ਤੇਜ਼ਧਾਰ ਹਥਿਆਰ ਨਾਲ ਮੱਥੇ ’ਚ ਵਾਰ ਕਰਕੇ ਦੁਕਾਨਦਾਰ ਨੂੰ ਕੀਤਾ ਗੰਭੀਰ ਰੂਪ ’ਚ ਜ਼ਖ਼ਮੀ, ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਜੱਸੀਆਂ ਦੇ ਰਹਿਣ ਵਾਲੇ 53 ਸਾਲਾ ਸੰਜੋ ਪ੍ਰਸ਼ਾਦ ਨੇ ਦੱਸਿਆ ਕਿ ਉਹ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਬੀਤੀ ਦੇਰ ਰਾਤ ਕਰੀਬ 10:30 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਜਾਣ ਲੱਗਾ ਸੀ। ਇਸੇ ਦੌਰਾਨ ਹਰੀ ਲਾਲ ਅਤੇ ਪ੍ਰਵੇਸ਼ ਕੁਮਾਰ ਉਸ ਦੀ ਦੁਕਾਨ ’ਤੇ ਸਾਮਾਨ ਖਰੀਦਣ ਲਈ ਪਹੁੰਚੇ।
Publish Date: Sat, 01 Aug 2026 03:04 PM (IST)
Updated Date: Sat, 01 Aug 2026 03:10 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਕਰਿਆਨੇ ਦਾ ਸਮਾਨ ਨਾ ਮਿਲਣ ’ਤੇ ਦੋ ਵਿਅਕਤੀ ਇਸ ਕਦਰ ਭੜਕ ਗਏ ਕਿ ਉਨ੍ਹਾਂ ਨੇ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਦੁਕਾਨਦਾਰ ਦੇ ਮੱਥੇ ’ਚ ਸੱਟ ਮਾਰ ਕੇ ਉਸਨੂੰ ਲਹੂ ਲੁਹਾਨ ਕਰ ਦਿੱਤਾ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਗੰਭੀਰ ਰੂਪ ’ਚ ਫੱਟੜ ਹੋ ਕੇ ਜ਼ਮੀਨ ’ਤੇ ਡਿੱਗੇ ਦੁਕਾਨਦਾਰ ਨੂੰ ਨੇੜੇ ਦੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਮਾਮਲੇ ’ਚ ਥਾਣਾ ਹੈਬੋਵਾਲ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਜੱਸੀਆਂ ਦੇ ਰਹਿਣ ਵਾਲੇ 53 ਸਾਲਾ ਸੰਜੋ ਪ੍ਰਸ਼ਾਦ ਨੇ ਦੱਸਿਆ ਕਿ ਉਹ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਬੀਤੀ ਦੇਰ ਰਾਤ ਕਰੀਬ 10:30 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਜਾਣ ਲੱਗਾ ਸੀ। ਇਸੇ ਦੌਰਾਨ ਹਰੀ ਲਾਲ ਅਤੇ ਪ੍ਰਵੇਸ਼ ਕੁਮਾਰ ਉਸ ਦੀ ਦੁਕਾਨ ’ਤੇ ਸਾਮਾਨ ਖਰੀਦਣ ਲਈ ਪਹੁੰਚੇ।
ਜਦੋਂ ਦੁਕਾਨਦਾਰ ਨੇ ਉਨ੍ਹਾਂ ਨੂੰ ਕਿਹਾ ਕਿ ਦੁਕਾਨ ਬੰਦ ਹੋ ਚੁੱਕੀ ਹੈ ਅਤੇ ਹੁਣ ਸਾਮਾਨ ਨਹੀਂ ਮਿਲ ਸਕਦਾ ਤਾਂ ਇਸ ਗੱਲ ਨੂੰ ਲੈ ਕੇ ਦੋਵਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਸ਼ਿਕਾਇਤਕਰਤਾ ਅਨੁਸਾਰ ਕੁਝ ਹੀ ਪਲਾਂ ’ਚ ਬਹਿਸ ਨੇ ਹਿੰਸਕ ਰੂਪ ਧਾਰ ਲਿਆ। ਦੋਸ਼ ਹੈ ਕਿ ਦੋਵਾਂ ਵਿਅਕਤੀਆਂ ਨੇ ਉਸ ਨੂੰ ਬਾਹਾਂ ਤੋਂ ਫੜ ਲਿਆ ਅਤੇ ਕਿਸੇ ਤਿੱਖੀ ਚੀਜ਼ ਨਾਲ ਉਸ ਦੇ ਮੱਥੇ ’ਤੇ ਜ਼ੋਰਦਾਰ ਵਾਰ ਕਰ ਦਿੱਤਾ। ਅਚਾਨਕ ਹੋਏ ਹਮਲੇ ਕਾਰਨ ਉਹ ਲਹੂ-ਲੁਹਾਨ ਹੋ ਗਿਆ ਅਤੇ ਉਸ ਦੇ ਸਿਰ ’ਚੋਂ ਕਾਫ਼ੀ ਖੂਨ ਵਗਣ ਲੱਗ ਪਿਆ। ਸੱਟ ਲੱਗਣ ਤੋਂ ਬਾਅਦ ਉਹ ਜ਼ਮੀਨ ’ਤੇ ਡਿੱਗ ਪਿਆ। ਉਸ ਦੇ ਰੌਲਾ ਪਾਉਣ ’ਤੇ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਇਕੱਠੇ ਹੋਣ ਲੱਗੇ, ਜਿਸ ਨੂੰ ਦੇਖ ਕੇ ਦੋਵੇਂ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਜ਼ਖ਼ਮੀ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਹਰੀ ਲਾਲ ਅਤੇ ਪ੍ਰਵੇਸ਼ ਕੁਮਾਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 115(2), 126(2) ਅਤੇ 351(1) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।