- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ਵਿਖੇ ਗੁਰੂ ਦਾ ਮਹੱਤਵ’ ਵਿਸ਼ੇ ’ਤੇ ਅਧਿਆਤਮਿਕ ਸਤਿਸੰਗ

ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਜਗਰਾਓਂ ਦੇ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਸਥਾਨਕ ਕਿਰਪਾਲ ਆਸ਼ਰਮ ਵੱਲੋਂ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੰਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ‘ਰਾਜਨ ਕੌਣ ਤੁਮਾਰੈ ਆਵੈ’ ਦੇ ਆਧਾਰ ’ਤੇ ‘ਮਨੁੱਖਾ ਜਨਮ ਨੂੰ ਸੁਖਮਈ ਬਣਾਉਣ ਲਈ ਸਾਡੇ ਜੀਵਨ ਵਿੱਚ ਗੁਰੂ ਦਾ ਮਹੱਤਵ’ ਵਿਸ਼ੇ ’ਤੇ ਅਧਿਆਤਮਿਕ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਸਤਿਸੰਗ ਪ੍ਰਚਾਰਕ ਸ੍ਰੀ ਨਰਿੰਦਰ ਸ਼ਰਮਾ ਨੇ ਮਨੁੱਖਾ ਜੀਵਨ ਵਿੱਚ ਗੁਰੂ ਦੇ ਮਹੱਤਵ ਵਿਸ਼ੇ ’ਤੇ ਵਿਸਥਾਰ ਨਾਲ ਦੱਸਿਆ ਗਿਆ ਕਿ ਜਦੋਂ ਅਸੀਂ ਇਸ ਸੰਸਾਰ ਵਿੱਚ ਜਨਮ ਲੈਂਦੇ ਹਾਂ ਤਾਂ ਸਾਡੇ ਮਾਤਾ-ਪਿਤਾ ਸਾਡੀ ਦੇਖਭਾਲ ਕਰਦੇ ਹਨ। ਅਸੀਂ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਹਾਂ। ਜਦੋਂ ਅਸੀਂ ਥੋੜ੍ਹੇ ਵੱਡੇ ਹੁੰਦੇ ਹਾਂ, ਤਾਂ ਸਾਨੂੰ ਸਕੂਲ ਭੇਜਿਆ ਜਾਂਦਾ ਹੈ, ਜਿੱਥੇ ਅਸੀਂ ਆਪਣੇ ਗੁਰੂ ਕਹੇ ਜਾਣ ਵਾਲੇ ਅਧਿਆਪਕਾਂ ਤੋਂ ਇਸ ਸੰਸਾਰ ਦੇ ਗਿਆਨ ਬਾਰੇ ਸਿੱਖਦੇ ਹਾਂ। ਪਰ ਜੇ ਧਿਆਨ ਨਾਲ ਦੇਖੀਏ ਤਾਂ ਸੱਚਾ ਗੁਰੂ ਕੌਣ ਹੈ? ਗੁਰੂ ਸ਼ਬਦ ਦੋ ਅੱਖਰਾਂ ‘ਗੁ’ ਅਤੇ ‘ਰੁ’ ਤੋਂ ਬਣਿਆ ਹੈ। ਜਿਸ ਦਾ ਅਰਥ ਹੈ, ਉਹ ਜੋ ਸਾਨੂੰ ਹਨੇਰੇ ਤੋਂ ਚਾਨਣ ਵੱਲ ਲੈ ਜਾਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ? ਜਦੋਂ ਤੋਂ ਸਾਡੀ ਆਤਮਾ ਪਰਮਾਤਮਾ ਤੋਂ ਵਿੱਛੜੀ ਹੈ, ਉਹ 84 ਲੱਖ ਜੂਨਾਂ ਵਿੱਚ ਭਟਕ ਰਹੀ ਹੈ। ਇਹ ਮਨੁੱਖਾ ਦੇਹ ਦਾ ਮਿਲਣਾ ਬੜੇ ਭਾਗਾਂ ਦੀ ਗੱਲ ਹੈ। ਗੁਰਬਾਣੀ ਵਿੱਚ ਕਿਹਾ ਗਿਆ ਹੈ, ‘ਦੁਰਲਭ ਦੇਹ ਪਾਈ ਵਡਭਾਗੀ।।’ ‘ਨਾਮੁ ਨ ਜਪਹਿ ਤੇ ਆਤਮ ਘਾਤੀ।।’ਇਸੇ ਮਨੁੱਖਾ ਜਨਮ ਵਿੱਚ ਅਸੀਂ ਆਪਣੀ ਆਤਮਾ ਨੂੰ ਪਰਮ-ਪਿਤਾ ਪਰਮਾਤਮਾ ਨਾਲ ਮਿਲਾ ਸਕਦੇ ਹਾਂ, ਪਰ ਜੇ ਧਿਆਨ ਨਾਲ ਦੇਖੀਏ ਤਾਂ ਅਸੀਂ ਸਵੇਰ ਤੋਂ ਸ਼ਾਮ ਤੱਕ ਦੁਨਿਆਵੀ ਕੰਮਾਂ ਵਿੱਚ ਲੱਗੇ ਰਹਿੰਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਪਰਮ-ਪਿਤਾ ਪਰਮਾਤਮਾ ਵੱਲੋਂ ਸਾਨੂੰ ਸੀਮਿਤ ਸਾਹ ਦਿੱਤੇ ਗਏ ਹਨ ਅਤੇ ਇਹ ਸਮਾਂ ਦਿਨ-ਪ੍ਰਤੀਦਿਨ ਘੱਟਦਾ ਜਾ ਰਿਹਾ ਹੈ। ਸਾਨੂੰ ਇਸ ਮਾਇਆ ਦੇ ਸੰਸਾਰ ਵਿੱਚੋਂ ਨਿਕਲਣ ਦੀ ਜਾਣਕਾਰੀ ਸਿਰਫ਼ ਗੁਰੂ ਰਾਹੀਂ ਹੀ ਮਿਲਦੀ ਹੈ। ਸਤਿਸੰਗ ਵਿੱਚ ਸਮਝਾਇਆ ਗਿਆ ਕਿ ਸਾਨੂੰ ਕਿਹੋ ਜਿਹਾ ਗੁਰੂ ਲੱਭਣਾ ਚਾਹੀਦਾ ਹੈ? ਜੋ ਕਰਮ ਦੇ ਬੰਧਨ ਤੋਂ ਮੁਕਤ ਹੈ ਅਤੇ ਸਾਨੂੰ ਵੀ ਮੁਕਤ ਕਰ ਸਕਦਾ ਹੈ। ਜੇ ਕੋਈ ਆਪ ਹੀ ਕਰਮ ਬੰਧਨ ਵਿੱਚ ਜਕੜਿਆ ਹੋਇਆ ਹੈ, ਤਾਂ ਉਹ ਸਾਨੂੰ ਕਿਵੇਂ ਮੁਕਤ ਕਰੇਗਾ। ਗੁਰੂ ਇਸ ਸੰਸਾਰ ਵਿੱਚ ਸਾਡੀ ਦੇਖਭਾਲ ਕਰਦਾ ਹੈ ਅਤੇ ਸਾਡੀ ਆਤਮਾ ਨੂੰ ਪਰਮ-ਪਿਤਾ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਇਸ ਮੌਕੇ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਜ਼ੋਨ ਇੰਚਾਰਜ ਭੁਪਿੰਦਰ ਸਿੰਘ, ਰਾਜਨ ਸਿੰਗਲਾ ਅਤੇ ਪ੍ਰਧਾਨ ਚਰਨਜੀਤ ਸਿੰਘ ਗਊਸ਼ਾਲਾ ਦੇ ਪ੍ਰਧਾਨ ਬੌਬੀ ਭੰਡਾਰੀ, ਨਵੀਨ ਗੋਇਲ ਆਦਿ ਹਾਜ਼ਰ ਸਨ।