ਜੇਲ੍ਹ ਅੰਦਰ ਵਸੂਲੀ ਦਾ ਕਾਲਾ ਕਾਰਾ : ਹਵਾਲਾਤੀਆਂ ਦੀ ਕੁੱਟਮਾਰ ਕਰਕੇ ਮੰਗਵਾਏ 2 ਲੱਖ ਰੁਪਏ, 6 ਲੋਕਾਂ 'ਤੇ ਪਰਚਾ ਦਰਜ
ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਬੰਦੀਆਂ ਵੱਲੋਂ ਦੋ ਹਵਾਲਾਤੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਕੇ ਉਨ੍ਹਾਂ ਤੋਂ ਬਾਹਰੋਂ 2 ਲੱਖ ਰੁਪਏ ਆਪਣੇ ਦੱਸੇ ਖਾਤੇ ਵਿੱਚ ਟ੍ਰਾਂਸਫਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਦੀ ਸ਼ਿਕਾਇਤ ’ਤੇ ਛੇ ਬੰਦੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਹਵਾਲਾਤੀ ਹਰਿਸਮਰਨ ਸਿੰਘ ਮੰਡ, ਜਗਵੀਰ ਸਿੰਘ, ਜਤਿੰਦਰ ਸਿੰਘ, ਅਭੈ, ਗੁਰਜੀਤ ਸਿੰਘ ਉਰਫ਼ ਹਰਮਨ ਅਤੇ ਸੁਖਮਨ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਜੇਲ੍ਹ ਅੰਦਰ ਬੰਦ ਹਵ
Publish Date: Thu, 01 Oct 2026 11:41 AM (IST)
Updated Date: Thu, 01 Oct 2026 11:44 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਬੰਦੀਆਂ ਵੱਲੋਂ ਦੋ ਹਵਾਲਾਤੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਕੇ ਉਨ੍ਹਾਂ ਤੋਂ ਬਾਹਰੋਂ 2 ਲੱਖ ਰੁਪਏ ਆਪਣੇ ਦੱਸੇ ਖਾਤੇ ਵਿੱਚ ਟ੍ਰਾਂਸਫਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਦੀ ਸ਼ਿਕਾਇਤ ’ਤੇ ਛੇ ਬੰਦੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਹਵਾਲਾਤੀ ਹਰਿਸਮਰਨ ਸਿੰਘ ਮੰਡ, ਜਗਵੀਰ ਸਿੰਘ, ਜਤਿੰਦਰ ਸਿੰਘ, ਅਭੈ, ਗੁਰਜੀਤ ਸਿੰਘ ਉਰਫ਼ ਹਰਮਨ ਅਤੇ ਸੁਖਮਨ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਜੇਲ੍ਹ ਅੰਦਰ ਬੰਦ ਹਵਾਲਾਤੀ ਰੁਪੇਸ਼ ਪੁਰੀ ਅਤੇ ਹਵਾਲਾਤੀ ਨੀਰਜ ਆਦੀਆ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਦੋਵਾਂ ਨੂੰ ਡਰਾ-ਧਮਕਾ ਕੇ ਬਾਹਰੋਂ ਪੈਸੇ ਮੰਗਵਾਉਣ ਲਈ ਮਜਬੂਰ ਕੀਤਾ ਗਿਆ।
ਦੱਸਿਆ ਗਿਆ ਹੈ ਕਿ ਕੁੱਟਮਾਰ ਤੋਂ ਬਾਅਦ ਦੋਵੇਂ ਹਵਾਲਾਤੀ ਕਾਫ਼ੀ ਘਬਰਾ ਗਏ। ਉਨ੍ਹਾਂ ਨੇ ਕਿਸੇ ਜਾਣਕਾਰ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਮੁਲਜ਼ਮਾਂ ਵੱਲੋਂ ਦੱਸੇ ਗਏ ਖਾਤੇ ਵਿੱਚ 2 ਲੱਖ ਰੁਪਏ ਦੀ ਰਕਮ ਟ੍ਰਾਂਸਫਰ ਕਰਵਾ ਦਿੱਤੀ। ਇਸ ਦੌਰਾਨ ਜੇਲ੍ਹ ਅੰਦਰ ਮੋਬਾਈਲ ਫੋਨ ਦੀ ਵਰਤੋਂ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਕਾਰਵਾਈ ਦੌਰਾਨ ਇੱਕ ਕੀਪੈਡ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।
ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 308(4) ਅਤੇ ਪੰਜਾਬ ਪ੍ਰਿਜ਼ਨਜ਼ ਐਂਡ ਕਰੈਕਸ਼ਨਲ ਸਰਵਿਸਿਜ਼ ਐਕਟ 2026 ਦੀ ਧਾਰਾ 42(2) ਤਹਿਤ ਮੁਕੱਦਮਾ ਦਰਜ ਕੀਤਾ ਹੈ। ਮਾਮਲੇ ਵਿੱਚ ਨਾਮਜ਼ਦ ਸਾਰੇ ਮੁਲਜ਼ਮ ਪਹਿਲਾਂ ਤੋਂ ਹੀ ਵੱਖ-ਵੱਖ ਗੰਭੀਰ ਮਾਮਲਿਆਂ ਵਿੱਚ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਬੰਦ ਹਨ।
ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਜੇਲ੍ਹ ਅੰਦਰ ਮੋਬਾਈਲ ਫੋਨ ਕਿਸ ਤਰੀਕੇ ਨਾਲ ਪਹੁੰਚਿਆ, 2 ਲੱਖ ਰੁਪਏ ਕਿਸ ਖਾਤੇ ਵਿੱਚ ਟ੍ਰਾਂਸਫਰ ਹੋਏ ਅਤੇ ਇਸ ਪੂਰੇ ਮਾਮਲੇ ਵਿੱਚ ਹੋਰ ਕਿਹੜੇ ਵਿਅਕਤੀਆਂ ਦੀ ਭੂਮਿਕਾ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੇ ਖਿਲਾਫ ਗੰਭੀਰ ਮੁਕਦਮੇ ਦਰਜ ਹਨ। ਜੇਲ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਅੰਦਰ ਆਪਣਾ ਗਰੁੱਪ ਬਣਾ ਲਿਆ ਅਤੇ ਦਬਦਬਾ ਕਾਇਮ ਰੱਖਣ ਲਈ ਅਜਿਹਾ ਕਰਦੇ ਸਨ। ਪੁਲਿਸ ਪੜਤਾਲ ਕਰ ਰਹੀ ਹੈ ਕਿ ਪੈਸੇ ਕਿਸ ਖਾਤੇ ਵਿੱਚ ਗਏ ਅਤੇ ਮੁਲਜਮਾਂ ਨੇ ਪਹਿਲੋਂ ਵੀ ਕਿਸੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਂ ਨਹੀਂ। ਪੁਲਿਸ ਮੁਲਜ਼ਮਾਂ ਨੂੰ ਜੇਲ੍ਹ ਚੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਉਹਨਾਂ ਕੋਲੋਂ ਵਧੇਰੇ ਪੁੱਛਗਿੱਛ ਕਰੇਗੀ।