
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੁਧਿਆਣਾ-ਜਲੰਧਰ ਹਾਈਵੇ ’ਤੇ ਟਿੱਪਰ ਦੀ ਟੱਕਰ ਨਾਲ ਸਾਈਨ ਬੋਰਡ ਟੁੱਟ ਕੇ ਸੜਕ ’ਤੇ ਡਿੱਗਿਆ, ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

-ਹਾਦਸੇ ਮਗਰੋਂ ਦੋਵੇਂ ਪਾਸਿਆਂ ’ਤੇ 5 ਕਿਲੋਮੀਟਰ ਤੱਕ ਲੱਗੀਆਂ ਵਾਹਨਾਂ ਦੀਆਂ ਕਤਾਰਾਂ, ਲੋਕ ਜਾਮ ’ਚ ਰਹੇ ਪਰੇਸ਼ਾਨ
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ ’ਤੇ ਮੰਗਲਵਾਰ ਨੂੰ ਵਾਪਰੇ ਇੱਕ ਹਾਦਸੇ ਤੋਂ ਬਾਅਦ ਪੈਦਾ ਹੋਈ ਜਾਮ ਦੀ ਸਥਿਤੀ ਨੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਹਾਰਡੀਜ਼ ਵਰਲਡ ਨੇੜੇ ਇੱਕ ਟਿੱਪਰ ਦੇ ਪਿਛਲੇ ਹਿੱਸੇ ਦੀ ਸੜਕ ਕਿਨਾਰੇ ਲੱਗੇ ਵੱਡੇ ਸਾਈਨ ਬੋਰਡ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਕਾਰਨ ਸਾਈਨ ਬੋਰਡ ਦਾ ਢਾਂਚਾ ਟੁੱਟ ਕੇ ਸਿੱਧਾ ਹਾਈਵੇ ’ਤੇ ਆ ਡਿੱਗਿਆ। ਇਸੇ ਦੌਰਾਨ ਉਥੋਂ ਲੰਘ ਰਿਹਾ ਮੋਟਰਸਾਈਕਲ ਸਵਾਰ ਨੌਜਵਾਨ ਇਸ ਦੀ ਲਪੇਟ ’ਚ ਆ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਹਾਈਵੇ ’ਤੇ ਵਾਹਨਾਂ ਦੀ ਰਫ਼ਤਾਰ ਥਮ ਗਈ ਅਤੇ ਵੇਖਦੇ ਹੀ ਵੇਖਦੇ ਦੋਵੇਂ ਪਾਸਿਆਂ ਕਰੀਬ 5 ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਮਿਲੀ ਜਾਣਕਾਰੀ ਅਨੁਸਾਰ ਟਿੱਪਰ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਸੀ। ਦੱਸਿਆ ਗਿਆ ਹੈ ਕਿ ਟਿੱਪਰ ਦਾ ਪਿਛਲਾ ਹਿੱਸਾ ਖੁੱਲ੍ਹਾ ਹੋਇਆ ਸੀ। ਜਦੋਂ ਇਹ ਟਿੱਪਰ ਹਾਰਡੀਜ਼ ਵਰਲਡ ਨੇੜੇ ਨੈਸ਼ਨਲ ਹਾਈਵੇ ’ਤੇ ਪਹੁੰਚਿਆ ਤਾਂ ਅਚਾਨਕ ਇਸ ਦਾ ਪਿਛਲਾ ਹਿੱਸਾ ਸੜਕ ਕਿਨਾਰੇ ਲੱਗੇ ਸਾਈਨ ਬੋਰਡ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਾਈਨ ਬੋਰਡ ਦਾ ਢਾਂਚਾ ਟੁੱਟ ਗਿਆ ਅਤੇ ਭਾਰੀ ਹਿੱਸਾ ਹਾਈਵੇ ’ਤੇ ਜਾ ਡਿੱਗਿਆ।
-ਸਾਈਨ ਬੋਰਡ ਟੁੱਟ ਕੇ ਡਿੱਗਣ ’ਤੇ ਲਪੇਟ ’ਚ ਆਇਆ ਬਾਈਕ ਸਵਾਰ
ਹਾਦਸੇ ਦੇ ਸਮੇਂ ਹਾਈਵੇ ’ਤੇ ਹੋਰ ਵਾਹਨਾਂ ਦੀ ਆਵਾਜਾਈ ਵੀ ਜਾਰੀ ਸੀ। ਇਸੇ ਦੌਰਾਨ ਉਥੋਂ ਮੋਟਰਸਾਈਕਲ ’ਤੇ ਲੰਘ ਰਿਹਾ ਇੱਕ ਨੌਜਵਾਨ ਅਚਾਨਕ ਸੜਕ ’ਤੇ ਡਿੱਗੇ ਸਾਈਨ ਬੋਰਡ ਦੀ ਲਪੇਟ ’ਚ ਆ ਗਿਆ। ਹਾਦਸੇ ਕਾਰਨ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸਾ ਵਾਪਰਦਿਆਂ ਹੀ ਮੌਕੇ ’ਤੇ ਮੌਜੂਦ ਲੋਕ ਅਤੇ ਹੋਰ ਵਾਹਨ ਚਾਲਕ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਜ਼ਖ਼ਮੀ ਨੌਜਵਾਨ ਨੂੰ ਸੰਭਾਲਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ।
-ਹਾਈਵੇ ’ਤੇ ਮਚੀ ਹਫੜਾ-ਦਫੜੀ
