
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਸ਼ੇਸ਼ ਖ਼ਬਰ-ਥਾਣਾ ਡਵੀਜ਼ਨ ਨੰਬਰ 3 ਦੇ ਮੁਖੀਆਂ ਦਾ 7 ਮਹੀਨਿਆਂ ’ਚ ਚਾਰ ਵਾਰ ਤਬਾਦਲਾ

-ਨਵੇਂ ਥਾਣਾ ਮੁਖੀ ਦੇ ਰਿਕਾਰਡ ਨੂੰ ਸਮਝਦੇ ਹੀ ਹੋ ਰਹੀ ਬਦਲੀ
-ਅਦਾਲਤੀ ਤੇ ਥਾਣੇ ਦੇ ਕੰਮਾਂ ’ਚ ਪੈ ਰਿਹੈ ਭਾਰੀ ਵਿਘਨ
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ
ਡਵੀਜ਼ਨ ਨੰਬਰ ਤਿੰਨ ਦੀ ਐੱਸਐੱਚਓ ਦੀ ਕੁਰਸੀ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਬਦਲ ਰਹੀ ਹੈ। ਇਸ ਥਾਣੇ ਵਿੱਚ ਜਨਵਰੀ ਤੋਂ ਹੁਣ ਤੱਕ ਚਾਰ ਇੰਸਪੈਕਟਰ ਐੱਸਐੱਚਓ ਵਜੋਂ ਤਾਇਨਾਤ ਹੋ ਚੁੱਕੇ ਹਨ, ਪਰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਤਿੰਨ ਮਹੀਨੇ ਪੂਰੇ ਕਰਨ ਦਾ ਮੌਕਾ ਨਹੀਂ ਮਿਲਿਆ। ਐੱਸਐੱਚਓਜ਼ ਦੀ ਇਹ ਲਗਾਤਾਰ ਤਬਦੀਲੀ ਹੁਣ 10 ਪੁਲਿਸ ਮੁਲਾਜ਼ਮਾਂ ਨਾਲ ਸਬੰਧਤ ਰਿਸ਼ਵਤ ਮਾਮਲੇ ਦੀ ਅਦਾਲਤੀ ਕਾਰਵਾਈ ਦੌਰਾਨ ਚਰਚਾ ਵਿੱਚ ਆ ਗਈ ਹੈ।
ਮਾਮਲੇ ਨਾਲ ਜਾਣੂ ਅਧਿਕਾਰੀਆਂ ਅਨੁਸਾਰ, ਜਦੋਂ ਵੀ ਨਵਾਂ ਐੱਸਐੱਚਓ ਥਾਣੇ ਦਾ ਚਾਰਜ ਸੰਭਾਲਦਾ ਹੈ ਤਾਂ ਉਹ ਮਾਮਲੇ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਮੌਜੂਦ ਰਿਕਾਰਡ ਤੇ ਸਬੂਤਾਂ ਨੂੰ ਸਮਝਣ ਲਈ ਅਦਾਲਤ ਤੋਂ ਹੋਰ ਸਮਾਂ ਮੰਗਦਾ ਹੈ। ਇਸ ਤੋਂ ਬਾਅਦ ਨਵੇਂ ਐੱਸਐੱਚਓ ਵੱਲੋਂ ਮੁਸ਼ਕਲ ਨਾਲ ਇੱਕ-ਦੋ ਸੁਣਵਾਈਆਂ ਵਿੱਚ ਹਾਜ਼ਰੀ ਭਰੀ ਜਾਂਦੀ ਹੈ ਅਤੇ ਤਬਾਦਲਾ ਹੋ ਜਾਂਦਾ ਹੈ। ਨਵਾਂ ਅਧਿਕਾਰੀ ਆਉਣ ਤੋਂ ਬਾਅਦ ਮੁੜ ਉਸੇ ਤਰ੍ਹਾਂ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਲਈ ਸਮਾਂ ਮੰਗਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।
ਇਸ ਤਰ੍ਹਾਂ ਮਾਮਲੇ ਦੀ ਸੁਣਵਾਈ ਵਿੱਚ ਵਾਰ-ਵਾਰ ਸਮਾਂ ਮੰਗਣ ਅਤੇ ਤਾਰੀਖ਼ਾਂ ਪੈਣ ਦਾ ਸਿਲਸਿਲਾ ਬਣਿਆ ਹੋਇਆ ਹੈ। ਇਸ ਕਾਰਨ ਮਾਮਲੇ ਦੀ ਕਾਰਵਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਇਹ ਸਵਾਲ ਵੀ ਉੱਠ ਰਹੇ ਹਨ ਕਿ ਐੱਸਐੱਚਓਜ਼ ਦੀ ਇੰਨੀ ਤੇਜ਼ੀ ਨਾਲ ਹੋ ਰਹੀ ਤਬਦੀਲੀ ਕੀ ਪੁਲਿਸ ਵੱਲੋਂ ਅਦਾਲਤ ਦੀ ਸਹੀ ਢੰਗ ਨਾਲ ਸਹਾਇਤਾ ਕਰਨ ਵਿੱਚ ਰੁਕਾਵਟ ਬਣ ਰਹੀ ਹੈ।
