ਲੁਧਿਆਣਾ 'ਚ ਨਾਬਾਲਗ ਵਿਦਿਆਰਥਣ ਨਾਲ ਸ਼ਰਮਨਾਕ ਕਾਰਾ, ਨਾਲ ਪੜ੍ਹਦੇ ਮੁੰਡੇ ਨੇ ਖੇਡੀ ਚਾਲ; ਅਸ਼ਲੀਲ ਤਸਵੀਰਾਂ ਖਿੱਚ ਕੇ ਬਣਾਇਆ ਹਵਸ ਦਾ ਸ਼ਿਕਾਰ ਸਕੂਲ ਉਹ ਥਾਂ ਮੰਨੀ ਜਾਂਦੀ ਹੈ ਜਿੱਥੇ ਬੱਚੇ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ, ਭਰੋਸਾ ਅਤੇ ਸੁਰੱਖਿਆ ਦਾ ਅਹਿਸਾਸ ਵੀ ਪ੍ਰਾਪਤ ਕਰਦੇ ਹਨ ਪਰ ਜਦੋਂ ਉਸੇ ਸਕੂਲ ਵਿੱਚ ਇਕੱਠੇ ਪੜ੍ਹਨ ਵਾਲਾ ਸਹਿਪਾਠੀ ਹੀ ਭਰੋਸੇ ਨੂੰ ਤੋੜ ਕੇ ਸ਼ਰਮਨਾਕ ਹਰਕਤਾਂ 'ਤੇ ਉਤਰ ਆਵੇ ਤਾਂ ਇਹ ਸਿਰਫ਼ ਇੱਕ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਲੁਧਿਆਣਾ ਵਿੱਚ ਸਾਹਮਣੇ ਆਏ ਇਸ ਮਾਮਲੇ ਨੇ ਇੱਕ ਵਾਰ ਫਿਰ ਮਾਪਿਆਂ ਅਤੇ ਸਮਾਜ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਧੀਆਂ ਦੀ ਸੁਰੱਖਿਆ ਅਤੇ ਜਾਗਰੂਕਤਾ ਕਿੰਨੀ ਜ਼ਰੂਰੀ ਹੋ ਗਈ ਹੈ।
Publish Date: Thu, 06 Aug 2026 01:38 PM (IST)
Updated Date: Thu, 06 Aug 2026 01:39 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ - ਸਕੂਲ ਉਹ ਥਾਂ ਮੰਨੀ ਜਾਂਦੀ ਹੈ ਜਿੱਥੇ ਬੱਚੇ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ, ਭਰੋਸਾ ਅਤੇ ਸੁਰੱਖਿਆ ਦਾ ਅਹਿਸਾਸ ਵੀ ਪ੍ਰਾਪਤ ਕਰਦੇ ਹਨ ਪਰ ਜਦੋਂ ਉਸੇ ਸਕੂਲ ਵਿੱਚ ਇਕੱਠੇ ਪੜ੍ਹਨ ਵਾਲਾ ਸਹਿਪਾਠੀ ਹੀ ਭਰੋਸੇ ਨੂੰ ਤੋੜ ਕੇ ਸ਼ਰਮਨਾਕ ਹਰਕਤਾਂ 'ਤੇ ਉਤਰ ਆਵੇ ਤਾਂ ਇਹ ਸਿਰਫ਼ ਇੱਕ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਲੁਧਿਆਣਾ ਵਿੱਚ ਸਾਹਮਣੇ ਆਏ ਇਸ ਮਾਮਲੇ ਨੇ ਇੱਕ ਵਾਰ ਫਿਰ ਮਾਪਿਆਂ ਅਤੇ ਸਮਾਜ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਧੀਆਂ ਦੀ ਸੁਰੱਖਿਆ ਅਤੇ ਜਾਗਰੂਕਤਾ ਕਿੰਨੀ ਜ਼ਰੂਰੀ ਹੋ ਗਈ ਹੈ।
ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਇੱਕੋ ਸਕੂਲ ਦੀ ਬਾਰਵੀਂ ਜਮਾਤ ਵਿੱਚ ਪੜ੍ਹਦੇ ਨਾਬਾਲਗ ਵਿਦਿਆਰਥੀ ਵੱਲੋਂ ਆਪਣੀ ਹੀ ਸਹਿਪਾਠਣ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ, ਅਸ਼ਲੀਲ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਨ ਅਤੇ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਪੋਕਸੋ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਦੋਵੇਂ ਇੱਕੋ ਸਕੂਲ ਵਿੱਚ ਬਾਰਵੀਂ ਜਮਾਤ ਦੇ ਵਿਦਿਆਰਥੀ ਹਨ। ਪੀੜਤ ਵਿਦਿਆਰਥਣ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਸਹਿਪਾਠੀ ਨੇ ਪਹਿਲਾਂ ਉਸ ਨਾਲ ਦੋਸਤੀ ਕੀਤੀ ਅਤੇ ਭਰੋਸਾ ਜਿੱਤਣ ਤੋਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾਏ। ਦੋਸ਼ ਹੈ ਕਿ ਇਸ ਦੌਰਾਨ ਉਸ ਨੇ ਮੋਬਾਈਲ ਫੋਨ ਨਾਲ ਅਸ਼ਲੀਲ ਤਸਵੀਰਾਂ ਵੀ ਖਿੱਚ ਲਈਆਂ।
ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਇਸ ਤੋਂ ਬਾਅਦ ਮੁਲਜ਼ਮ ਕਥਿਤ ਤੌਰ 'ਤੇ ਉਕਤ ਤਸਵੀਰਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਵਿਦਿਆਰਥਣ ਨੂੰ ਲਗਾਤਾਰ ਬਲੈਕਮੇਲ ਕਰਦਾ ਰਿਹਾ ਅਤੇ ਉਸ ਨਾਲ ਜਬਰਦਸਤੀ ਗਲਤ ਹਰਕਤਾਂ ਕਰਦਾ ਰਿਹਾ। ਪਰਿਵਾਰ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲੋਂ ਜਦੋਂ ਵਿਦਿਆਰਥਣ ਘਰ ਵਿੱਚ ਇਕੱਲੀ ਸੀ ਤਾਂ ਮੁਲਜ਼ਮ ਜ਼ਬਰਦਸਤੀ ਘਰ ਅੰਦਰ ਦਾਖ਼ਲ ਹੋਇਆ ਅਤੇ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਮੁੜ ਜਬਰ ਜਨਾਹ ਕੀਤਾ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 64 ਅਤੇ 351(2) ਦੇ ਨਾਲ-ਨਾਲ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।