ਇਕ ਪਾਸੇ ਹਾਦਸੇ ’ਚ ਨੌਜਵਾਨ ਦੇ ਜ਼ਖ਼ਮੀ ਹੋਣ ਨਾਲ ਮੌਕੇ ’ਤੇ ਹਫੜਾ-ਦਫੜੀ ਮਚ ਗਈ, ਉਥੇ ਹੀ ਦੂਜੇ ਪਾਸੇ ਹਾਈਵੇ ’ਤੇ ਡਿੱਗਿਆ ਸਾਈਨ ਬੋਰਡ ਆਵਾਜਾਈ ਲਈ ਵੱਡੀ ਰੁਕਾਵਟ ਬਣ ਗਿਆ। ਵਾਹਨ ਚਾਲਕਾਂ ਨੂੰ ਅੱਗੇ ਲੰਘਣ ਲਈ ਰਸਤਾ ਨਾ ਮਿਲਣ ਕਾਰਨ ਟ੍ਰੈਫਿਕ ਹੌਲੀ ਹੁੰਦਾ ਗਿਆ ਅਤੇ ਕੁਝ ਹੀ ਸਮੇਂ ’ਚ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜਾਮ ਦੀ ਲੰਬਾਈ ਕਰੀਬ 5 ਕਿਲੋਮੀਟਰ ਤੱਕ ਪਹੁੰਚ ਗਈ।
ਹਾਈਵੇ ’ਤੇ ਲੱਗੇ ਜਾਮ ਦਾ ਅਸਰ ਦੂਰ ਤੱਕ ਦਿਖਾਈ ਦਿੱਤਾ। ਕਾਰਾਂ, ਬੱਸਾਂ, ਟਰੱਕਾਂ, ਟਿੱਪਰਾਂ ਅਤੇ ਹੋਰ ਵਾਹਨਾਂ ਦੀਆਂ ਕਤਾਰਾਂ ਲੱਗਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਕਈ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਆਮ ਨਾਲੋਂ ਕਾਫ਼ੀ ਵੱਧ ਸਮਾਂ ਲੱਗਿਆ। ਹਾਈਵੇ ਤੋਂ ਲੰਘਣ ਵਾਲੇ ਵਾਹਨ ਚਾਲਕ ਜਾਮ ਕਾਰਨ ਆਪਣੀਆਂ ਗੱਡੀਆਂ ਵਿੱਚ ਫਸੇ ਰਹੇ।
ਪੁਲਿਸ ਤੇ ਸਬੰਧਤ ਵਿਭਾਗ ਨੇ ਸੰਭਾਲਿਆ ਮੋਰਚਾ
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਬੰਧਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਸਭ ਤੋਂ ਪਹਿਲਾਂ ਸੜਕ ’ਤੇ ਡਿੱਗੇ ਸਾਈਨ ਬੋਰਡ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਜੋ ਆਵਾਜਾਈ ਲਈ ਰਸਤਾ ਖੋਲ੍ਹਿਆ ਜਾ ਸਕੇ। ਇਸ ਤੋਂ ਬਾਅਦ ਹਾਈਵੇ ’ਤੇ ਫਸੇ ਵਾਹਨਾਂ ਨੂੰ ਹੌਲੀ-ਹੌਲੀ ਅੱਗੇ ਕੱਢਿਆ ਗਿਆ ਅਤੇ ਟ੍ਰੈਫਿਕ ਨੂੰ ਸੁਚਾਰੂ ਕਰਨ ਦੀ ਕੋਸ਼ਿਸ਼ ਕੀਤੀ ਗਈ।
ਅਧਿਕਾਰੀਆਂ ਦੀ ਕਾਰਵਾਈ ਤੋਂ ਬਾਅਦ ਹਾਲਾਤ ਹੌਲੀ-ਹੌਲੀ ਕਾਬੂ ’ਚ ਆਉਣ ਲੱਗੇ ਅਤੇ ਵਾਹਨਾਂ ਦੀ ਆਵਾਜਾਈ ਮੁੜ ਚਾਲੂ ਹੋਈ। ਹਾਲਾਂਕਿ ਜਾਮ ਕਾਰਨ ਕਾਫ਼ੀ ਸਮੇਂ ਤੱਕ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
-ਹਾਦਸੇ ਦੇ ਕਾਰਨਾਂ ਦੀ ਜਾਂਚ ’ਚ ਰੁੱਝੀ ਪੁਲਿਸ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਮੌਕੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਟਿੱਪਰ ਦਾ ਪਿਛਲਾ ਹਿੱਸਾ ਸਾਈਨ ਬੋਰਡ ਨਾਲ ਕਿਹੜੇ ਹਾਲਾਤਾਂ ’ਚ ਟਕਰਾਇਆ ਅਤੇ ਹਾਦਸੇ ਤੋਂ ਬਾਅਦ ਸੜਕ ’ਤੇ ਡਿੱਗੇ ਢਾਂਚੇ ਕਾਰਨ ਮੋਟਰਸਾਈਕਲ ਸਵਾਰ ਇਸ ਦੀ ਲਪੇਟ ’ਚ ਕਿਵੇਂ ਆਇਆ। ਇਸ ਹਾਦਸੇ ਨੇ ਇੱਕ ਵਾਰ ਫਿਰ ਨੈਸ਼ਨਲ ਹਾਈਵੇ ’ਤੇ ਵੱਡੇ ਵਾਹਨਾਂ ਦੀ ਆਵਾਜਾਈ ਦੌਰਾਨ ਸੁਰੱਖਿਆ ਪ੍ਰਬੰਧਾਂ ਅਤੇ ਸੜਕ ਕਿਨਾਰੇ ਲੱਗੇ ਢਾਂਚਿਆਂ ਦੀ ਸਥਿਤੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਪੁਲਿਸ ਵੱਲੋਂ ਹਾਦਸੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।