ਲੁਧਿਆਣਾ 'ਚ ਹੈਰਾਨ ਕਰਨ ਵਾਲੀ ਵਾਪਰੀ ਵਾਰਦਾਤ, ਹਾਦਸੇ ਤੋਂ ਬਾਅਦ ਹਸਪਤਾਲ ਪਹੁੰਚਿਆ ਜ਼ਖ਼ਮੀ, ਪਿੱਛੋਂ ਚੋਰਾਂ ਨੇ ਮੌਕਾ ਦੇਖ ਐਕਟਿਵਾ ਉਡਾਈ
ਲੁਧਿਆਣਾ ’ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਪਾਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਗੰਭੀਰ ਜ਼ਖ਼ਮੀ ਹੋ ਕੇ ਹਸਪਤਾਲ ’ਚ ਜ਼ਿੰਦਗੀ ਲਈ ਜੰਗ ਲੜ ਰਿਹਾ ਸੀ ਤਾਂ ਦੂਜੇ ਪਾਸੇ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦੀ ਮੁਸੀਬਤ ਨੂੰ ਹੀ ਆਪਣਾ ਮੌਕਾ ਬਣਾ ਲਿਆ।
Publish Date: Sun, 19 Jul 2026 11:48 AM (IST)
Updated Date: Sun, 19 Jul 2026 11:51 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ’ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਪਾਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਗੰਭੀਰ ਜ਼ਖ਼ਮੀ ਹੋ ਕੇ ਹਸਪਤਾਲ ’ਚ ਜ਼ਿੰਦਗੀ ਲਈ ਜੰਗ ਲੜ ਰਿਹਾ ਸੀ ਤਾਂ ਦੂਜੇ ਪਾਸੇ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦੀ ਮੁਸੀਬਤ ਨੂੰ ਹੀ ਆਪਣਾ ਮੌਕਾ ਬਣਾ ਲਿਆ।
ਜਦੋਂ ਪਰਿਵਾਰਕ ਮੈਂਬਰ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਲੈ ਗਏ ਤਾਂ ਇਸ ਦੌਰਾਨ ਹਾਦਸੇ ਵਾਲੀ ਥਾਂ ਤੋਂ ਉਸ ਦੀ ਐਕਟਿਵਾ ਚੋਰੀ ਕਰ ਲਈ ਗਈ। ਇੱਕ ਹੀ ਘਟਨਾ ’ਚ ਹਾਦਸਾ ਅਤੇ ਚੋਰੀ ਦੀ ਇਹ ਵਾਰਦਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰਕਾਸ਼ ਪੁਰੀ, ਧੂਰੀ ਲਾਈਨ, ਮਿਲਰਗੰਜ ਦੇ ਰਹਿਣ ਵਾਲੇ ਜਗਦੀਸ਼ ਗੁਪਤਾ ਨੇ ਦੱਸਿਆ ਕਿ ਉਸ ਦਾ 44 ਸਾਲਾ ਭਰਾ ਪ੍ਰਵੀਨ ਗੁਪਤਾ ਬੀਤੇ ਦਿਨੀ ਸ਼ਾਮ ਕਰੀਬ 6 ਵਜੇ ਫੈਕਟਰੀ ਤੋਂ ਛੁੱਟੀ ਕਰਕੇ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ।
ਜਦੋਂ ਉਹ ਸਾਹਨੇਵਾਲ ਸਥਿਤ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਫਲਾਈਓਵਰ ’ਤੇ ਪਹੁੰਚਿਆ ਤਾਂ ਇੱਕ ਅਣਪਛਾਤੇ ਵਾਹਨ ਦੇ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਂਦਿਆਂ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਪ੍ਰਵੀਨ ਗੁਪਤਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਰਾਹਗੀਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਦੇ ਅਪੋਲੋ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।
ਪਰ ਅਸਲ ਹੈਰਾਨੀਜਨਕ ਘਟਨਾ ਇਸ ਤੋਂ ਬਾਅਦ ਵਾਪਰੀ। ਜਦੋਂ ਪਰਿਵਾਰਕ ਮੈਂਬਰ ਹਾਦਸੇ ਵਾਲੀ ਥਾਂ ’ਤੇ ਐਕਟਿਵਾ ਲੈਣ ਲਈ ਮੁੜੇ ਤਾਂ ਉੱਥੇ ਵਾਹਨ ਗਾਇਬ ਸੀ। ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਜ਼ਖ਼ਮੀ ਦੀ ਲਾਵਾਰਿਸ ਖੜ੍ਹੀ ਐਕਟਿਵਾ ’ਤੇ ਹੱਥ ਸਾਫ਼ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਇਸ ਦੋਹਰੀ ਵਾਰਦਾਤ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਅਤੇ ਐਕਟਿਵਾ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 281, 125(ਏ), 125(ਬੀ) ਅਤੇ 303(2) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹਾਦਸੇ ਵਾਲੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਾਦਸਾ ਕਰਨ ਵਾਲੇ ਵਾਹਨ ਅਤੇ ਐਕਟਿਵਾ ਚੋਰੀ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।
ਇਹ ਘਟਨਾ ਸਿਰਫ਼ ਇੱਕ ਸੜਕ ਹਾਦਸਾ ਨਹੀਂ, ਸਗੋਂ ਮਨੁੱਖੀ ਸੰਵੇਦਨਾਵਾਂ 'ਤੇ ਵੀ ਵੱਡਾ ਸਵਾਲ ਖੜ੍ਹਾ ਕਰਦੀ ਹੈ। ਇੱਕ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ, ਜਦਕਿ ਦੂਜੇ ਪਾਸੇ ਕਿਸੇ ਨੇ ਉਸ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਸ ਦੀ ਐਕਟਿਵਾ ਚੋਰੀ ਕਰ ਲਈ। ਇਹ ਵਾਰਦਾਤ ਦੱਸਦੀ ਹੈ ਕਿ ਕੁਝ ਅਸਮਾਜਿਕ ਅਨਸਰ ਕਿਸੇ ਦੀ ਮੁਸੀਬਤ ਨੂੰ ਵੀ ਆਪਣੇ ਲਾਭ ਦਾ ਸਾਧਨ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ।