬਰਾਮਦਗੀ ਲਈ ਯਤਨ ਕੀਤੇ ਜਾ ਰਹੇ ਹਨ।