- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਵਾ ਚੌਥ ਮੌਕੇ ਕੀਤਾ ਗਿਆ ਪ੍ਰਭੂ ਦੀ ਮਹਿਮਾ ਦਾ ਗੁਣਗਾਨ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਸਮਰਾਲਾ ਚੌਕ ’ਚ ਕਰਵਾ ਚੌਥ ਦੇ ਤਿਉਹਾਰ ਮੌਕੇ ਕਰਵਾਏ ਭਜਨ ਕੀਰਤਨ ’ਚ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਾਧਵੀ ਮੀਨਾਕਸ਼ੀ ਭਾਰਤੀ ਨੇ ਕਿਹਾ ਕਿ ਜੇਕਰ ਤਿਉਹਾਰਾਂ ਦੇ ਸੰਦੇਸ਼ਾਂ ਨੂੰ ਨਾ ਸਮਝਿਆ ਜਾਵੇ ਤਾਂ ਤਿਉਹਾਰਾਂ ਦੀਆਂ ਪਰੰਪਰਾਵਾਂ ਮਹਿਜ਼ ਅੰਧਵਿਸ਼ਵਾਸੀ ਰੀਤਾਂ ਬਣ ਕੇ ਰਹਿ ਜਾਂਦੀਆਂ ਹਨ। ਸਾਧਵੀ ਨੇ ਕਿਹਾ ਕਿ ਇਸ ਦਿਨ ਹਰ ਸੁਹਾਗਣ ਰਾਣੀ ਵੀਰਾਂ ਦੀ ਕਹਾਣੀ ਸੁਣਦੀ ਹੈ ਜਿਸ ਵਿੱਚ ਵੀਰਾਂ ਆਪਣੇ ਸੱਤ ਭਰਾਵਾਂ ਦੀ ਇਕਲੌਤੀ ਭੈਣ ਹੈ। ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖਣ ਲਈ ਜਦੋਂ ਉਹ ਆਪਣੇ ਭਰਾਵਾਂ ਦੇ ਘਰ ਗਈ ਤਾਂ ਉਸ ਸਮੇਂ ਉਸ ਦੇ ਭਰਾ ਉਸ ਨੂੰ ਭੁੱਖ-ਪਿਆਸ ਨਾਲ ਬੇਚੈਨ ਨਹੀਂ ਦੇਖ ਸਕੇ। ਉਨ੍ਹਾਂ ਨੇ ਆਪਣੀ ਭੈਣ ਲਈ ਇੱਕ ਯੋਜਨਾ ਬਣਾਈ ਅਤੇ ਚੰਦਰਮਾ ਦੇ ਚੜ੍ਹਨ ਦਾ ਭਰਮ ਪੈਦਾ ਕੀਤਾ। ਵੀਰਾਂ ਨੇ ਆਪਣੇ ਭਰਾਵਾਂ ਦੀ ਗੱਲ ਸੱਚ ਮੰਨ ਲਈ ਅਤੇ ਜਲ ਅਰਪਣ ਕਰਕੇ ਭੋਜਨ ਕਰ ਲਿਆ ਪਰ ਕੁੱਝ ਹੀ ਸਮੇਂ ਬਾਅਦ ਉਸ ਨੂੰ ਖ਼ਬਰ ਮਿਲੀ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਪਛਤਾਵੇ ਵਜੋਂ ਉਸ ਨੇ ਦੇਵ ਗਣਪਤੀ ਦੀ ਅਰਾਧਨਾ ਸ਼ੁਰੂ ਕੀਤੀ ਅਤੇ ਫਿਰ ਮੁੜ ਪਤੀ-ਪਤਨੀ ਦਾ ਮਿਲਾਪ ਹੋਇਆ। ਜਿਵੇਂ ਵੀਰਾਂ ਦੇ ਭਰਾਵਾਂ ਨੇ ਚੰਦਰਮਾ ਦੇ ਉਦੈ ਹੋਣ ਦਾ ਭਰਮ ਪੈਦਾ ਕੀਤਾ। ਨਤੀਜੇ ਵਜੋਂ ਵੀਰਾਂ ਦਾ ਵਰਤ ਪੂਰਾ ਨਹੀਂ ਹੋਇਆ। ਠੀਕ ਇਹੀ ਸਥਿਤੀ ਮਾਰਗ ਤੋਂ ਭਟਕੇ ਹੋਏ ਸਾਧਕ ਦੀ ਵੀ ਹੁੰਦੀ ਹੈ। ਉਹ ਵੀ ਪ੍ਰਭੂ ਮਿਲਾਪ ਦੀ ਰਾਹ 'ਤੇ ਨਿਕਲਦਾ ਤਾਂ ਹੈ ਪਰ ਸੰਸਾਰਿਕ ਛਲਾਵਿਆਂ ਦੇ ਪ੍ਰਭਾਵ ਹੇਠ ਆ ਕੇ ਭਟਕ ਜਾਂਦਾ ਹੈ। ਆਤਮਾ ਨੂੰ ਸਦਗੁਰੂ ਦੀ ਸੰਗਤ ਵਿੱਚ ਪਰਮਾਤਮਾ ਨਾਲ ਮਿਲਾਪ ਕਰਨ ਦਾ ਸੰਦੇਸ਼ ਦਿੰਦਾ ਹੈ ਕਰਵਾ ਚੌਥ ਦਾ ਤਿਉਹਾਰ।