ਸਮਾਰਟ ਸਿਟੀ ਦਾ ਦਾਅਵਾ, ਜੱਸੀਆਂ ਰੋਡ 'ਤੇ ਲੱਗੇ ਕੂੜੇ ਦੇ ਢੇਰ ਸਮਾਰਟ ਸਿਟੀ ਦਾ ਦਾਅਵਾ, ਜੱਸੀਆਂ ਰੋਡ 'ਤੇ ਕੂੜੇ ਦੇ ਢੇਰ ਬਣੇ
Publish Date: Mon, 17 Aug 2026 08:45 PM (IST)
Updated Date: Tue, 18 Aug 2026 04:04 AM (IST)
-ਬਦਬੂ, ਬਿਮਾਰੀ ਤੇ ਨਰਕ ਵਰਗੀ ਜ਼ਿੰਦਗੀ ਜਿਊਣ ਨੂੰ ਲੋਕ ਮਜਬੂਰ, ਨਗਰ ਨਿਗਮ ਖਾਮੋਸ਼ ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ ‘ਸਮਾਰਟ ਸਿਟੀ’ ਦਾ ਦਰਜਾ ਮਿਲਣ ਦੇ ਬਾਵਜੂਦ ਲੁਧਿਆਣਾ ਦੇ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਹਲਕਾ ਉੱਤਰੀ ਅਧੀਨ ਪੈਂਦੇ ਜੱਸੀਆਂ ਮੇਨ ਰੋਡ ਤੇ ਬਣੇ ਕੂੜੇ ਦੇ ਪਹਾੜ ਹਨ। ਜੱਸੀਆਂ ਰੋਡ ਤੇ ਰੋਜ਼ਾਨਾ ਸਬਜ਼ੀ ਮੰਡੀ ਲੱਗਦੀ ਹੈ ਤੇ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਪਰ ਇੱਥੇ ਨਗਰ ਨਿਗਮ ਵੱਲੋਂ ਇਕੱਠਾ ਕੀਤਾ ਗਿਆ ਕੂੜਾ ਪਹਾੜਾਂ ਦਾ ਰੂਪ ਧਾਰਨ ਕਰ ਚੁੱਕਾ ਹੈ। ਕੂੜੇ ਦੇ ਇਹਨਾਂ ਪਹਾੜਾਂ ਕਾਰਨ ਲੋਕਾਂ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਹੋ ਗਈ ਹੈ। ਸਵਾਲ ਇਹ ਉੱਠਦਾ ਹੈ ਕਿ ਨਗਰ ਨਿਗਮ ਵੱਲੋਂ ਇਹ ਕੂੜੇ ਦੇ ਪਹਾੜ ਆਖਰ ਕਿਸ ਦੇ ਇਸ਼ਾਰੇ ਤੇ ਖੜ੍ਹੇ ਕੀਤੇ ਗਏ ਹਨ ਅਤੇ ਇਹ ਕੂੜਾ ਕਿਉਂ ਨਹੀਂ ਚੁੱਕਿਆ ਜਾ ਰਿਹਾ। ਇਹ ਮੁੱਦਾ ਹੁਣ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਕੂੜੇ ਦੇ ਪਹਾੜ ਨੂੰ ਹਟਾਉਣ ਲਈ ਕਿਸੇ ਰਾਜਨੀਤਕ ਪੱਖ ਵੱਲੋਂ ਮੰਗ ਵੀ ਰੱਖੀ ਹੋਣ ਦੀ ਚਰਚਾ ਲੁਧਿਆਣਾ ਦੇ ਹਰ ਬੰਦੇ ਦੀ ਜੁਬਾਨ ਤੇ ਦੱਸੀ ਜਾ ਰਹੀ ਹੈ ਅਤੇ ਉਹ ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਹੀ ਇਹ ਕੂੜਾ ਜਾਣ-ਬੁੱਝ ਕੇ ਇੱਥੇ ਛੱਡਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਕੁੱਝ ਦਿਨ ਪਹਿਲਾਂ ਸਾਬਕਾ ਡਿਪਟੀ ਮੇਅਰ ਵੱਲੋਂ ਲਾਈਵ ਹੋ ਕੇ ਵੀ ਆਵਾਜ਼ ਚੁੱਕੀ ਸੀ। ਉਨ੍ਹਾਂ ਵੱਲੋਂ ਕੂੜਾ ਚੁੱਕਣ ਸਬੰਧੀ ਮੰਗ ਪੱਤਰ ਦੇਣ ਦੀ ਗੱਲ ਵੀ ਕਹੀ ਗਈ ਸੀ। ਇਸ ਦੇ ਨਾਲ ਹੀ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਨੂੰ ਜਗਾਉਣ ਲਈ ਫਲੈਕਸ ਵੀ ਲਗਾਏ ਗਏ ਤੇ ਸ਼ਿਕਾਇਤਾਂ ਵੀ ਦਿੱਤੀਆਂ ਜਾ ਚੁੱਕਿਆਂ ਹਨ। ਪਰੰਤੂ ਇੰਨਾ ਕੁੱਝ ਹੋਣ ਦੇ ਬਾਵਜੂਦ ਕੂੜਾ ਘੱਟ ਹੋਣ ਦੀ ਥਾਂ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਰਸਤੇ ਵਿੱਚ ਫੈਲੀ ਗੰਦਗੀ ਤੇ ਬਦਬੂ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਜਦੋਂ ਲੁਧਿਆਣਾ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ, ਤਾਂ ਫਿਰ ਸ਼ਹਿਰ ਦੇ ਵਿਚਕਾਰ ਕੂੜੇ ਦੇ ਪਹਾੜ ਕਿਉਂ। ਕੀ ਨਗਰ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਇਹ ਸਭ ਹੋ ਰਿਹਾ ਹੈ। -ਲੋਕਾਂ ਵੱਲੋਂ ਜਲਦ ਤੋਂ ਜਲਦ ਕੂੜੇ ਨੂੰ ਚੁੱਕ ਕੇ ਰਾਹਤ ਦੇਣ ਦੀ ਮੰਗ ਇਸ ਸਬੰਧੀ ਸਮਾਜ ਸੇਵੀ ਪੰਕਜ ਗੁਪਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਦੋ ਤੋਂ ਤਿੰਨ ਬਾਰ ਕਮਿਸ਼ਨਰ ਨੂੰ ਮਿਲੇ। ਜਿੱਥੇ ਜੋਨਲ ਕਮਿਸ਼ਨਰ ਨੂੰ ਸ਼ੋਕਾਜ ਨੋਟਿਸ ਵੀ ਜਾਰੀ ਹੋਇਆ।ਇਸ ਮਗਰੋਂ ਮੰਡੀ ਪਾਸੋਂ ਥੋੜਾ ਕੂੜਾ ਚੁੱਕਿਆ ਗਿਆ। ਬਾਕੀ ਕੁੜੇ ਦੇ ਢੇਰ ਖਤਮ ਹੋਣ ਦਾ ਨਹੀਂ ਲੈ ਰਹੇ ਨਾਮ। ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਕੁੜੇ ਦੇ ਪਹਾੜ ਤੋਂ ਛੇਤੀ ਛੁਟਕਾਰਾ ਦਿਲਾਇਆ ਜਾਏ। ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕੁੜੇ ਦੇ ਬਣੇ ਪਹਾੜ ਤੋਂ ਲੋਕਾਂ ਨੂੰ ਕਦੋਂ ਛੁਟਕਾਰਾ ਦਿਲਾਏਗਾ। ਉਨ੍ਹਾਂ ਨੇ ਇਸ ਸਬੰਧੀ ਬੈਨਰ ਲਗਾ ਕੇ ਸਰਕਾਰ, ਪ੍ਰਸ਼ਾਸ਼ਨ, ਨਗਰ ਨਿਗਮ ਨੂੰ ਜਗਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।