ਲੁਧਿਆਣਾ ’ਚ ਸਨਸਨੀਖੇਜ਼ ਵਾਰਦਾਤ: ਕਾਰ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਵਿਅਕਤੀ ਦੀ ਹੱਤਿਆ, ਘੇਰ ਕੇ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ, ਮੌਕੇ ’ਤੇ ਹੀ ਤੋੜਿਆ ਦਮ
ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਰਾਤ ਸਮੇਂ ਆਪਣੇ ਇੱਕ ਦੋਸਤ ਦੀ ਐਕਟਿਵਾ ਉਸਦੇ ਘਰ ਛੱਡਣ ਲਈ ਗਿਆ ਸੀ। ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ 5 ਤੋਂ 6 ਵਿਅਕਤੀਆਂ ਨੇ ਉਸਨੂੰ ਘੇਰ ਲਿਆ। ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਤੋਂ ਬਾਅਦ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ’ਚ ਹਰਜਿੰਦਰ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ।
Publish Date: Sat, 08 Aug 2026 11:35 AM (IST)
Updated Date: Sat, 08 Aug 2026 11:38 AM (IST)
ਸੁਸ਼ੀਲ ਕੁਮਾਰ ਸ਼ਸ਼ੀ , ਪੰਜਾਬੀ ਜਾਗਰਣ, ਲੁਧਿਆਣਾ। ਸ਼ਹਿਰ ’ਚ ਦੇਰ ਰਾਤ ਵਾਪਰੀ ਗੋਲੀਬਾਰੀ ਦੀ ਘਟਨਾ ਨੇ ਇਲਾਕੇ ’ਚ ਦਹਿਸ਼ਤ ਪੈਦਾ ਕਰ ਦਿੱਤੀ। ਸੁਭਾਸ਼ ਨਗਰ ਦੇ ਕੋਲ ਪੈਂਦੇ ਸੁੰਦਰ ਨਗਰ ਇਲਾਕੇ ਵਿੱਚ ਇੱਕ 25 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਰਾਤ ਸਮੇਂ ਆਪਣੇ ਇੱਕ ਦੋਸਤ ਦੀ ਐਕਟਿਵਾ ਉਸਦੇ ਘਰ ਛੱਡਣ ਲਈ ਗਿਆ ਸੀ। ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ 5 ਤੋਂ 6 ਵਿਅਕਤੀਆਂ ਨੇ ਉਸਨੂੰ ਘੇਰ ਲਿਆ। ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਤੋਂ ਬਾਅਦ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ’ਚ ਹਰਜਿੰਦਰ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਹਮਲਾਵਰ ਕਾਰ ’ਚ ਸਵਾਰ ਹੋ ਕੇ ਉਥੋਂ ਫਰਾਰ ਹੋ ਗਏ। ਫਾਇਰਿੰਗ ਦੀ ਆਵਾਜ਼ ਸੁਣਦੇ ਹੀ ਇਲਾਕੇ ਵਿੱਚ ਤਰਥੱਲੀ ਮਚ ਗਈ। ਸੂਚਨਾ ਮਿਲਣ ’ਤੇ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕਰਨ ਦੇ ਨਾਲ ਜਾਂਚ ਸ਼ੁਰੂ ਕੀਤੀ।
ਸੀ.ਸੀ.ਟੀ.ਵੀ. ਫੁਟੇਜ ਬਣੇਗੀ ਜਾਂਚ ਦਾ ਅਹਿਮ ਆਧਾਰ
ਘਟਨਾ ਸਬੰਧੀ ਸਾਹਮਣੇ ਆਈ ਸੀ.ਸੀ.ਟੀ.ਵੀ. ਫੁਟੇਜ ’ਚ ਇੱਕ ਵਿਅਕਤੀ ਵੱਲੋਂ ਹਰਜਿੰਦਰ ਸਿੰਘ ਨਾਲ ਕੁੱਟਮਾਰ ਕਰਦੇ ਹੋਏ ਦਿਖਾਈ ਦੇਣ ਦੀ ਗੱਲ ਸਾਹਮਣੇ ਆਈ ਹੈ। ਇਸੇ ਦੌਰਾਨ ਗੋਲੀਬਾਰੀ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਪੁਲਿਸ ਵੱਲੋਂ ਇਲਾਕੇ ਦੇ ਹੋਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਘਟਨਾ ਤੋਂ ਬਾਅਦ ਕਾਰ ਵਿੱਚ ਫਰਾਰ ਹੋਏ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।
ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਪੁੱਤ ਸੀ ਹਰਜਿੰਦਰ
ਹਰਜਿੰਦਰ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਪੁੱਤ ਦੱਸਿਆ ਜਾ ਰਿਹਾ ਹੈ। ਪਰਿਵਾਰਕ ਜਾਣਕਾਰੀ ਮੁਤਾਬਕ ਉਸਦੇ ਪਿਤਾ ਆਟੋ ਚਲਾਉਂਦੇ ਹਨ, ਜਦਕਿ ਉਸਦੀ ਮਾਤਾ ਹਾਊਸਵਾਈਫ਼ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹਮਲੇ ਦੇ ਕਾਰਨਾਂ ਅਤੇ ਮੁਲਜ਼ਮਾਂ ਦੀ ਪਛਾਣ ਸਬੰਧੀ ਪੁਲਿਸ ਵੱਲੋਂ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਜਾਰੀ ਹੈ।