ਨੌਜਵਾਨ ਨਾਲ ਵਿਵਾਦ ਮਗਰੋਂ 23 ਸਾਲਾ ਮੁਟਿਆਰ ਨੇ ਸ਼ੱਕੀ ਹਾਲਾਤ 'ਚ ਕੀਤੀ ਖ਼ੁਦਕੁਸ਼ੀ, ਜਨਮਦਿਨ 'ਤੇ ਪੱਥਰਬਾਜ਼ੀ ਤੇ ਗੋਲੀਆਂ ਚਲਾਉਣ ਦੇ ਲੱਗੇ ਦੋਸ਼ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਸਥਿਤ ਹਰਚਰਨ ਨਗਰ ਇਲਾਕੇ ਵਿੱਚ ਇੱਕ 23 ਸਾਲਾ ਮੁਟਿਆਰ ਵੱਲੋਂ ਸ਼ੱਕੀ ਹਾਲਾਤਾਂ ਵਿੱਚ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਟਿਆਰ ਦੀ ਮੌਤ ਤੋਂ ਬਾਅਦ ਮਾਮਲਾ ਉਸ ਸਮੇਂ ਹੋਰ ਉਲਝ ਗਿਆ, ਜਦੋਂ ਉਸ ਦੇ ਪ੍ਰੇਮੀ ਨੌਜਵਾਨ ਨੇ ਦੋਸ਼ ਲਾਇਆ ਕਿ ਜਨਮ ਦਿਨ ਮੌਕੇ ਉਸ ਨੂੰ ਮਿਲਣ ਲਈ ਬੁਲਾਇਆ ਗਿਆ ਸੀ, ਪਰ ਉੱਥੇ ਪਹੁੰਚਦਿਆਂ ਹੀ ਕੁਝ ਲੋਕਾਂ ਨੇ ਉਸ ਦੀ ਗੱਡੀ ਨੂੰ ਘੇਰ ਕੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾਈਆਂ।
Publish Date: Tue, 03 Nov 2026 01:49 PM (IST)
Updated Date: Tue, 03 Nov 2026 02:25 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਸਥਿਤ ਹਰਚਰਨ ਨਗਰ ਇਲਾਕੇ ਵਿੱਚ ਇੱਕ 23 ਸਾਲਾ ਮੁਟਿਆਰ ਵੱਲੋਂ ਸ਼ੱਕੀ ਹਾਲਾਤਾਂ ਵਿੱਚ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਟਿਆਰ ਦੀ ਮੌਤ ਤੋਂ ਬਾਅਦ ਮਾਮਲਾ ਉਸ ਸਮੇਂ ਹੋਰ ਉਲਝ ਗਿਆ, ਜਦੋਂ ਉਸ ਦੇ ਪ੍ਰੇਮੀ ਨੌਜਵਾਨ ਨੇ ਦੋਸ਼ ਲਾਇਆ ਕਿ ਜਨਮ ਦਿਨ ਮੌਕੇ ਉਸ ਨੂੰ ਮਿਲਣ ਲਈ ਬੁਲਾਇਆ ਗਿਆ ਸੀ, ਪਰ ਉੱਥੇ ਪਹੁੰਚਦਿਆਂ ਹੀ ਕੁਝ ਲੋਕਾਂ ਨੇ ਉਸ ਦੀ ਗੱਡੀ ਨੂੰ ਘੇਰ ਕੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾਈਆਂ। ਦੂਜੇ ਪਾਸੇ, ਮੁਟਿਆਰ ਦੇ ਭਰਾ ਨੇ ਨੌਜਵਾਨ ’ਤੇ ਉਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਉਸ ਦੀ ਭੈਣ ਨੇ ਇਹ ਕਦਮ ਚੁੱਕਿਆ ਹੈ। ਦੋਵਾਂ ਧਿਰਾਂ ਵੱਲੋਂ ਲਾਏ ਜਾ ਰਹੇ ਇਕ-ਦੂਜੇ ’ਤੇ ਦੋਸ਼ਾਂ ਕਾਰਨ ਮਾਮਲੇ ਦੀਆਂ ਕਈ ਪਰਤਾਂ ਸਾਹਮਣੇ ਆ ਰਹੀਆਂ ਹਨ। ਫਿਲਹਾਲ ਖੁਦਕੁਸ਼ੀ ਦੇ ਅਸਲ ਕਾਰਨਾਂ ਅਤੇ ਗੋਲੀਬਾਰੀ ਦੀ ਘਟਨਾ ਬਾਰੇ ਸਥਿਤੀ ਸਪੱਸ਼ਟ ਨਹੀਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਰੈਨਾ ਧੀਰ (23) ਵਜੋਂ ਹੋਈ ਹੈ। ਨੌਜਵਾਨ ਦਿਵਿਆਂਸ਼ੂ ਬੱਗਾ ਨੇ ਦੱਸਿਆ ਕਿ 2 ਨਵੰਬਰ ਨੂੰ ਉਸ ਦਾ ਜਨਮ ਦਿਨ ਸੀ। ਉਸ ਦਾ ਦਾਅਵਾ ਹੈ ਕਿ ਰਾਤ ਕਰੀਬ ਸਾਢੇ 12 ਵਜੇ ਜਦੋਂ ਉਹ ਆਪਣੀ ਥਾਰ ਗੱਡੀ ਲੈ ਕੇ ਉੱਥੇ ਪਹੁੰਚਿਆ ਤਾਂ ਪਹਿਲਾਂ ਤੋਂ ਮੌਜੂਦ 25 ਤੋਂ 30 ਵਿਅਕਤੀਆਂ ਨੇ ਉਸ ਦੀ ਗੱਡੀ ਨੂੰ ਘੇਰ ਲਿਆ। ਹਮਲਾਵਰਾਂ ਨੇ ਗੱਡੀ ’ਤੇ ਇੱਟਾਂ ਅਤੇ ਪੱਥਰ ਮਾਰੇ ਅਤੇ ਉਸ ਦੇ ਦਾਅਵੇ ਅਨੁਸਾਰ ਕਈ ਰਾਊਂਡ ਫਾਇਰਿੰਗ ਵੀ ਕੀਤੀ। ਗੱਡੀ ਦੇ ਟਾਇਰ ਨੁਕਸਾਨੇ ਜਾਣ ਦੇ ਬਾਵਜੂਦ ਉਹ ਕਿਸੇ ਤਰ੍ਹਾਂ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ।
ਦਿਵਿਆਂਸ਼ੂ ਨੇ ਇਸ ਘਟਨਾ ਪਿੱਛੇ ਰੈਨਾ ਦੇ ਭਰਾ ਅਤੇ ਉਸ ਦੀ ਮਾਤਾ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਦੋਵਾਂ ਪਰਿਵਾਰਾਂ ਵਿਚਕਾਰ ਪਹਿਲਾਂ ਤੋਂ ਜਾਣ-ਪਛਾਣ ਸੀ ਅਤੇ ਉਹ ਇਕੱਠੇ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਵੀ ਜਾਂਦੇ ਰਹੇ ਸਨ। ਇਸੇ ਦੌਰਾਨ ਉਸ ਦੀ ਰੈਨਾ ਨਾਲ ਦੋਸਤੀ ਹੋਈ ਸੀ। ਨੌਜਵਾਨ ਨੇ ਦਾਅਵਾ ਕੀਤਾ ਕਿ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ।
ਉਧਰ, ਰੈਨਾ ਦੇ ਭਰਾ ਰੋਹਨ ਧੀਰ ਨੇ ਇਨ੍ਹਾਂ ਦੋਸ਼ਾਂ ਤੋਂ ਬਿਲਕੁਲ ਵੱਖਰਾ ਪੱਖ ਰੱਖਿਆ ਹੈ। ਉਸ ਦਾ ਕਹਿਣਾ ਹੈ ਕਿ ਦਿਵਿਆਂਸ਼ੂ ਪਿਛਲੇ ਤਿੰਨ ਮਹੀਨਿਆਂ ਤੋਂ ਗਲੀ ਵਿੱਚ ਆ ਕੇ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਇਸ ਸਬੰਧੀ ਉਸ ਨੂੰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਕਈ ਵਾਰ ਰੋਕਿਆ ਗਿਆ, ਪਰ ਕੋਈ ਸੁਣਵਾਈ ਨਹੀਂ ਹੋਈ। ਰੋਹਨ ਅਨੁਸਾਰ ਘਟਨਾ ਵਾਲੀ ਰਾਤ ਵੀ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਆਇਆ, ਉੱਚੀ ਆਵਾਜ਼ ਵਿੱਚ ਗਾਣੇ ਚਲਾਏ ਅਤੇ ਸ਼ਰਾਬ ਪੀਤੀ। ਉਸ ਨੇ ਦੋਸ਼ ਲਾਇਆ ਕਿ ਜਦੋਂ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਗੱਡੀ ਉਨ੍ਹਾਂ ਵੱਲ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਉੱਥੋਂ ਚਲਾ ਗਿਆ।
