- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦਾ ਬੌਟਮ:ਗੈਰ-ਸੰਵਿਧਾਨਿਕ ਢੰਗ ਨਾਲ ਕਰਵਾਈ ਜਾ ਰਹੀ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੀ ਚੋਣ ਦੌਰਾਨ ਹੋਈ ਨਾਅਰੇਬਾਜੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ
ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਲੁਧਿਆਣਾ ਦੀ ਜਨਰਲ ਬਾਡੀ ਦੀ ਸਲਾਨਾ ਚੋਣ ਕਰਵਾਉਣ ਲਈ ਅੱਜ ਸਿਵਲ ਲਾਈਨ ਲੁਧਿਆਣਾ ਵਿੱਚ ਇਕੱਤਰਤਾ ਹੋਈ। ਇਸ ਇਕੱਤਰਤਾ ਦੀ ਭਿਣਕ ਜਿਉਂ ਹੀ ਲੁਧਿਆਣਾ ਸਿਟੀ ਫੁੱਟਬਾਲ ਕਲੱਬ ਅਤੇ ਨਾਮਧਾਰੀ ਫੁੱਟਬਾਲ ਕਲੱਬ ਲੁਧਿਆਣਾ ਦੇ ਅਹੁਦੇਦਾਰਾਂ ਤੱਕ ਪਹੁੰਚੀ, ਤਾਂ ਦੋਵਾਂ ਕਲੱਬਾਂ ਦੇ ਅਹੁਦੇਦਾਰ ਅਤੇ ਮੈਂਬਰ ਚੋਣ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਐਸੋਸੀਏਸ਼ਨ ਦੀ ਗੈਰ-ਸੰਵਿਧਾਨਿਕ ਹੋ ਰਹੀ ਚੋਣ ਰੋਕਣ ਲਈ ਵਿਰੋਧ ਭਰੀ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਚੋਣ ਪ੍ਰਕਿਰਿਆ ਦੇ ਹਾਲਾਤ ਖਰਾਬ ਹੁੰਦੇ ਵੇਖਦਿਆਂ ਸੂਝ ਬੂਝ ਰੱਖਣ ਵਾਲੇ ਮੈਂਬਰਾਂ ਨੇ ਝੱਟ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਪਿੱਛੋਂ ਐਨ ਮੌਕੇ ‘ਤੇ ਇਲਾਕਾ ਏਸੀਪੀ ਅਤੇ ਐੱਸਐਚਓ ਭਾਰੀ ਪੁਲਿਸ ਬਲ ਨਾਲ ਲੈ ਕੇ ਪਹੁੰਚ ਗਏ।
ਪੁਲਿਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸਮਝਾਉਂਦਿਆਂ ਸ਼ਾਂਤ ਕੀਤਾ ਅਤੇ ਦੋਵੇਂ ਧਿਰਾਂ ਵਿਚਾਲੇ ਸਹਿਮਤੀ ਕਰਵਾ ਦਿੱਤੀ। ਇਸ ਮੌਕੇ ਦੋਵੇਂ ਧਿਰਾਂ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਵਾਉਣ ਲਈ ਇੱਕ ਦੂਜੇ ਨੂੰ ਸਹਿਯੋਗ ਦਿੱਤਾ। ਇਸ ਮੌਕੇ ਸਰਬ-ਸੰਮਤੀ ਨਾਲ ਵਰਿੰਦਰ ਸ਼ਰਮਾ ਨੂੰ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਸਮਸ਼ੇਰ ਸਿੰਘ ਨਾਮਧਾਰੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਹੀ ਨਰਿੰਦਰ ਸਿੰਘ ਮੱਲ੍ਹੀ, ਰਣਬੀਰ ਸਿੰਘ ਅਤੇ ਮਨਪ੍ਰੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ। ਇਸ ਮੌਕੇ ਨਾਮਧਾਰੀ ਦਰਬਾਰ ਦੇ ਪ੍ਰੈਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਨੇ ਦੱਸਿਆ ਕਿ ਸਤਿਗੁਰ ਉਦੇ ਸਿੰਘ ਦੇ ਅਸ਼ੀਰਵਾਦ ਸਦਕਾ ਨਾਮਧਾਰੀ ਫੁੱਟਬਾਲ ਕਲੱਬ ਦੀ ਟੀਮ ਦੇਸ਼-ਵਿਦੇਸ਼ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਸ਼ਾਨਦਾਰ ਜਿੱਤਾਂ ਦਰਜ ਕਰਵਾਈਆਂ। ਇਸ ਮੌਕੇ ਰਾਜ ਸਿੰਘ ਅਤੇ ਓਂਕਾਰ ਸਿੰਘ ਵੀ ਮੌਜੂਦ ਸਨ।