- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਦੀ ਬੌਟਮ:ਦੋ ਮਹੀਨੇ ਸੁੱਕਾ ਰਹਿਣ ਤੋਂ ਬਾਅਦ ਫਿਰ ਗਰਾਊਂਡ ਵਿੱਚ ਛੱਡਿਆ ਸੀਵਰੇਜ ਦਾ ਪਾਣੀ

-ਨਵਰਾਤਰਿਆਂ ਤੋਂ ਪਹਿਲਾਂ ਨੌਜਵਾਨ ਦੁਰਗਾ ਪੂਜਾ ਵਾਲੀ ਥਾਂ ’ਤੇ ਬਣਿਆ ਦਲਦਲ
-ਨਗਰ ਨਿਗਮ ਲੁਧਿਆਣਾ ਦੀ ਕਾਰਵਾਈ ’ਤੇ ਉੱਠੇ ਸਵਾਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ
ਵਾਰਡ-25 ਦੇ ਢੰਡਾਰੀ ਖੁਰਦ ਸਥਿਤ ਵਿਸ਼ਾਖਾ ਜਾੜ ਕਲੋਨੀ ਦੇ ਖਾਲੀ ਗਰਾਊਂਡ ਵਿੱਚ ਸੀਵਰੇਜ ਦਾ ਪਾਣੀ ਛੱਡਣ ਦਾ ਸਿਲਸਿਲਾ ਇੱਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਕੁੱਝ ਦਿਨ ਪਹਿਲਾਂ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਕਰੀਬ ਦੋ ਮਹੀਨੇ ਤੱਕ ਗਰਾਊਂਡ ਵਿੱਚ ਸੀਵਰੇਜ ਦਾ ਪਾਣੀ ਨਹੀਂ ਛੱਡਿਆ ਗਿਆ ਤੇ ਮੈਦਾਨ ਸੁੱਕ ਗਿਆ ਸੀ। ਪਰ ਹੁਣ ਦੁਬਾਰਾ ਕੁੱਝ ਵੱਡੇ ਵਿਹੜਿਆਂ ਵਾਲਿਆਂ ਵੱਲੋਂ ਕਥਿਤ ਤੌਰ ’ਤੇ ਸੀਵਰੇਜ ਦਾ ਪਾਣੀ ਸ਼ਰੇਆਮ ਗਰਾਊਂਡ ਵੱਲ ਛੱਡਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਨਿਗਮ ਵੱਲੋਂ ਅਜੇ ਤੱਕ ਸਬੰਧਤ ਲੋਕਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ।
ਸੀਵਰੇਜ ਦਾ ਪਾਣੀ ਲਗਾਤਾਰ ਇਕੱਠਾ ਹੋਣ ਕਾਰਨ ਗਰਾਊਂਡ ਦਾ ਵੱਡਾ ਹਿੱਸਾ ਦਲਦਲ ’ਚ ਤਬਦੀਲ ਹੋ ਗਿਆ ਹੈ। ਪਾਣੀ ਦੇ ਉੱਪਰ ਘਾਹ ਉੱਗ ਆਈ ਹੈ ਤੇ ਹੇਠਾਂ ਜ਼ਮੀਨ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਹਾਲਾਤ ਗੰਭੀਰ ਹੋ ਗਏ ਹਨ। ਸਭ ਤੋਂ ਵੱਡੀ ਮੁਸ਼ਕਲ ਇਸ ਲਈ ਵਧ ਗਈ ਹੈ, ਕਿਉਂਕਿ ਨਵਰਾਤਰੀ ਦੌਰਾਨ ਇਸੇ ਸਥਾਨ ’ਤੇ ਨੌਂ ਦਿਨਾਂ ਤੱਕ ਭਵਿਆ ਨੌਜਵਾਨ ਸ੍ਰੀ ਦੁਰਗਾ ਪੂਜਾ ਸਮਾਗਮ ਕਰਵਾਇਆ ਜਾਣਾ ਹੈ। ਪੂਜਾ ਕਮੇਟੀ ਦੇ ਮੈਂਬਰ ਸਮਾਰੋਹ ਵਾਲੀ ਥਾਂ ਨੂੰ ਤਿਆਰ ਕਰਨ ਲਈ ਸਫ਼ਾਈ ਮੁਹਿੰਮ ਵਿੱਚ ਜੁਟੇ ਹੋਏ ਹਨ, ਪਰ ਗਰਾਊਂਡ ’ਚ ਮੁੜ ਇਕੱਠੇ ਹੋਏ ਗੰਦੇ ਪਾਣੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