ਰੋਹਨ ਨੇ ਇਹ ਵੀ ਦਾਅਵਾ ਕੀਤਾ ਕਿ ਨੌਜਵਾਨ ਨੇ ਹੈਬੋਵਾਲ ਤੋਂ 8 ਤੋਂ 10 ਮੁੰਡੇ ਬੁਲਾ ਕੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ, ਜਦਕਿ ਉਨ੍ਹਾਂ ਦੇ ਪੱਖ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ। ਉਸ ਦਾ ਕਹਿਣਾ ਹੈ ਕਿ ਉਸ ਦੀ ਭੈਣ ਪੜ੍ਹੀ-ਲਿਖੀ ਸੀ ਅਤੇ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਕੀਤੀ ਜਾ ਰਹੀ ਮਾਨਸਿਕ ਪ੍ਰੇਸ਼ਾਨੀ ਕਾਰਨ ਉਹ ਦੁਖੀ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਕੋਲ ਨੌਜਵਾਨ ਵੱਲੋਂ ਭੇਜੇ ਗਏ ਕਥਿਤ ਗਲਤ ਸੁਨੇਹਿਆਂ ਅਤੇ ਪਿਛਲੇ ਦੋ ਮਹੀਨਿਆਂ ਦੀਆਂ ਰਿਕਾਰਡਿੰਗਾਂ ਦੇ ਸਬੂਤ ਵੀ ਮੌਜੂਦ ਹਨ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਇਸ ਸਾਰੇ ਮਾਮਲੇ ਦੀ ਪੜਤਾਲ ਕਰਲਵੇ ਤੇ ਜੁੜੀ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ 23 ਸਾਲਾ ਮੁਟਿਆਰ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਸੂਚਨਾ ਮਿਲਦਿਆਂ ਹੀ ਸੀਐਮਸੀ ਹਸਪਤਾਲ ਪਹੁੰਚ ਗਈ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਪਰਿਵਾਰ ਨੇ ਦਿਵਿਆਂਸ਼ੂ ਬੱਗਾ ਨਾਮ ਦੇ ਨੌਜਵਾਨ ’ਤੇ ਮੁਟਿਆਰ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਪੁਲਿਸ ਵੱਲੋਂ ਪੋਸਟਮਾਰਟਮ ਰਿਪੋਰਟ ਅਤੇ ਹੋਰ ਤੱਥਾਂ ਦੇ ਆਧਾਰ ’ਤੇ ਜਾਂਚ ਅੱਗੇ ਵਧਾਈ ਜਾਵੇਗੀ।
ਫਿਲਹਾਲ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਦੇ ਬਿਆਨ ਇੱਕ-ਦੂਜੇ ਤੋਂ ਉਲਟ ਹਨ। ਮੁਟਿਆਰ ਵੱਲੋਂ ਚੁੱਕੇ ਗਏ ਕਦਮ ਦੇ ਅਸਲ ਕਾਰਨਾਂ, ਗੋਲੀਬਾਰੀ ਦੇ ਦੋਸ਼ਾਂ ਅਤੇ ਘਟਨਾ ਵਾਲੀ ਰਾਤ ਵਾਪਰੀਆਂ ਘਟਨਾਵਾਂ ਦੀ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।