- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਆਈਆਰ-2026 : ਲੁਧਿਆਣਾ ’ਚ 2.48 ਲੱਖ ਤੋਂ ਵੱਧ ਦਾਅਵੇ-ਇਤਰਾਜ਼ੀ ਫਾਰਮ ਪ੍ਰਾਪਤ ਹੋਏ

-ਚੋਣ ਕਮਿਸ਼ਨ ਵੱਲੋਂ ਮਿਲੇ ਫਾਰਮਾਂ ਦੇ ਨਿਤਾਰੇ ਲਈ ਹੈ 8 ਅਕਤੂਬਰ ਤੱਕ ਦਾ ਸਮਾਂ
32)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਨਾਲ ਸੋਧ ਗਹਿਰੀ ਵਿਸ਼ੇਸ਼ ਸ਼ੁਧਾਈ (ਐਸਆਈਆਰ-2026) ਦਾ ਕੰਮ ਜਾਰੀ ਹੈ। ਇਸ ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਵੋਟਰਾਂ ਵੱਲੋਂ ਦਾਅਵਿਆਂ ਤੇ ਇਤਰਾਜ਼ਾਂ ਸਬੰਧੀ ਕੁੱਲ 2,48,628 ਫਾਰਮ ਪ੍ਰਾਪਤ ਹੋਏ ਹਨ। ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਇਨ੍ਹਾਂ ਫਾਰਮਾਂ ਦਾ ਨਿਪਟਾਰਾ 8 ਅਕਤੂਬਰ 2026 ਤੱਕ ਕੀਤਾ ਜਾਣਾ ਹੈ।
ਜਾਣਕਾਰੀ ਅਨੁਸਾਰ 13 ਅਗਸਤ ਤੋਂ 12 ਸਤੰਬਰ 2026 ਤੱਕ ਵੋਟਰਾਂ ਨੂੰ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਮੌਕਾ ਦਿੱਤਾ ਗਿਆ ਸੀ। ਇਸ ਦੌਰਾਨ ਫਾਰਮ ਨੰਬਰ 6, 6-ਏ, 7 ਅਤੇ 8 ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਰਾਹੀਂ ਜਮ੍ਹਾਂ ਕਰਵਾਏ ਗਏ। ਜ਼ਿਲ੍ਹੇ ਵਿੱਚ ਪ੍ਰਾਪਤ ਹੋਏ ਕੁੱਲ 2,48,628 ਫਾਰਮਾਂ ਵਿੱਚੋਂ ਫਾਰਮ ਨੰਬਰ 6 ਦੇ 1,55,954, ਫਾਰਮ ਨੰਬਰ 6-ਏ ਦੇ 787, ਫਾਰਮ ਨੰਬਰ 7 ਦੇ 10,465 ਅਤੇ ਫਾਰਮ ਨੰਬਰ 8 ਦੇ 81,422 ਫਾਰਮ ਸ਼ਾਮਲ ਹਨ। ਫਾਰਮ ਨੰਬਰ 6 ਨਵੀਂ ਵੋਟਰ ਰਜਿਸਟ੍ਰੇਸ਼ਨ ਨਾਲ ਸਬੰਧਤ ਹੈ, ਜਦਕਿ ਫਾਰਮ ਨੰਬਰ 7 ਰਾਹੀਂ ਵੋਟਰ ਸੂਚੀ ਵਿੱਚ ਨਾਮ ਸਬੰਧੀ ਇਤਰਾਜ਼ ਜਾਂ ਨਾਮ ਹਟਾਉਣ ਦੀ ਪ੍ਰਕਿਰਿਆ ਨਾਲ ਸਬੰਧਤ ਕਾਰਵਾਈ ਕੀਤੀ ਜਾਂਦੀ ਹੈ। ਫਾਰਮ ਨੰਬਰ 8 ਰਾਹੀਂ ਵੋਟਰ ਸੂਚੀ ’ਚ ਲੁੜੀਂਦੀ ਸੋਧ ਆਦਿ ਲਈ ਅਰਜ਼ੀ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਵੋਟਰਾਂ ਵੱਲੋਂ ਜਮ੍ਹਾਂ ਕਰਵਾਏ ਗਏ ਸਾਰੇ ਆਫਲਾਈਨ ਫਾਰਮਾਂ ਨੂੰ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਈਸਾਈਨੈਟ ’ਤੇ 100 ਫੀਸਦੀ ਡਿਜੀਟਾਈਜ਼ ਕਰ ਦਿੱਤਾ ਗਿਆ ਹੈ। ਇਸ ਨਾਲ ਦਾਅਵਿਆਂ ਅਤੇ ਇਤਰਾਜ਼ਾਂ ਸਬੰਧੀ ਪ੍ਰਕਿਰਿਆ ਨੂੰ ਆਨਲਾਈਨ ਰਿਕਾਰਡ ਵਿੱਚ ਲਿਆਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਨ੍ਹਾਂ ਸੂਚੀਆਂ ਦੇ ਨਾਲ ਫਾਰਮ ਨੰਬਰ 9, 10 ਅਤੇ 11, 11-ਏ ਤੇ 11-ਬੀ ਵੀ ਸਬੰਧਤ ਰਾਜਨੀਤਿਕ ਪਾਰਟੀਆਂ ਨੂੰ ਸਪਲਾਈ ਕੀਤੇ ਗਏ ਹਨ, ਤਾਂ ਜੋ ਐਸਆੲਆਰ-2026 ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣਾਈ ਰੱਖੀ ਜਾ ਸਕੇ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਪ੍ਰਾਪਤ ਦਾਅਵਿਆਂ ਤੇ ਇਤਰਾਜ਼ਾਂ ਬਾਰੇ ਜਾਣਕਾਰੀ ਮਿਲਦੀ ਰਹੇ। ਹੁਣ ਅਗਲੇ ਪੜਾਅ ਵਿੱਚ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਪ੍ਰਾਪਤ ਫਾਰਮਾਂ ਦੀ ਜਾਂਚ ਅਤੇ ਨਿਯਮਾਂ ਅਨੁਸਾਰ ਨਿਪਟਾਰਾ ਕਰਨ ਦੀ ਕਾਰਵਾਈ ਕੀਤੀ ਜਾਣੀ ਹੈ।
-ਸਿਆਸੀ ਪਾਰਟੀਆਂ ਨੂੰ ਦਿੱਤੀਆਂ ਹਫ਼ਤਾਵਾਰੀ ਸੂਚੀਆਂ
ਐੱਸਆਈਆਰ-2026 ਦੀ ਪ੍ਰਕਿਰਿਆ ਤਹਿਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਆਪਣੇ ਪੱਧਰ ’ਤੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਦਾਅਵਿਆਂ ਅਤੇ ਇਤਰਾਜ਼ਾਂ ਸਬੰਧੀ ਹਫਤਾਵਾਰੀ ਇੰਕਰੀਮੈਂਟਲ ਲਿਸਟਾਂ ਰਾਜਨੀਤਿਕ ਪਾਰਟੀਆਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।