-ਬਾਕਸ-
-ਸੜਕ ’ਤੇ ਸੀਵਰੇਜ ਲਾਈਨ, ਫਿਰ ਵੀ ਕੁਨੈਕਸ਼ਨ ਨਹੀਂ
ਇਲਾਕਾ ਵਾਸੀਆਂ ਅਨੁਸਾਰ ਜਿਸ ਸੜਕ ਦੇ ਆਸ-ਪਾਸ ਇਹ ਵੱਡੇ ਬੇਹੜੇ ਬਣੇ ਹੋਏ ਹਨ, ਉੱਥੇ ਸੀਵਰੇਜ ਦੀ ਲਾਈਨ ਮੌਜੂਦ ਹੈ। ਇਸ ਦੇ ਬਾਵਜੂਦ ਕਈ ਬੇਹੜਿਆਂ ਦੇ ਸੀਵਰੇਜ ਦੇ ਢੁੱਕਵੇਂ ਕੁਨੈਕਸ਼ਨ ਨਹੀਂ ਕਰਵਾਏ ਗਏ। ਇਸ ਕਾਰਨ ਗੰਦਾ ਪਾਣੀ ਖੁੱਲ੍ਹੀਆਂ ਥਾਵਾਂ ਅਤੇ ਗਰਾਊਂਡ ਵੱਲ ਛੱਡਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਲੋਕਾਂ ਦਾ ਸਵਾਲ ਹੈ ਕਿ ਜਦੋਂ ਸੜਕ ’ਤੇ ਸੀਵਰੇਜ ਲਾਈਨ ਮੌਜੂਦ ਹੈ ਤਾਂ ਬੇਹੜਿਆਂ ਦਾ ਪਾਣੀ ਇਸ ਵਿੱਚ ਪਾਉਣ ਲਈ ਨਿਯਮਾਂ ਅਨੁਸਾਰ ਕੁਨੈਕਸ਼ਨ ਕਿਉਂ ਨਹੀਂ ਕਰਵਾਏ ਗਏ।
ਸਥਾਨਕ ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਮਕਾਨ ਮਾਲਕ ਬੇਹੜਿਆਂ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਤੋਂ ਕਿਰਾਇਆ ਅਤੇ ਹੋਰ ਖਰਚਿਆਂ ਦੇ ਨਾਮ ’ਤੇ ਪੈਸੇ ਵਸੂਲ ਰਹੇ ਹਨ, ਪਰ ਇਸ ਦੇ ਬਦਲੇ ਬੁਨਿਆਦੀ ਸਹੂਲਤਾਂ ਨਾਕਾਫ਼ੀ ਹਨ। ਸੀਵਰੇਜ ਪ੍ਰਬੰਧ ਖ਼ਰਾਬ ਹੋਣ ਕਾਰਨ ਗੰਦਾ ਪਾਣੀ ਖੁੱਲ੍ਹੇ ਵਿੱਚ ਛੱਡੇ ਜਾਣ ਨਾਲ ਆਸ-ਪਾਸ ਦੇ ਲੋਕਾਂ ਨੂੰ ਬਦਬੂ ਅਤੇ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਲੰਬੇ ਸਮੇਂ ਤੱਕ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਇਲਾਕੇ ਵਿੱਚ ਬਦਬੂ ਦੀ ਸਮੱਸਿਆ ਬਣੀ ਰਹੀ ਸੀ ਅਤੇ ਕਈ ਲੋਕਾਂ ਦੇ ਬਿਮਾਰ ਹੋਣ ਦੀ ਗੱਲ ਸਾਹਮਣੇ ਆਈ ਸੀ।
-ਬਾਕਸ-
-ਮੋਟਰ ਲਾ ਕੇ ਪਾਣੀ ਬਾਹਰ ਕੱਢ ਰਹੇ ਪ੍ਰਬੰਧਕ
