ਲੁਧਿਆਣਾ 'ਚ ਸਨਸਨੀਖ਼ੇਜ਼ ਕਾਂਡ : ਤਸੀਹੇ ਦੇ ਕੇ ਮਹਿਲਾ ਦਾ ਕਤਲ, ਪਤੀ ਤੇ ਨਸ਼ੇੜੀ ਪੁੱਤਰ ਖ਼ਿਲਾਫ਼ ਮਾਮਲਾ ਦਰਜ; ਪਤੀ ਗ੍ਰਿਫ਼ਤਾਰ
ਘਟਨਾ ਤੋਂ ਪਹਿਲਾਂ ਔਰਤ ਦੇ ਪਤੀ ਵੱਲੋਂ ਭੇਜੀ ਗਈ ਵੀਡੀਓ ਵਿੱਚ ਔਰਤ ਦੇ ਹੱਥ ’ਤੇ ਸੱਟ ਲੱਗੀ ਹੋਈ ਦਿਖਾਈ ਦੇ ਰਹੀ ਸੀ। ਜਦੋਂ ਭਰਾ ਆਪਣੀ ਭੈਣ ਨੂੰ ਇਲਾਜ ਲਈ ਹਸਪਤਾਲ ਲੈ ਕੇ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਤੀ ਰਵੀਕਾਂਤ ਅਤੇ ਉਸਦੇ ਪੁੱਤਰ ਰੋਹਿਤ ਸ਼ਰਮਾ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ
Publish Date: Sat, 14 Nov 2026 12:25 PM (IST)
Updated Date: Sat, 14 Nov 2026 12:32 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਬੀਆਰਐੱਸ ਨਗਰ ਇਲਾਕੇ ਵਿੱਚ ਇੱਕ ਮਹਿਲਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਿਨੌਣੀ ਕਰਤੂਤ ਨੂੰ ਅੰਜਾਮ ਦੇਣ ਦੇ ਦੋਸ਼ ਕਿਸੇ ਹੋਰ ਤੇ ਨਹੀਂ ਬਲਕਿ ਔਰਤ ਦੇ ਪੁੱਤਰ ਅਤੇ ਉਸਦੇ ਪਤੀ ਤੇ ਲੱਗੇ ਹਨ। ਵਿਆਹ ਦੇ ਕਰੀਬ 25 ਸਾਲ ਬਾਅਦ ਵੀ ਘਰੇਲੂ ਕਲੇਸ਼ ਅਤੇ ਕਥਿਤ ਤਸ਼ੱਦਦ ਤੋਂ ਔਰਤ ਨੂੰ ਰਾਹਤ ਨਹੀਂ ਮਿਲੀ। ਔਰਤ ਦੇ ਭਰਾ ਨੇ ਦੋਸ਼ ਲਾਇਆ ਕਿ ਉਸ ਦਾ ਜੀਜਾ ਉਸ ਦੀ ਭੈਣ ਨੂੰ ਲੰਮੇ ਸਮੇਂ ਤੋਂ ਤੰਗ-ਪਰੇਸ਼ਾਨ ਕਰਨ ਦੇ ਨਾਲ ਉਸ ਦੀ ਕੁੱਟਮਾਰ ਵੀ ਕਰਦਾ ਸੀ। ਇੰਨ੍ਹਾ ਹੀ ਨਹੀਂ ਉਸਦਾ ਪੁੱਤਰ ਵੀ ਨਸ਼ੇ ਦੀ ਗਿਰਫਤ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ।
ਘਟਨਾ ਤੋਂ ਪਹਿਲਾਂ ਔਰਤ ਦੇ ਪਤੀ ਵੱਲੋਂ ਭੇਜੀ ਗਈ ਵੀਡੀਓ ਵਿੱਚ ਔਰਤ ਦੇ ਹੱਥ ’ਤੇ ਸੱਟ ਲੱਗੀ ਹੋਈ ਦਿਖਾਈ ਦੇ ਰਹੀ ਸੀ। ਜਦੋਂ ਭਰਾ ਆਪਣੀ ਭੈਣ ਨੂੰ ਇਲਾਜ ਲਈ ਹਸਪਤਾਲ ਲੈ ਕੇ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਤੀ ਰਵੀਕਾਂਤ ਅਤੇ ਉਸਦੇ ਪੁੱਤਰ ਰੋਹਿਤ ਸ਼ਰਮਾ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕਾ ਨਿਰਮਲਾ ਰਾਣੀ ਦੇ ਭਰਾ ਫਿਰੋਜ਼ਪੁਰ ਦੇ ਵਾਸੀ ਬਲਜੀਤ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਨਿਰਮਲਾ ਰਾਣੀ ਉਰਫ਼ ਅਲਕਾ ਰਾਣੀ ਦਾ ਵਿਆਹ ਕਰੀਬ 25 ਸਾਲ ਪਹਿਲਾਂ ਰਵੀ ਕਾਂਤ ਨਾਲ ਹੋਇਆ ਸੀ। ਉਨ੍ਹਾਂ ਦਾ 22 ਸਾਲ ਦਾ ਇੱਕ ਪੁੱਤਰ ਵੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਭਾਣਜਾ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ਾ ਕਰਨ ਤੋਂ ਬਾਅਦ ਆਪਣੀ ਮਾਂ ਕੋਲੋਂ ਪੈਸੇ ਮੰਗਦਾ ਸੀ। ਇਸ ਕਾਰਨ ਉਹ ਆਪਣੀ ਮਾਂ ਨੂੰ ਕਾਫ਼ੀ ਤੰਗ-ਪਰੇਸ਼ਾਨ ਕਰਦਾ ਸੀ।
ਬਲਜੀਤ ਕੁਮਾਰ ਨੇ ਦੋਸ਼ ਲਾਇਆ ਕਿ ਵਿਆਹ ਤੋਂ ਕੁਝ ਸਾਲ ਬਾਅਦ ਉਸ ਦਾ ਜੀਜਾ ਰਵੀ ਕਾਂਤ ਵੀ ਉਸ ਦੀ ਭੈਣ ਨੂੰ ਤੰਗ-ਪਰੇਸ਼ਾਨ ਕਰਨ ਲੱਗ ਪਿਆ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਇਸੇ ਦੌਰਾਨ ਸਵੇਰ ਵੇਲੇ ਰਵੀ ਕਾਂਤ ਨੇ ਉਸ ਦੀ ਪਤਨੀ ਦੇ ਫੋਨ ’ਤੇ ਇੱਕ ਵੀਡੀਓ ਭੇਜੀ, ਜਿਸ ਵਿੱਚ ਉਸ ਦੀ ਭੈਣ ਦੇ ਹੱਥ ’ਤੇ ਸੱਟ ਲੱਗੀ ਹੋਈ ਦਿਖਾਈ ਦੇ ਰਹੀ ਸੀ।
ਵੀਡੀਓ ਮਿਲਣ ਤੋਂ ਬਾਅਦ ਬਲਜੀਤ ਕੁਮਾਰ ਆਪਣੀ ਭੈਣ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਿਆ ਪਰ ਉੱਥੇ ਪਹੁੰਚਣ ’ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦਾ ਕਤਲ ਕੁੱਟਮਾਰ ਕਰਨ ਅਤੇ ਕੋਈ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਹੋਇਆ ਹੈ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਰਵੀ ਕਾਂਤ ਅਤੇ ਰੋਹਿਤ ਸ਼ਰਮਾ ਖ਼ਿਲਾਫ਼ ਧਾਰਾ 103(2), 3(5) ਬੀਐਨਐਸ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮੁਲਜ਼ਮ ਰਵੀ ਕਾਂਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।