ਸਿੱਧੂਪੁਰ ਵੱਲੋਂ ਨੀਲੋਂ ਪੁਲ ਨੇੜੇ ਹਾਈਵੇ 'ਤੇ ਬੱਸਾਂ ਦਾ ਕੀਤਾ ਗਿਆ ਚੱਕਾ ਜਾਮ
ਸਿੱਧੂਪੁਰ ਵੱਲੋਂ ਨੀਲੋਂ ਪੁਲ ਨੇੜੇ ਹਾਈਵੇ ' ਤੇ ਬੱਸਾਂ ਦਾ ਚੱਕਾ ਕੀਤਾ ਗਿਆ ਜਾਮ
Publish Date: Thu, 28 May 2026 07:55 PM (IST)
Updated Date: Fri, 29 May 2026 04:14 AM (IST)

* ਕੰਡਕਟਰਾਂ ਵੱਲੋਂ ਮਹਿਲਾ ਸਵਾਰੀਆਂ ਨਾਲ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਤੇ ਸਟੈਂਡ ’ਤੇ ਬੱਸਾਂ ਨਾ ਰੋਕਣ ਵਜੋਂ ਪ੍ਰਗਟਾਇਆ ਰੋਸ ਪੀ 12 : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਅਤੇ ਸਮੁੱਚੇ ਵਰਕਰ ਤੇ ਅਹੁਦੇਦਾਰ ਹਾਈਵੇ ਤੇ ਜਾਮ ਲਗਾਉਂਦੇ ਹੋਏ। ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਨੀਲੋ ਪੁਲ਼ ਬੱਸ ਸਟੈਂਡ ’ਤੇ ਬੱਸਾਂ ਨਾ ਰੋਕਣ ਅਤੇ ਬੱਸ ਕੰਡਕਟਰਾਂ ਵੱਲੋਂ ਮਹਿਲਾ ਸਵਾਰੀਆਂ ਨਾਲ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਨੀਲੋ ਪੁਲ਼ ਵਿਖੇ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਲੁਧਿਆਣਾ ਤੋਂ ਚੰਡੀਗੜ੍ਹ ਮਾਰਗ ਉੱਪਰ ਸਥਿਤ ਨੀਲੋਂ ਨਹਿਰ ਪੁਲ਼ ਬੱਸ ਸਟੈਂਡ ਉੱਪਰ ਆਲੇ-ਦੁਆਲੇ ਦੇ ਕਰੀਬ 15 ਪਿੰਡਾਂ ਦੇ ਲੋਕਾਂ ਨੂੰ ਬੱਸ ਸਫ਼ਰ ਦੀ ਸਰਕਾਰੀ ਸਹੂਲਤ ਪੰਜਾਬ ਸਰਕਾਰ ਵੱਲੋਂ 1970 ਤੋਂ 1980 ਦੇ ਦਹਾਕੇ ’ਚ ਪੰਜਾਬ ਰੋਡਵੇਜ਼ ਤੋਂ ਸ਼ੁਰੂ ਕੀਤੀ ਗਈ ਸੀ। ਇਹ ਬੱਸ ਸਟੈਂਡ ਕਰੀਬ 50 ਸਾਲ ਪੁਰਾਣਾ ਹੈ ਪਰ ਹੁਣ ਸਰਕਾਰੀ ਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਕਰੀਬ 50 ਸਾਲ ਪੁਰਾਣੇ ਬੱਸ ਸਟੈਂਡ ਉੱਪਰ ਬੱਸਾਂ ਨੂੰ ਨਾ ਰੋਕ ਕੇ ਸਰਕਾਰ ਵੱਲੋਂ ਆਮ ਲੋਕਾਂ ਨੂੰ ਕਰੀਬ 50 ਸਾਲ ਪਹਿਲਾਂ ਦਿੱਤੀ ਗਈ ਬੱਸ ਸਫ਼ਰ ਦੀ ਸਹੂਲਤ ਦੇ ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਆਮ ਲੋਕਾਂ ਨਾਲ ਦੁਰਵਿਵਹਾਰ ਕਰਦੇ ਹੋਏ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਔਰਤਾਂ ਨਾਲ ਭੱਦੀ ਸ਼ਬਦਾਵਲੀ ਵੀ ਵਰਤੀ ਜਾਂਦੀ ਹੈ, ਜਿਸ ਦੇ ਰੋਸ ਵਜੋਂ ਹੀ ਅੱਜ ਬੱਸਾਂ ਵਾਲਿਆਂ ਵੱਲੋਂ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਖ਼ਿਲਾਫ਼ ਬੀਕੇਯੂ ਏਕਤਾ ਸਿੱਧੂਪੁਰ ਦੀ ਜ਼ਿਲ੍ਹਾ ਟੀਮ ਵੱਲੋਂ ਆਪਣੇ ਲੋਕਾਂ ਦੇ ਹੱਕ ’ਚ ਖੜ੍ਹਦੇ ਹੋਏ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਤੇ ਕੱਲ੍ਹ ਰਾਤ ਹੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀਡੀਓ ਬਿਆਨ ਜਾਰੀ ਕਰਦੇ ਹੋਏ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਸੂਬਾ ਕਮੇਟੀ ਜ਼ਿਲ੍ਹਾ ਟੀਮ ਵੱਲੋਂ ਉਲੀਕੇ ਗਏ ਹਰੇਕ ਪ੍ਰੋਗਰਾਮ ਦੀ ਹਮਾਇਤ ਕਰੇਗੀ। ਸੁਪਿੰਦਰ ਸਿੰਘ ਬੱਗਾ ਨੇ ਅੱਗੇ ਦੱਸਿਆ ਕਿ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਆਪਣੇ ਲੋਕਾਂ ਦੇ ਹੱਕ ’ਚ ਖੜ੍ਹਦੇ ਹੋਏ ਇਸ ਨੀਲੋਂ ਪੁਲ਼ ਬੱਸ ਸਟੈਂਡ ਉੱਪਰੋਂ ਲੋਕਾਂ ਦੇ ਬੱਸ ਸਫ਼ਰ ਦੀ ਲੜਾਈ ਜਥੇਬੰਦੀ ਵੱਲੋਂ ਪਿੱਛਲੇ ਲੰਬੇ ਸਮੇਂ ਤੋਂ ਲੜੀ ਜਾ ਰਹੀ ਹੈ, ਜਿਸ ਸਬੰਧੀ ਤਿੰਨ ਵਾਰੀ ਡੀਸੀ ਲੁਧਿਆਣਾ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਸੀ ਤੇ ਏਡੀਸੀ ਅਮਰਜੀਤ ਸਿੰਘ ਬੈਂਸ, ਐੱਸਡੀਐੱਮ ਸਮਰਾਲਾ, ਡੀਐੱਸਪੀ ਸਮਰਾਲਾ ਤੇ ਜੀਐੱਮ ਪੰਜਾਬ ਰੋਡਵੇਜ਼ ਨਾਲ ਵੀ ਵੱਖ-ਵੱਖ ਸਮੇਂ ਉੱਪਰ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਤੋਂ ਬਾਅਦ ਦੋ-ਚਾਰ ਦਿਨ ਲਈ ਤਾਂ ਬੱਸਾਂ ਨੀਲੋਂ ਬੱਸ ਸਟੈਂਡ ਉੱਪਰ ਰੁਕਦੀਆਂ ਰਹੀਆਂ ਪਰ ਉਸ ਤੋਂ ਬਾਅਦ ਹਰ ਵਾਰ ਪ੍ਰਸ਼ਾਸਨ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਵਰਤੀ ਜਾਂਦੀ ਢਿੱਲ ਕਾਰਨ ਸਰਕਾਰੀ ਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਨੀਲੋਂ ਪੁਲ ਉੱਪਰ ਉਤਰਨ ਵਾਲੀਆਂ ਸਵਾਰੀਆਂ ਨੂੰ ਬੱਸ ’ਚ ਚੜ੍ਹਨ ਤੋਂ ਰੋਕਿਆ ਜਾਂਦਾ ਰਿਹਾ ਤੇ ਮਹਿਲਾ ਸਵਾਰੀਆਂ ਨਾਲ ਭੱਦੀ ਸ਼ਬਦਾਵਲੀ ਵੀ ਵਰਤੀ ਜਾਂਦੀ ਰਹੀ ਹੈ, ਜਿਸ ਕਾਰਨ ਹੀ ਅੱਜ ਮਜਬੂਰੀ ਵੱਸ ਫਿਰ ਤੋਂ ਜਥੇਬੰਦੀ ਨੂੰ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਿਆ। ਅੱਜ ਕੀਤੇ ਗਏ ਰੋਸ ਪ੍ਰਦਰਸ਼ਨ ਤੋਂ ਬਾਅਦ ਤਹਿਸੀਲਦਾਰ ਸਮਰਾਲਾ ਸੰਦੀਪ ਕੁਮਾਰ, ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਤੇ ਡੀਐੱਸਪੀ ਸਮਰਾਲਾ ਪ੍ਰਿਤਪਾਲ ਸਿੰਘ ਸੰਧੂ ਵੱਲੋਂ ਧਰਨਾ ਸਥਾਨ ਉੱਪਰ ਪਹੁੰਚ ਕੇ ਅੰਦੋਲਨਕਾਰੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਇਸ ਰੋਸ ਪ੍ਰਦਰਸ਼ਨ ਵਿਚੋਂ ਪ੍ਰਸ਼ਾਸਨ ਵੱਲੋਂ ਜਥੇਬੰਦੀ ਨੂੰ ਮੀਟਿੰਗ ਲਈ ਸਮਾਂ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਵੱਲੋਂ ਇਸ ਬੱਸ ਸਟੈਂਡ ’ਤੇ ਬੱਸਾਂ ਰੋਕਣ ਦੇ ਪੱਕੇ ਹੱਲ ਲਈ 2 ਜੂਨ ਨੂੰ ਸਮਰਾਲਾ ਵਿਖੇ ਡੀਸੀ ਲੁਧਿਆਣਾ, ਜੀਐੱਮ ਪੰਜਾਬ ਰੋਡਵੇਜ਼ ਨਾਲ ਮੀਟਿੰਗ ਹੋਣੀ ਤੈਅ ਹੋਈ ਹੈ ਅਤੇ ਇਸ ਰੂਟ ਉੱਪਰ ਚੱਲਣ ਵਾਲੇ ਸਾਰੇ ਹੀ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਮੀਟਿੰਗ ’ਚ ਬੁਲਾਇਆ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਬਰਮਾ, ਮਲਕੀਤ ਸਿੰਘ, ਸਵਰਨਜੀਤ ਸਿੰਘ, ਟਹਿਲ ਸਿੰਘ ਬਿਜਲੀਪੁਰ, ਕਰਮਜੀਤ ਸਿੰਘ ਕੋਟ ਆਗਾ, ਗੁਰਮੀਤ ਸਿੰਘ ਕੋਟ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਭ ਘੁਲਾਲ, ਹਰਜਿੰਦਰ ਸਿੰਘ, ਕੁਲਵੰਤ ਸਿੰਘ, ਭਿੰਦਰ ਸਿੰਘ, ਰਵਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਕਿਸਾਨ ਆਗੂ ਤੇ ਵੱਖ-ਵੱਖ ਪਿੰਡਾਂ ਦੇ ਪੰਚ ਤੇ ਸਰਪੰਚ ਅਤੇ ਵੱਡੀ ਗਿਣਤੀ ’ਚ ਔਰਤਾਂ ਹਾਜ਼ਰ ਸਨ।