ਸਕੂਲ 'ਚ ਸ਼ਰਮਨਾਕ ਘਟਨਾ : ਕਿਤਾਬ ਲੈਣ ਗਈ 16 ਸਾਲਾ ਵਿਦਿਆਰਥਣ ਨਾਲ ਛੇੜਛਾੜ, ਚਪੜਾਸੀ ਗ੍ਰਿਫ਼ਤਾਰ; ਵੀਡੀਓ ਬਣਾਉਣ ਦਾ ਵੀ ਦੋਸ਼ ਘਰ ਤੋਂ ਬਾਅਦ ਬੱਚੀਆਂ ਲਈ ਸਭ ਤੋਂ ਸੁਰੱਖਿਤ ਥਾਂ ਸਕੂਲ ਮੰਨਿਆ ਜਾਂਦਾ ਹੈ। ਬੱਚੀਆਂ ਨੂੰ ਸਿੱਖਿਆ ਦੇਣ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਵਿੱਚ ਜੇਕਰ ਵਿਦਿਆਰਥਣਾ ਨਾਲ ਸ਼ਰਮਨਾਕ ਘਟਨਾਵਾਂ ਵਾਪਰਨ ਤਾਂ ਹਰ ਕੋਈ ਸੋਚਣ ਲਈ ਮਜਬੂਰ ਹੋਵੇਗਾ ਕਿ ਆਖਿਰਕਾਰ ਬੱਚੀਆਂ ਸੁਰੱਖਿਤ ਕਿੱਥੇ ਹਨ। ਅਜਿਹੀ ਹੀ ਸ਼ਰਮਨਾਕ ਘਟਨਾ ਲੁਧਿਆਣਾ ਵਿੱਚ ਵਾਪਰੀ। ਛੇੜਛਾੜ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਸਕੂਲ ਦਾ ਚਪੜਾਸੀ ਸੀ।
Publish Date: Sat, 17 Oct 2026 11:06 AM (IST)
Updated Date: Sat, 17 Oct 2026 11:07 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਘਰ ਤੋਂ ਬਾਅਦ ਬੱਚੀਆਂ ਲਈ ਸਭ ਤੋਂ ਸੁਰੱਖਿਤ ਥਾਂ ਸਕੂਲ ਮੰਨਿਆ ਜਾਂਦਾ ਹੈ। ਬੱਚੀਆਂ ਨੂੰ ਸਿੱਖਿਆ ਦੇਣ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਵਿੱਚ ਜੇਕਰ ਵਿਦਿਆਰਥਣਾ ਨਾਲ ਸ਼ਰਮਨਾਕ ਘਟਨਾਵਾਂ ਵਾਪਰਨ ਤਾਂ ਹਰ ਕੋਈ ਸੋਚਣ ਲਈ ਮਜਬੂਰ ਹੋਵੇਗਾ ਕਿ ਆਖਿਰਕਾਰ ਬੱਚੀਆਂ ਸੁਰੱਖਿਤ ਕਿੱਥੇ ਹਨ। ਅਜਿਹੀ ਹੀ ਸ਼ਰਮਨਾਕ ਘਟਨਾ ਲੁਧਿਆਣਾ ਵਿੱਚ ਵਾਪਰੀ। ਛੇੜਛਾੜ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਸਕੂਲ ਦਾ ਚਪੜਾਸੀ ਸੀ। ਮੁਲਜ਼ਮ ਨੇ ਅਧਿਆਪਕ ਦੇ ਕਮਰੇ ਚੋਂ ਕਿਤਾਬ ਲੱਭ ਰਹੀ ਲੜਕੀ ਨੂੰ ਜ਼ਬਰਦਸਤੀ ਫੜ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਮਾਮਲੇ ਵਿੱਚ ਪੁਲਿਸ ਨੇ ਸਕੂਲ ਦੇ ਚਪੜਾਸੀ ਪ੍ਰਿੰਸ ਪਾਲ ਵਿਰੁੱਧ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਕਾਇਤ ਵਿੱਚ ਮੁਲਜ਼ਮ ਵੱਲੋਂ 16 ਸਾਲਾ ਦੀ ਵਿਦਿਆਰਥਣ ਦੀ ਵੀਡੀਓ ਬਣਾਉਣ ਦਾ ਦੋਸ਼ ਵੀ ਲਗਾਇਆ ਗਿਆ ਹੈ।
ਥਾਣਾ ਟਿੱਬਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਕਰੀਬ 16 ਸਾਲਾ ਧੀ ਨੇ ਉਸ ਨੂੰ ਜਾਣਕਾਰੀ ਦਿੱਤੀ ਕਿ ਸਕੂਲ ਵਿੱਚ ਉਸ ਨੂੰ ਇੱਕ ਕਿਤਾਬ ਦੀ ਲੋੜ ਸੀ। ਇਸ ਸਬੰਧੀ ਉਸ ਨੇ ਆਪਣੀ ਕਲਾਸ ਦੇ ਅਧਿਆਪਕ ਨਾਲ ਗੱਲ ਕੀਤੀ ਸੀ, ਜਿਨ੍ਹਾਂ ਨੇ ਉਸ ਨੂੰ ਆਪਣੇ ਦਫ਼ਤਰ ਵਿੱਚੋਂ ਕਿਤਾਬ ਲੈਣ ਲਈ ਕਿਹਾ। ਸ਼ਿਕਾਇਤ ਮੁਤਾਬਕ, ਜਦੋਂ ਵਿਦਿਆਰਥਣ ਕਿਤਾਬ ਲੈਣ ਲਈ ਅਧਿਆਪਕ ਦੇ ਦਫ਼ਤਰ ਵਿੱਚ ਗਈ ਤਾਂ ਸਕੂਲ ਵਿੱਚ ਚਪੜਾਸੀ ਵਜੋਂ ਕੰਮ ਕਰਨ ਵਾਲਾ ਪ੍ਰਿੰਸ ਪਾਲ ਵੀ ਉੱਥੇ ਪਹੁੰਚ ਗਿਆ। ਦੋਸ਼ ਹੈ ਕਿ ਜਦੋਂ ਵਿਦਿਆਰਥਣ ਕਿਤਾਬ ਲੱਭ ਰਹੀ ਸੀ ਤਾਂ ਮੁਲਜ਼ਮ ਨੇ ਉਸ ਨੂੰ ਜ਼ਬਰਦਸਤੀ ਫੜ ਕੇ ਕੰਧ ਨਾਲ ਲਗਾ ਦਿੱਤਾ ਅਤੇ ਉਸ ਨਾਲ ਜ਼ਬਰਦਸਤੀ ਸ਼ਰਮਨਾਕ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ।
ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਵਿਦਿਆਰਥਣ ਦੀ ਵੀਡੀਓ ਵੀ ਬਣਾਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਪ੍ਰਿੰਸ ਪਾਲ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 75 ਅਤੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਦੇਣ ਵਾਲੇ ਕਾਨੂੰਨ (ਪੋਕਸੋ) ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਥਾਣਾ ਟਿੱਬਾ ਦੀ ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।