ਥਾਣਾ-3 ’ਚ ਐੱਸਐੱਚਓਜ਼ ਦੀ ਤਾਇਨਾਤੀ ਦਾ ਵੇਰਵਾ ਵੀ ਇਸ ਤਬਦੀਲੀ ਨੂੰ ਸਪੱਸ਼ਟ ਕਰਦਾ ਹੈ। ਇੰਸਪੈਕਟਰ ਨਰਦੇਵ ਸਿੰਘ ਨੇ 20 ਜਨਵਰੀ ਤੋਂ 25 ਮਾਰਚ 2026 ਤੱਕ ਐੱਸਐੱਚਓ ਵਜੋਂ ਸੇਵਾ ਨਿਭਾਈ। ਇਸ ਤੋਂ ਬਾਅਦ ਇੰਸਪੈਕਟਰ ਬਲਵਿੰਦਰ ਕੌਰ ਨੇ 10 ਅਪ੍ਰੈਲ ਤੋਂ 6 ਮਈ ਤੱਕ ਜ਼ਿੰਮੇਵਾਰੀ ਸੰਭਾਲੀ। 6 ਮਈ ਨੂੰ ਇੰਸਪੈਕਟਰ ਅਮਰਜੀਤ ਸਿੰਘ ਨੇ ਐੱਸਐੱਚਓ ਦਾ ਅਹੁਦਾ ਸੰਭਾਲਿਆ ਅਤੇ 14 ਜੂਨ ਤੱਕ ਇਸ ਅਹੁਦੇ ’ਤੇ ਰਹੇ। ਇਸ ਤੋਂ ਬਾਅਦ 14 ਜੂਨ ਨੂੰ ਇੰਸਪੈਕਟਰ ਗੁਰਜੀਤ ਸਿੰਘ ਨੇ ਚਾਰਜ ਸੰਭਾਲਿਆ, ਜੋ ਇਸ ਸਮੇਂ ਵੀ ਐੱਸਐੱਚਓ ਵਜੋਂ ਤਾਇਨਾਤ ਹਨ। ਇਹ ਮਾਮਲਾ ਉਸ ਸਮੇਂ ਹੋਰ ਵੀ ਗੰਭੀਰ ਬਣ ਗਿਆ ਜਦੋਂ ਲੁਧਿਆਣਾ ਦੀ ਵਿਸ਼ੇਸ਼ ਅਦਾਲਤ ਨੇ ਚੱਲ ਰਹੇ ਰਿਸ਼ਵਤ ਮਾਮਲੇ ਵਿੱਚ ਪੇਸ਼ ਕੀਤੀਆਂ ਗਈਆਂ 28 ਵੀਡੀਓ ਕਲਿੱਪਾਂ ਵਿੱਚ ਨਜ਼ਰ ਆ ਰਹੇ ਵਿਅਕਤੀਆਂ ਦੀ ਪਛਾਣ ਨਾ ਕੀਤੇ ਜਾਣ ’ਤੇ ਲੁਧਿਆਣਾ ਪੁਲਿਸ ਦੀ ਕਾਰਗੁਜ਼ਾਰੀ ’ਤੇ ਚਿੰਤਾ ਜ਼ਾਹਰ ਕੀਤੀ। ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ, ਜੋ ਗ੍ਰਹਿ ਮਾਮਲਿਆਂ ਦਾ ਵਿਭਾਗ ਵੀ ਸੰਭਾਲ ਰਹੇ ਹਨ, ਦੇ ਧਿਆਨ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਇਹ ਮਾਮਲਾ ਸਾਲ 2019-20 ਦਾ ਹੈ। ਲਾਟਰੀ ਕਾਰੋਬਾਰੀ ਸੁਭਾਸ਼ ਕੇਟੀ ਨੇ ਦੋਸ਼ ਲਾਇਆ ਸੀ ਕਿ ਲਾਟਰੀ ਵਿਕਰੇਤਾਵਾਂ ਤੋਂ ਪੁਲਿਸ ਮੁਲਾਜ਼ਮ ਕਥਿਤ ਤੌਰ ’ਤੇ ਖੁੱਲ੍ਹੇਆਮ ਰਿਸ਼ਵਤ ਲੈ ਰਹੇ ਹਨ। ਕੇਟੀ ਨੇ ਇਸ ਸਬੰਧੀ ਵੀਡੀਓ ਸਬੂਤ ਉਸ ਸਮੇਂ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਵੀ ਸੌਂਪੇ ਸਨ। ਜਦੋਂ ਉਨ੍ਹਾਂ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ। ਇਸ ਤੋਂ ਬਾਅਦ ਮਾਰਚ 2020 