ਐੱਚਐੱਮਟੈਕਸ-2026 ਸਮਾਪਤ, ਆਖਰੀ ਦਿਨ ਰਿਕਾਰਡ ਗਿਣਤੀ ’ਚ ਪੁੱਜੇ ਦਰਸ਼ਕ 4 ਨੰਬਰ ਦੀ ਬੌਟਮ-ਐਚਐਮਟੈਕਸ 2026 ਦਾ ਸ਼ਾਨਦਾਰ ਸਮਾਪਨ, ਆਖਰੀ ਦਿਨ ਰਿਕਾਰਡ ਗਿਣਤੀ ’ਚ ਪੁੱਜੇ ਦਰਸ਼ਕ
Publish Date: Mon, 14 Sep 2026 07:34 PM (IST)
Updated Date: Tue, 15 Sep 2026 04:08 AM (IST)
-15 ਪ੍ਰਦਰਸ਼ਕਾਂ ਨੂੰ ਵਿਸ਼ੇਸ਼ ਐਵਾਰਡ, ‘ਕਨੈਕਸ਼ਨਜ਼ ਮੀਟ’ ’ਚ ਬਿਜ਼ਨਸ ਦੇ ਸਾਂਝੇ ਮੌਕਿਆਂ ’ਤੇ ਚਰਚਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਹੋਟਲ, ਮੈਰਿਜ ਪੈਲੇਸ, ਟੈਂਟ ਤੇ ਡੈਕੋਰ ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ, ਪ੍ਰਦਰਸ਼ਕਾਂ ਅਤੇ ਪ੍ਰੋਫੈਸ਼ਨਲਜ਼ ਨੂੰ ਇੱਕ ਮੰਚ ’ਤੇ ਲਿਆਉਣ ਵਾਲੇ ਤਿੰਨ ਰੋਜ਼ਾ ਐਚਐਮਟੈਕਸ 2026 ਪ੍ਰਦਰਸ਼ਣੀ ਦਾ ਸੋਮਵਾਰ ਨੂੰ ਸ਼ਾਨਦਾਰ ਸਮਾਪਨ ਹੋ ਗਿਆ। ਪ੍ਰਦਰਸ਼ਨੀ ਦੇ ਆਖਰੀ ਦਿਨ ਦਰਸ਼ਕਾਂ ਦੀ ਰਿਕਾਰਡ ਗਿਣਤੀ ਦੇਖਣ ਨੂੰ ਮਿਲੀ ਅਤੇ ਪੂਰਾ ਦਿਨ ਪ੍ਰਦਰਸ਼ਨੀ ਸਥਾਨ ’ਤੇ ਕਾਰੋਬਾਰੀ ਸਰਗਰਮੀਆਂ ਜ਼ੋਰਾਂ ’ਤੇ ਰਹੀਆਂ। ਪ੍ਰਬੰਧਕਾਂ ਮੁਤਾਬਕ ਆਖਰੀ ਦਿਨ ਪਿਛਲੇ ਦੋ ਦਿਨਾਂ ਵਿੱਚ ਆਏ ਕੁੱਲ ਦਰਸ਼ਕਾਂ ਦੇ ਮੁਕਾਬਲੇ ਲਗਭਗ ਦੁੱਗਣੀ ਗਿਣਤੀ ਵਿੱਚ ਲੋਕ ਐਕਸਪੋ ਦੇਖਣ ਪੁੱਜੇ। ਸ਼ਾਮ 6 ਵਜੇ ਪ੍ਰਦਰਸ਼ਨੀ ਬੰਦ ਕਰਨ ਤੱਕ ਵੀ ਲਗਭਗ ਸਾਰੇ ਸਟਾਲਾਂ ’ਤੇ ਦਰਸ਼ਕਾਂ ਦੀ ਚੰਗੀ ਭੀੜ ਮੌਜੂਦ ਰਹੀ। ਪ੍ਰਦਰਸ਼ਕਾਂ ਲਈ ਆਖਰੀ ਦਿਨ ਵੀ ਬਿਜ਼ਨਸ ਮੀਟਿੰਗਾਂ, ਨਵੇਂ ਸੰਪਰਕ ਬਣਾਉਣ ਅਤੇ ਸੰਭਾਵਿਤ ਆਰਡਰਾਂ ਦੇ ਪੱਖੋਂ ਅਹਿਮ ਰਿਹਾ। ਪ੍ਰਦਰਸ਼ਨੀ ਦੇ ਆਖਰੀ ਦਿਨ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਵੀ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵੱਖ-ਵੱਖ ਪ੍ਰਦਰਸ਼ਕਾਂ ਨਾਲ ਮੁਲਾਕਾਤ ਕਰਕੇ ਐਕਸਪੋ ਵਿੱਚ ਪ੍ਰਦਰਸ਼ਿਤ ਉਤਪਾਦਾਂ ਤੇ ਨਵੀਆਂ ਤਕਨੀਕਾਂ ਤੇ ਇਨੋਵੇਸ਼ਨ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਦਰਸ਼ਨੀ ਦੌਰਾਨ ਜੇਸੀਆਈ-ਜੇਕਾਮ ਵੱਲੋਂ ‘ਕਨੈਕਸ਼ਨਜ਼ ਮੀਟ-100 ਫ਼ੀਸਦੀ ਕਾਰੋਬਾਰੀ ਸਿੱਖਿਆਵਾਂ ਦੇ 100 ਮਿੰਟ’ ਨਾਮ ਹੇਠ ਵਿਸ਼ੇਸ਼ ਪੈਨਲ ਡਿਸਕਸ਼ਨ ਕਰਵਾਇਆ ਗਿਆ। ਇਸ ਦਾ ਉਦੇਸ਼ ਵੱਖ-ਵੱਖ ਖੇਤਰਾਂ ਦੇ ਬਿਜ਼ਨਸ ਪ੍ਰੋਫੈਸ਼ਨਲਜ਼ ਨੂੰ ਇੱਕ-ਦੂਜੇ ਦੇ ਤਜਰਬਿਆਂ, ਸਮਰੱਥਾਵਾਂ ਅਤੇ ਕਾਰੋਬਾਰੀ ਮੌਕਿਆਂ ਨਾਲ ਜੋੜਨਾ ਸੀ। ਪੈਨਲ ਡਿਸਕਸ਼ਨ ਦਾ ਸੰਚਾਲਨ ਜੇਸੀ ਹਰਪ੍ਰੀਤ ਸਿੰਘ ਓਬਰਾਏ ਨੇ ਕੀਤਾ। ਪੈਨਲ ਵਿੱਚ ਜੇਸੀ ਰਮਨ ਨਈਅਰ, ਜੇਸੀ ਅਰਾਧਨਾ ਗੁਪਤਾ, ਜੇਸੀ ਸੁਖਜਿੰਦਰ ਸਿੰਘ ਕਲਸੀ, ਮੁਨੀਸ਼ ਰਾਏ ਅਤੇ ਵਿੱਕੀ ਜੀ (ਜੀਕੇ ਟੈਂਟ) ਨੇ ਹਿੱਸਾ ਲਿਆ। ਇਸ ਦੌਰਾਨ ਬਿਜ਼ਨਸ ਨੈੱਟਵਰਕਿੰਗ, ਸਹਿਯੋਗ, ਰੈਫਰਲ, ਤਜਰਬੇ ਸਾਂਝੇ ਕਰਨ ਅਤੇ ਆਪਸੀ ਕਾਰੋਬਾਰੀ ਮੌਕਿਆਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। -ਬਾਕਸ- -15 ਪ੍ਰਦਰਸ਼ਕਾਂ ਨੂੰ ਦਿੱਤਾ ਵਿਸ਼ੇਸ਼ ਐਵਾਰਡ ਸਮਾਪਤੀ ਤੋਂ ਪਹਿਲਾਂ ਐਚਐਮਟੈਕਸ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਕਾਂ ਨੂੰ ਸਨਮਾਨਿਤ ਕੀਤਾ ਗਿਆ। ਕੁੱਲ 15 ਕੰਪਨੀਆਂ ਨੂੰ ਵੱਖ-ਵੱਖ ਸ੍ਰੇਣੀਆਂ ਵਿੱਚ ਟਰਾਫੀਆਂ ਅਤੇ ਐਵਾਰਡ ਦਿੱਤੇ ਗਏ। ਐਵਾਰਡਾਂ ਦੀ ਚੋਣ ਜਿਊਰੀ ਵੱਲੋਂ ਸਟਾਲ ਡਿਜ਼ਾਈਨ, ਪ੍ਰਜ਼ੈਂਟੇਸ਼ਨ, ਨਵੇਂ ਇਨੋਵੇਸ਼ਨ, ਨਵੇਂ ਉਤਪਾਦਾਂ ਦੀ ਲਾਂਚਿੰਗ, ਕ੍ਰਿਏਟਿਵਿਟੀ ਅਤੇ ਸਮੁੱਚੇ ਤਜਰਬੇ ਸਮੇਤ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਕੀਤੀ ਗਈ। ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਪਦਮਾਵਤੀ ਗਰੁੱਪ, ਸਵਿਫਟ ਇੰਟਰਨੈਸ਼ਨਲ, ਕੋਜ਼ੀ ਫਰਨੀਚਰ, ਕੈਪੀਟਲ ਟੈਂਟ ਸਮੇਤ ਡੈਕੋਰੇਟਰ ਅਤੇ ਇੰਡਸਟਰੀ ਨਾਲ ਜੁੜੀਆਂ ਹੋਰ ਕੰਪਨੀਆਂ ਸ਼ਾਮਲ ਰਹੀਆਂ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ‘ਸਾਲ ਦਾ ਸਿਤਾਰਾ ਐਵਾਰਡ ਵੀ ਦਿੱਤਾ ਗਿਆ। ਸਮਾਪਤੀ ਮੌਕੇ ਮਾਈਂਡਸ ਮੀਡੀਆ ਟੀਮ ਅਤੇ ਸਹਿਯੋਗੀ ਐਸੋਸੀਏਸ਼ਨਾਂ ਵੱਲੋਂ ਸਾਰੇ ਪ੍ਰਦਰਸ਼ਕਾਂ, ਦਰਸ਼ਕਾਂ, ਪਾਰਟਨਰਾਂ, ਐਸੋਸੀਏਸ਼ਨ ਮੈਂਬਰਾਂ, ਮਹਿਮਾਨਾਂ ਅਤੇ ਪੂਰੀ ਇੰਡਸਟਰੀ ਦਾ ਧੰਨਵਾਦ ਕੀਤਾ ਗਿਆ। ਆਯੋਜਕਾਂ ਨੇ ਕਿਹਾ ਕਿ ਐਚਐਮਟੈਕਸ 2026 ਨੂੰ ਮਿਲੀ ਭਰਵੀਂ ਪ੍ਰਤੀਕਿਰਿਆ ਨੇ ਸਾਬਤ ਕੀਤਾ ਹੈ ਕਿ ਹੋਟਲ, ਮੈਰਿਜ ਪੈਲੇਸ, ਟੈਂਟ, ਡੈਕੋਰ ਅਤੇ ਹਾਸਪਿਟੈਲਿਟੀ ਇੰਡਸਟਰੀ ਲਈ ਨਵੇਂ ਕਾਰੋਬਾਰੀ ਸੰਪਰਕਾਂ ਅਤੇ ਆਧੁਨਿਕ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਮੰਚ ਦੀ ਲੋੜ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਐਚਐਮਟੈਕਸ ਦੇ ਅਗਲੇ ਐਡੀਸ਼ਨ ਦੀਆਂ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਅਗਲੇ ਸੰਸਕਰਣ ਨੂੰ ਹੋਰ ਵਿਆਪਕ ਅਤੇ ਬਿਹਤਰ ਬਣਾਉਣ ਲਈ ਤਿਆਰੀਆਂ ਵੀ ਜਲਦ ਸ਼ੁਰੂ ਕੀਤੀਆਂ ਜਾਣਗੀਆਂ। ਐਕਸਪੋ ਦਾ ਸਮਾਪਨ ‘ਜੁੜੋ, ਸਿੱਖੋ, ਇਕੱਠੇ ਵਧੋ’ ਦੇ ਸੰਦੇਸ਼ ਨਾਲ ਹੋਇਆ।