ਨੌਜਵਾਨ ਸ੍ਰੀ ਦੁਰਗਾ ਪੂਜਾ ਸਮਾਰੋਹ ਦੇ ਪ੍ਰਧਾਨ ਸੁਗਰੀਵ ਮਿਸ਼ਰਾ ਅਤੇ ਉਪ-ਪ੍ਰਧਾਨ ਨਰਿੰਦਰ ਭਾਰਦਵਾਜ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸੇ ਸਥਾਨ ’ਤੇ ਦੁਰਗਾ ਪੂਜਾ ਸਮਾਗਮ ਕਰਵਾਇਆ ਜਾ ਰਿਹਾ ਹੈ। ਹਰ ਸਾਲ ਕਮੇਟੀ ਦੇ ਮੈਂਬਰ ਮਿਲ ਕੇ ਸਫ਼ਾਈ ਮੁਹਿੰਮ ਚਲਾਉਂਦੇ ਹਨ, ਪਰ ਇਸ ਵਾਰ ਸੀਵਰੇਜ ਦਾ ਪਾਣੀ ਵੱਡੀ ਮਾਤਰਾ ਵਿੱਚ ਇਕੱਠਾ ਹੋਣ ਕਾਰਨ ਕਾਫ਼ੀ ਮੁਸ਼ਕਲ ਆ ਰਹੀ ਹੈ। ਕਮੇਟੀ ਆਪਣੇ ਪੱਧਰ ’ਤੇ ਮੋਟਰ ਲਾ ਕੇ ਗਰਾਊਂਡ ਵਿੱਚੋਂ ਪਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।
ਆਯੋਜਕਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਮੌਕੇ ਦਾ ਨਿਰੀਖਣ ਕਰਕੇ ਗਰਾਊਂਡ ਵਿੱਚ ਸੀਵਰੇਜ ਦਾ ਪਾਣੀ ਛੱਡਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇ ਅਤੇ ਬੇਹੜਿਆਂ ਦੇ ਸੀਵਰੇਜ ਕੁਨੈਕਸ਼ਨ ਕਰਵਾਏ ਜਾਣ, ਤਾਂ ਜੋ ਨਵਰਾਤਰੀ ਤੋਂ ਪਹਿਲਾਂ ਮੈਦਾਨ ਨੂੰ ਸਾਫ਼ ਅਤੇ ਸੁਰੱਖਿਅਤ ਬਣਾਇਆ ਜਾ ਸਕੇ।
-ਬਾਕਸ-
-ਕੀ ਕਹਿੰਦੇ ਹਨ ਨਿਗਮ ਕਮਿਸ਼ਨਰ
ਇਸ ਸਬੰਧੀ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਤੁਰੰਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ’ਚ ਪਾਣੀ ਦੀ ਸਮੱਸਿਆ ਦੀ ਜਾਂਚ ਕਰਵਾਉਣ ਦੇ ਨਾਲ-ਨਾਲ ਵਿਹੜਿਆਂ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ, ਜੇਕਰ ਜਾਂਚ ਦੌਰਾਨ ਉਨ੍ਹਾਂ ਦੀ ਭੂਮਿਕਾ ਸਾਹਮਣੇ ਆਉਂਦੀ ਹੈ। ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਦੂਸ਼ਿਤ ਪਾਣੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਲੁੜੀਂਦੇ ਨਿਰਦੇਸ਼ ਦਿੱਤੇ ਜਾਣਗੇ।