ਵਿੱਚ ਮਾਮਲਾ ਦਰਜ ਕੀਤਾ ਗਿਆ। ਹੁਣ ਤੱਕ ਇਸ ਮਾਮਲੇ ਵਿੱਚ 11 ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ ਅਤੇ 10 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਦੋਸ਼ ਪੱਤਰ ਵੀ ਪੇਸ਼ ਕੀਤਾ ਜਾ ਚੁੱਕਾ ਹੈ। ਹਾਲਾਂਕਿ ਸੁਭਾਸ਼ ਕੇਟੀ ਦਾ ਕਹਿਣਾ ਹੈ ਕਿ ਉਸ ਵੱਲੋਂ ਕੀਤੇ ਗਏ ਸਟਿੰਗ ਦੌਰਾਨ 28 ਪੁਲਿਸ ਮੁਲਾਜ਼ਮ ਕੈਮਰੇ ਵਿੱਚ ਕੈਦ ਹੋਏ ਸਨ। ਇਸ ਕਾਰਨ ਹੁਣ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਜੇਕਰ ਵੀਡੀਓ ਵਿੱਚ ਇੰਨੇ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਸਨ ਤਾਂ ਉਨ੍ਹਾਂ ਸਾਰਿਆਂ ਦੀ ਪਛਾਣ ਅਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਿਉਂ ਨਹੀਂ ਹੋਈ।
ਮਾਮਲੇ ਦੀ ਅਦਾਲਤੀ ਕਾਰਵਾਈ ਦੌਰਾਨ 28 ਵੀਡੀਓ ਕਲਿੱਪਾਂ ਵਿੱਚ ਦਿਖਾਈ ਦੇ ਰਹੇ ਵਿਅਕਤੀਆਂ ਦੀ ਪਛਾਣ ਦਾ ਮੁੱਦਾ ਪੁਲਿਸ ਲਈ ਵੀ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਅਦਾਲਤ ਵੱਲੋਂ ਇਸ ਸਬੰਧੀ ਚਿੰਤਾ ਜ਼ਾਹਰ ਕੀਤੇ ਜਾਣ ਤੋਂ ਬਾਅਦ ਮਾਮਲੇ ਦੀ ਜਾਂਚ, ਪੁਲਿਸ ਦੀ ਜਵਾਬਦੇਹੀ ਅਤੇ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਡਿਵੀਜ਼ਨ ਨੰਬਰ ਤਿੰਨ ਥਾਣੇ ਵਿੱਚ ਐੱਸਐੱਚਓਜ਼ ਦੀ ਲਗਾਤਾਰ ਹੋ ਰਹੀ ਤਬਦੀਲੀ ਨੂੰ ਇਸ ਮਾਮਲੇ ਨਾਲ ਜੋੜ ਕੇ ਕੋਈ ਅਧਿਕਾਰਤ ਗੱਲ ਨਹੀਂ ਕਹੀ ਹੈ।
-ਬਾਕਸ-
-ਪ੍ਰਬੰਧ ਸੁਚਾਰੂ ਚਲਾਉਣ ਲਈ ਹੀ ਹਰ ਕਦਮ ਚੁੱਕਦੇ ਹਾਂ : ਸਵਪਨ ਸ਼ਰਮਾ
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਵੱਡਾ ਸ਼ਹਿਰ ਹੈ ਅਤੇ ਇੱਥੇ ਆਬਾਦੀ ਵੀ ਬਹੁਤ ਜ਼ਿਆਦਾ ਹੈ। ਪੁਲਿਸ ’ਤੇ ਕੰਮ ਦਾ ਕਾਫ਼ੀ ਬੋਝ ਹੈ। ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੇਂ-ਸਮੇਂ ’ਤੇ ਪੁਲਿਸ ਅਧਿਕਾਰੀਆਂ ਦੀਆਂ ਤਾਇਨਾਤੀਆਂ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ।