ਵਿਧਾਇਕਾਂ ਤੇ ਡੀਸੀ ਵੱਲੋਂ ਖੇਡ ਸੰਸਥਾਵਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਖੇਡਾਂ ਵਤਨ ਪੰਜਾਬ ਦੀਆਂ 2026-
Publish Date: Wed, 09 Sep 2026 09:12 PM (IST)
Updated Date: Thu, 10 Sep 2026 04:08 AM (IST)
53 ਪੁਨੀਤ ਬਾਵਾ/ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ ਲੁਧਿਆਣਾ ਬੱਚਤ ਭਵਨ ਲੁਧਿਆਣਾ ਵਿਖੇ ਅੱਜ ਇੱਕ ਅਹਿਮ ਮੀਟਿੰਗ ਸੱਦੀ ਗਈ। ਮੀਟਿੰਗ ਦੌਰਾਨ ਲੁਧਿਆਣਾ ਦੇ ਖੇਡ ਸੰਗਠਨਾਂ, ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਅਤੇ ਸਬੰਧਤ ਸਰਕਾਰੀ ਵਿਭਾਗਾਂ ਦੇ ਨੁਮਾਇੰਦਿਆਂ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026’ ਦੇ ਚੌਥੇ ਸੀਜ਼ਨ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਖੇਡਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕਤੀ। ਡਿਪਟੀ ਕਮਿਸ਼ਨਰ ਨੇ ਖੁਦ ਬੈਡਮਿੰਟਨ ਲਈ ਰਜਿਸਟ੍ਰੇਸ਼ਨ ਕਰਵਾਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟਰ ਕਰਨ ਦੀ ਅਪੀਲ ਕੀਤੀ। ਯੋਗ ਭਾਗੀਦਾਰ ਪੰਜਾਬ ਖੇਡ ਵਿਭਾਗ ਦੇ ਪੋਰਟਲ https://sports.punjab.gov.in ਲਿੰਕ ’ਤੇ ਜਾ ਕੇ ਆਨਲਾਈਨ ਸਵੈ-ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਚਾਰ ਸਮੱਗਰੀ ਅਤੇ ਪੋਸਟਰਾਂ ’ਤੇ ਦਿੱਤੇ ਕਿਊਆਰ ਕੋਡ ਨੂੰ ਸਕੈਨ ਕਰਕੇ ਵੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਡੀਸੀ ਅਤੇ ਵਿਧਾਇਕਾਂ ਨੇ 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਸਾਰੇ ਹਿੱਸੇਦਾਰਾਂ ਨੂੰ ਖੇਡ ਵਿਭਾਗ ਨਾਲ ਨਜ਼ਦੀਕੀ ਤਾਲਮੇਲ ਕਰਕੇ ਕੰਮ ਕਰਨ ਅਤੇ ਵਿਦਿਆਰਥੀਆਂ, ਖਿਡਾਰੀਆਂ, ਕਲੱਬਾਂ, ਟੀਮਾਂ ਅਤੇ ਹੋਰ ਯੋਗ ਭਾਗੀਦਾਰਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਕੂਲ ਸਿੱਖਿਆ, ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਯੁਵਾ ਸੇਵਾਵਾਂ ਵਿਭਾਗਾਂ ਨੂੰ ਖਿਡਾਰੀਆਂ ਅਤੇ ਟੀਮਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਵਿੱਚ ਸਹੂਲਤ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਵਿਭਾਗੀ ਕਰਮਚਾਰੀਆਂ ਨੂੰ ਵੀ ਆਪਣੀ ਰੁਚੀ ਅਨੁਸਾਰ ਖੇਡਾਂ ਵਿੱਚ ਹਿੱਸਾ ਲੈਣ ਅਤੇ ਇਸ ਖੇਡ ਪਹਿਲਕਦਮੀ ਦੇ ਸਰਗਰਮ ਰਾਜਦੂਤ ਬਣਨ ਲਈ ਉਤਸ਼ਾਹਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਨੌਂ ਉਮਰ ਵਰਗਾਂ ਵਿੱਚ 38 ਖੇਡ ਵਿਸ਼ਿਆਂ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ ਅੰਡਰ-14, ਅੰਡਰ-17, ਅੰਡਰ-21, 21–30, 31–40, 41–50, 51–60, 61–70 ਅਤੇ 70 ਸਾਲ ਤੋਂ ਵੱਧ ਉਮਰ ਵਰਗ ਸ਼ਾਮਲ ਹਨ। ਲੜਕਿਆਂ ਅਤੇ ਲੜਕੀਆਂ ਲਈ ਟੈਨਿਸ ਬਾਲ ਕ੍ਰਿਕਟ ਨੂੰ ਪ੍ਰਦਰਸ਼ਨੀ ਖੇਡ ਵਜੋਂ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ, ਜਦਕਿ ਪੈਰਾ ਖੇਡਾਂ ਰਾਜ ਪੱਧਰ ’ਤੇ ਹੋਣਗੀਆਂ। ਜੇਤੂਆਂ ਨੂੰ ਗ੍ਰੇਡੇਸ਼ਨ ਸਰਟੀਫਿਕੇਟਾਂ ਦੇ ਨਾਲ 12 ਕਰੋੜ ਰੁਪਏ ਤੋਂ ਵੱਧ ਦੇ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੱਤ ਖੇਡਾਂ ਅਥਲੈਟਿਕਸ, ਖੋ-ਖੋ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਫੁੱਟਬਾਲ, ਵਾਲੀਬਾਲ ਸਮੈਸ਼ਿੰਗ ਅਤੇ ਵਾਲੀਬਾਲ ਸ਼ੂਟਿੰਗ ਦੇ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਅਤੇ 15 ਸਤੰਬਰ ਤੱਕ ਜਾਰੀ ਰਹਿਣਗੇ। ਜ਼ਿਲ੍ਹਾ ਪੱਧਰੀ ਮੁਕਾਬਲੇ 20 ਤੋਂ 30 ਸਤੰਬਰ ਤੱਕ ਕਰਵਾਏ ਜਾਣਗੇ। ਇਨ੍ਹਾਂ ਵਿੱਚ ਬਲਾਕ ਪੱਧਰ ਦੇ ਜੇਤੂਆਂ ਤੋਂ ਇਲਾਵਾ 21 ਸਿੱਧੀ-ਪ੍ਰਵੇਸ਼ ਵਾਲੀਆਂ ਖੇਡਾਂ ਦੇ ਭਾਗੀਦਾਰ ਵੀ ਹਿੱਸਾ ਲੈਣਗੇ, ਜਿਸ ਨਾਲ ਜ਼ਿਲ੍ਹਾ ਪੱਧਰ ’ਤੇ ਕੁੱਲ 28 ਖੇਡਾਂ ਵਿੱਚ ਮੁਕਾਬਲੇ ਹੋਣਗੇ। ਵਿਧਾਇਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 5 ਸਤੰਬਰ ਨੂੰ ਬਠਿੰਡਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ 2026’ ਦੇ ਚੌਥੇ ਸੀਜ਼ਨ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਇਸ ਦੀ ਸਮਾਪਤੀ 29 ਨਵੰਬਰ ਨੂੰ ਪਟਿਆਲਾ ਵਿਖੇ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸੀਜ਼ਨਾਂ ਵਿੱਚ ਪੰਜ ਲੱਖ ਤੱਕ ਖਿਡਾਰੀਆਂ ਨੇ ਭਾਗ ਲਿਆ ਸੀ, ਜਦਕਿ ਇਸ ਵਾਰ 10 ਲੱਖ ਭਾਗੀਦਾਰਾਂ ਦਾ ਟੀਚਾ ਰੱਖਿਆ ਗਿਆ ਹੈ। ਜ਼ਿਲ੍ਹਾ ਖੇਡ ਅਧਿਕਾਰੀ ਮਨਦੀਪ ਕੌਸ਼ਲ ਨੇ ਸਾਰੇ ਨੌਜਵਾਨਾਂ ਤੇ ਯੋਗ ਭਾਗੀਦਾਰਾਂ ਨੂੰ ਜਲਦ ਤੋਂ ਜਲਦ ਰਜਿਸਟਰ ਕਰਨ ਅਤੇ ਖੇਡ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ‘ਆਪ’ ਆਗੂ ਡਾ. ਕੇਐਨਐਸ ਕੰਗ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।