ਦਹਾਕਿਆਂ ਤੋਂ ਵਿਕਾਸ ਦੀ ਉਡੀਕ 'ਚ ਸ਼ਿਵਾਜੀ ਕੰਪਲੈਕਸ ਮਾਰਕੀਟ, ਕਾਰੋਬਾਰੀ ਪਰੇਸ਼ਾਨ ਦਹਾਕਿਆਂ ਤੋਂ ਵਿਕਾਸ ਦੀ ਉਡੀਕ 'ਚ ਸ਼ਿਵਾਜੀ ਕੰਪਲੈਕਸ ਮਾਰਕੀਟ, ਕਾਰੋਬਾਰੀ ਪਰੇਸ਼ਾਨ
Publish Date: Wed, 01 Jul 2026 08:58 PM (IST)
Updated Date: Thu, 02 Jul 2026 04:09 AM (IST)
-ਮੀਂਹ ਤੇ ਹੋਰ ਦਿਨਾਂ ’ਚ ਵੀ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਮੁਸ਼ਕਲ ਪੇਸ਼ ਆਉਂਦੀ ਹੈ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਇੱਥੋਂ ਦੇ ਸਨਅਤੀ ਤੇ ਵਪਾਰਕ ਵਿਕਾਸ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਕਰੀਬ 20 ਸਾਲ ਪਹਿਲਾਂ ਰੇਲਵੇ ਰੋਡ ਤੇ ਬਣਾਈ ਗਈ ਸ਼ਿਵਾਜੀ ਕੰਪਲੈਕਸ ਮਾਰਕੀਟ ਅੱਜ ਆਪਣੀ ਹੀ ਬਦਹਾਲੀ ਤੇ ਹੰਝੂ ਵਹਾ ਰਹੀ ਹੈ। ਕਰੋੜਾਂ ਰੁਪਏ ਦਾ ਨਿਵੇਸ਼ ਕਰਕੇ ਇੱਥੇ ਕਾਰੋਬਾਰ ਸ਼ੁਰੂ ਕਰਨ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਅੱਜ ਤੱਕ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਸੀਬ ਨਹੀਂ ਹੋਈਆਂ, ਜਿਸ ਕਾਰਨ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਾਰੋਬਾਰੀਆਂ ਨੇ ਸਮੱਸਿਆਵਾਂ ਖੁੱਲ੍ਹ ਕੇ ਬਿਆਨ ਕੀਤੀਆਂ। ਉਨ੍ਹਾਂ ਦੱਸਿਆ ਕਿ ਮਾਰਕੀਟ ’ਚ ਪੀਣਯੋਗ ਸਾਫ਼ ਪਾਣੀ ਦਾ ਕੋਈ ਪੱਕਾ ਪ੍ਰਬੰਧ ਨਹੀਂ ਹੈ। ਸਫ਼ਾਈ ਵਿਵਸਥਾ ਲਗਭਗ ਨਾਮਾਤਰ ਹੈ, ਜਿਸ ਕਾਰਨ ਹਰ ਸਮੇਂ ਗੰਦਗੀ ਦਾ ਮਾਹੌਲ ਬਣਿਆ ਰਹਿੰਦਾ ਹੈ। ਗੰਦੇ ਪਾਣੀ ਦੀ ਨਿਕਾਸੀ ਦੀ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ ਮੀਂਹ ਤੇ ਹੋਰ ਦਿਨਾਂ ’ਚ ਵੀ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਆਉਣ-ਜਾਣ ’ਚ ਮੁਸ਼ਕਲ ਪੇਸ਼ ਆਉਂਦੀ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਰਾਤ ਦੇ ਸਮੇਂ ਮਾਰਕੀਟ ’ਚ ਲਾਈਟਾਂ ਦਾ ਵੀ ਕੋਈ ਢੰਗ ਦਾ ਪ੍ਰਬੰਧ ਨਹੀਂ ਹੈ। ਹਨੇਰੇ ਦਾ ਫਾਇਦਾ ਚੁੱਕ ਕੇ ਚੋਰੀਆਂ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਵਪਾਰੀਆਂ ’ਚ ਅਸੁਰੱਖਿਆ ਦੀ ਭਾਵਨਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਮਾਰਕੀਟ ਦੇ ਜਨਤਕ ਬਾਥਰੂਮਾਂ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਉਨ੍ਹਾਂ ਦੀ ਸਫ਼ਾਈ ਤੇ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਵਪਾਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਕੋਲ ਆਪਣੀਆਂ ਸਮੱਸਿਆਵਾਂ ਉਠਾਉਂਦੇ ਆ ਰਹੇ ਹਨ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦਾ ਨਿਵੇਸ਼ ਕਰਨ ਦੇ ਬਾਵਜੂਦ ਜੇਕਰ ਬੁਨਿਆਦੀ ਸਹੂਲਤਾਂ ਹੀ ਨਾ ਮਿਲਣ ਤਾਂ ਕਾਰੋਬਾਰ ਚਲਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।ਕਾਰੋਬਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਿਵਾਜੀ ਕੰਪਲੈਕਸ ਮਾਰਕੀਟ ਦੀਆਂ ਲੰਬੇ ਸਮੇਂ ਤੋਂ ਲਟਕੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ, ਸਫ਼ਾਈ, ਸੀਵਰੇਜ, ਸਟਰੀਟ ਲਾਈਟਾਂ, ਸੁਰੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਮਾਰਕੀਟ ਇੱਕ ਵਾਰ ਫਿਰ ਵਪਾਰਕ ਗਤੀਵਿਧੀਆਂ ਦਾ ਕੇਂਦਰ ਬਣ ਸਕੇ। -2006 ਚ ਕਾਂਗਰਸ ਸਰਕਾਰ ਵੇਲੇ ਬਣੀ ਸੀ ਮਾਰਕੀਟ ਸਾਲ 2006 ਚ ਕਾਂਗਰਸ ਸਰਕਾਰ ਵੇਲੇ ਉਸ ਸਮੇਂ ਦੀ ਵਿਧਾਇਕਾ ਹਰਬੰਸ ਕੌਰ ਦੂਲੋ ਸਮੇਂ ਇਹ ਪ੍ਰੋਜੈਕਟ ਲਿਆਂਦਾ ਗਿਆ ਸੀ ਤੇ ਇਸਦਾ ਨੀਂਹ ਪੱਥਰ 19 ਮਾਰਚ 2006 ਨੂੰ ਹਰਬੰਸ ਕੌਰ ਦੂਲੋ ਜੋਕਿ ਉਸ ਸਮੇਂ ਸੰਸਦੀ ਸਕੱਤਰ ਵੀ ਸਨ, ਨੇ ਰੱਖਿਆ ਸੀ। ਕੈਪਟਨ ਸਰਕਾਰ ਵੇਲੇ ਉਸ ਸਮੇਂ ਚੌਧਰੀ ਜਗਜੀਤ ਸਿੰਘ ਸਥਾਨਕ ਸਰਕਾਰਾਂ ਵਿਭਾਗ ਮੰਤਰੀ ਸਨ। ਇਸ ਉਪਰੰਤ 2007 ਚ ਅਕਾਲੀ-ਭਾਜਪਾ ਸਰਕਾਰ ਬਣੀ ਸੀ। ਇਸ ਸਰਕਾਰ ਚ ਸ਼ਿਵਾਜੀ ਕੰਪਲੈਕਸ ਦੀਆਂ ਦੁਕਾਨਾਂ ਦੀ ਬੋਲੀ ਹੋਈ ਸੀ। ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈਓ) ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਰਕੀਟ ਨਗਰ ਸੁਧਾਰ ਟਰੱਸਟ ਦੇ ਅਧੀਨ ਹੈ। ਜਿੱਥੋਂ ਤੱਕ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਕੂੜਾ ਸੁੱਟਣ ਦੀ ਗੱਲ ਹੈ, ਉਹ ਚੈੱਕ ਕਰਵਾ ਕੇ ਸਮੱਸਿਆ ਹੱਲ ਕੀਤੀ ਜਾਵੇਗੀ। ਬਾਕੀ ਜੋ ਸਮੱਸਿਆਵਾਂ ਟਰੱਸਟ ਨਾਲ ਸਬੰਧਤ ਹਨ, ਉਹ ਹੀ ਦੱਸ ਸਕਦੇ ਹਨ।