ਸ਼ੋਅ ਰੂਮ ਦੀ ਕੰਧ ਨੂੰ ਸੰਨ੍ਹ ਲਾ ਕੇ ਲੱਖਾਂ ਦੀ ਚਾਂਦੀ ਉਡਾਈ
ਚਾਂਦੀ ਦੇ ਸ਼ੋਅ ਰੂਮ ਦੀ ਕੰਧ ਨੂੰ ਸੰਨ੍ਹ ਲਾ ਕੇ ਲੱਖਾਂ ਦੀ ਚਾਂਦੀ ਲੈ ਗਏ
Publish Date: Mon, 30 Mar 2026 06:28 PM (IST)
Updated Date: Tue, 31 Mar 2026 04:08 AM (IST)

-ਸ਼ੋਅ ਰੂਮ ਦੀ ਪਿਛਲੀ ਕੰਧ ਦੀ ਛੱਤ ਨੇੜੇ ਲਾਇਆ ਪਾੜ, ਪੁਲਿਸ ਚੋਰਾਂ ਦੇ ਨੇੜੇ ਪੁੱਜੀ : ਐੱਸਐੱਸਪੀ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਰੇਲਵੇ ਪੁਲ਼ ਨੇੜੇ ਸਥਿਤ ਚਾਂਦੀ ਦੇ ਹੋਲਸੇਲਰ ਪ੍ਰੇਮ ਜਿਊਲਰਜ਼ ਦੀ ਪਿਛਲੀ ਕੰਧ ਨੂੰ ਪਾੜ੍ਹ ਲਾ ਕੇ ਦਾਖ਼ਲ ਹੋਏ ਚੋਰਾਂ ਨੇ ਲੱਖਾਂ ਰੁਪਏ ਦੀ ਚਾਂਦੀ ਗਾਇਬ ਕਰ ਦਿੱਤੀ। ਦਿਨ ਚੜ੍ਹਦਿਆਂ ਹੀ ਖਾਲੀ ਪਏ ਸ਼ੋਅ ਰੂਮ ਨੂੰ ਦੇਖ ਮਾਲਕਾਂ ਵਿਚ ਭਾਜੜ ਪੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪ੍ਰੇਮ ਜਿਊਲਰਜ਼ ਦੇ ਰੋਜ ਵਾਂਗ ਮਾਲਕ ਬੌਬੀ ਭੰਡਾਰੀ ਅਤੇ ਉਨ੍ਹਾਂ ਦਾ ਪੁੱਤ ਅਭਿਸ਼ੇਕ ਜੈਨ ਨੇ ਸ਼ੋਅ ਰੂਮ ਖੋਲਿ੍ਹਆ ਤਾਂ ਸ਼ੋਅ ਰੂਮ ਦੇ ਅੰਦਰ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਚਾਂਦੀ ਦੇ ਤਮਾਮ ਗਹਿਣੇ ਅਤੇ ਬਣੀਆਂ ਵਸਤੂਆਂ ਗਾਇਬ ਸਨ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ’ਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਜਾਂਚ ਦੌਰਾਨ ਦੇਖਿਆ ਕਿ ਸ਼ੋਅ ਰੂਮ ਦੀ ਪਿਛਲੀ ਕੰਧ ਦੀ ਛੱਤ ਵਾਲੀ ਸਾਈਡ ਛੋਟਾ ਜਿਹਾ ਪਾੜ ਲੱਗਿਆ ਹੋਇਆ ਸੀ, ਜਿਸ ਰਾਹੀਂ ਚੋਰ ਅੰਦਰ ਦਾਖ਼ਲ ਹੋਏ। ਜਿਨ੍ਹਾਂ ਨੇ ਇਕਮਿਨਾਨ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਸ਼ੋਅ ਰੂਮ ਦੇ ਅੰਦਰ ਚਾਂਦੀ ਦੀ ਬਣੀਆਂ ਵਸਤੂਆਂ ਨੂੰ ਥੈਲੇ ਵਿਚ ਭਰਿਆ ਤੇ ਫਰਾਰ ਹੋ ਗਏ। ਇਸ ਦੌਰਾਨ ਪੁਲਿਸ ਵੱਲੋਂ ਫਰਾਂਸਸਿਕ ਟੀਮ ਵੀ ਬੁਲਾਈ ਗਈ, ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਇਸ ਘਟਨਾ ਵਿਚ ਕਿੰਨਾ ਨੁਕਸਾਨ ਹੋਇਆ, ਦਾ ਚਾਹੇ ਸਪੱਸ਼ਟ ਨਹੀਂ ਪਤਾ ਲੱਗਾ ਪਰ ਬਾਜ਼ਾਰ ਵਿਚ 50 ਲੱਖ ਤੋਂ ਉਪਰ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਇਹੀ ਨਹੀਂ ਇਨ੍ਹਾਂ ਚੋਰਾਂ ਵੱਲੋਂ ਗੱਲੇ ਵਿਚ ਪਈ ਕਰੀਬ 80 ਹਜਾਰ ਰੁਪਏ ਦੀ ਨਕਦੀ ਵੀ ਚੋਰੀ ਕੀਤੀ ਗਈ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚੋਰ ਸ਼ੋਅ ਰੂਮ ਵਿਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਪੁੱਟ ਕੇ ਲੈ ਗਏ। ਉਸ ਵਿਚੋਂ ਹਾਰਡ ਡਿਸਕ ਕੱਢ ਕੇ ਡੀਵੀਆਰ ਛੱਤ ’ਤੇ ਸੁੱਟ ਗਏ। ਚਾਂਦੀ ਦੇ ਸ਼ੋਅ ਰੂਮ ’ਤੇ ਚੋਰੀ ਮਾਮਲੇ ’ਚ ਮਿਲੇ ਅਹਿਮ ਸੁਰਾਗ ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਪ੍ਰੇਮ ਜਿਊਲਰਜ਼ ਚਾਂਦੀ ਦੇ ਸ਼ੋਅ ਰੂਮ ’ਤੇ ਹੋਈ ਚੋਰੀ ਮਾਮਲੇ ’ਚ ਪੁਲਿਸ ਵੱਲੋਂ ਤੁਰੰਤ ਕੀਤੀ ਗਈ ਕਾਰਵਾਈ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੂੰ ਅਹਿਮ ਸੁਰਾਗ ਹੱਥ ਲੱਗੇ ਹਨ, ਜਿਸ ਦੀ ਬਦੌਲਤ ਜਲਦੀ ਹੀ ਚਾਂਦੀ ਚੋਰ ਪੁਲਿਸ ਗ੍ਰਿਫਤ ’ਚ ਹੋਣਗੇ।